ਸੁਖਮਨੀ ਸਾਹਿਬ(ਭਾਗ 27)
ਸਲੋਕੁ ॥
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥
ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥1॥
ਅਰਥ:-
ਪ੍ਰਭੂ ਦਾ ਨਾ ਕੋਈ ਰੂਪ ਹੈ, ਨਾ ਚਿਹਨ-ਚੱਕਰ ਹੈ ਤੇ ਨਾ ਹੀ ਕੋਈ ਰੰਗ ਹੈ, ਪ੍ਰਭੂ ਮਾਇਆ ਦੇ ਤਿੰਨਾਂ ਗੁਣਾਂ ਤੋਂ ਬੇ-ਦਾਗ ਹੈ, ਹੇ ਨਾਨਕ, ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ, ਜਿਸ ਤੇ ਆਪ ਮਿਹਰਬਾਨ ਹੁੰਦਾ ਹੈ।1।
ਅਸਟਪਦੀ ॥
ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ॥ ਮਾਨੁਖ ਕੀ ਤੂ ਪ੍ਰੀਤਿ ਤਿਆਗੁ ॥
ਤਿਸ ਤੇ ਪਰੈ ਨਾਹੀ ਕਿਛੁ ਕੋਇ ॥ ਸਰਬ ਨਿਰੰਤਰਿ ਏਕੋ ਸੋਇ ॥
ਆਪੇ ਬੀਨਾ ਆਪੇ ਦਾਨਾ ॥ ਗਹਿਰ ਗੰਭੀਰੁ ਗਹੀਰੁ ਸੁਜਾਨਾ ॥
ਪਾਰਬ੍ਰਹਮ ਪਰਮੇਸੁਰ ਗੋਬਿੰਦ ॥ ਕ੍ਰਿਪਾ ਨਿਧਾਨ ਦਇਆਲ ਬਖਸੰਦ ॥
ਸਾਧ ਤੇਰੇ ਕੀ ਚਰਨੀ ਪਾਉ ॥ ਨਾਨਕ ਕੈ ਮਨਿ ਇਹੁ ਅਨਰਾਉ ॥1॥
ਹੇ ਭਾਈ, ਮਨੁੱਖ ਦਾ ਮੋਹ ਛੱਡ ਕੇ, ਅਕਾਲ-ਪੁਰਖ ਨੂੰ ਆਪਣੇ ਮਨ ਵਿਚ ਸੰਭਾਲ। ਸਭ ਜੀਵਾਂ, ਸਭ ਚੀਜ਼ਾਂ, ਸਭ ਥਾਵਾਂ ਵਿਚ ਪ੍ਰਭੂ ਹੀ ਰਮਿਆ ਹੋਇਆ ਹੈ, ਉਸ ਤੋਂ ਬਾਹਰਾ ਕੋਈ ਜੀਵ ਨਹੀਂ, ਕੋਈ ਚੀਜ਼ ਨਹੀਂ। ਪ੍ਰਭੂ ਬਹੁਤ ਡੂੰਘਾ ਹੈ, ਗੰਭੀਰ ਅਤੇ ਸਿਆਣਾ ਹੈ, ਉਹ ਆਪ ਹੀ ਜੀਵਾਂ ਦੇ ਦਿਲ ਦੀ ਜਾਨਣ ਵਾਲਾ ਹੈ, ਪਛਾਨਣ ਵਾਲਾ ਹੈ।
ਹੇ ਪਾਰਬ੍ਰਹਮ ਪ੍ਰਭੂ, ਸਭ ਦੇ ਵੱਡੇ ਮਾਲਕ, ਜੀਵਾਂ ਦੇ ਪਾਲਣ ਵਾਲੇ, ਕਿਰਪਾਲਤਾ ਦੇ ਖਜਾਨੇ, ਦਇਆ ਦੇ ਘਰ ਤੇ ਬਖਸ਼ਣਹਾਰ। ਨਾਨਕ ਦੇ ਮਨ ਵਿਚ ਇਹ ਤਾਂਘ ਹੈ ਕਿ ਮੈਂ ਤੇਰੇ ਸਾਧਾਂ ਦੇ ਚਰਣੀ ਪਵਾਂ, ਨਿਮਰਤਾ ਸਹਿਤ ਉਨ੍ਹਾਂ ਦੀ ਸਤ-ਸੰਗਤ ਦਾ ਹਿੱਸਾ ਬਣਾਂ।1।
ਮਨਸਾ ਪੂਰਨ ਸਰਨਾ ਜੋਗ ॥ ਜੋ ਕਰਿ ਪਾਇਆ ਸੋਈ ਹੋਗੁ ॥
ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥ ਤਿਸ ਕਾ ਮੰਤ੍ਰੁ ਨ ਜਾਨੈ ਹੋਰੁ ॥
ਅਨਦ ਰੂਪ ਮੰਗਲ ਸਦ ਜਾ ਕੈ ॥ ਸਰਬ ਥੋਕ ਸੁਨੀਅਹਿ ਘਰਿ ਤਾ ਕੈ ॥
ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥ ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥
ਧਿਆਇ ਧਿਆਇ ਭਗਤਹ ਸੁਖੁ ਪਾਇਆ ॥ ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥2॥
ਪ੍ਰਭੂ, ਜੀਵਾਂ ਦੇ ਮਨ ਦੇ ਫੁਰਨੇ ਪੂਰੇ ਕਰਨ ਤੇ ਸਰਨ ਆਇਆਂ ਦੀ ਸਹਾਇਤਾ ਕਰਨ ਦੇ ਸਮਰੱਥ ਹੈ। ਜੋ ਉਸ ਨੇ ਜੀਵਾਂ ਦੇ ਹੱਥ ਉੱਤੇ ਲਿਖ ਦਿੱਤਾ ਹੈ, ਉਹੀ ਹੁੰਦਾ ਹੈ। ਜਿਸ ਪ੍ਰਭੂ ਲਈ ਅੱਖ ਫਰਕਣ ਦਾ ਸਮਾ, ਜਗਤ ਦੇ ਪਾਲਣ ਲਈ ਅਤੇ ਨਾਸ ਕਰਨ ਲਈ ਕਾਫੀ ਹੈ, ਉਸ ਦਾ ਗੁਝਾ ਭੇਤ ਕੋਈ ਹੋਰ ਜੀਵ ਨਹੀਂ ਜਾਣਦਾ। ਜਿਸ ਪ੍ਰਭੂ ਦੇ ਘਰ ਵਿਚ ਸਦਾ ਆਨੰਦ ਤੇ ਖੁਸ਼ੀਆਂ ਹਨ, ਜਗਤ ਦੇ ਸਾਰੇ ਪਦਾਰਥ, ਉਸ ਦੇ ਘਰ ਵਿਚ ਸੁਣੀਂਦੇ ਹਨ।
ਰਾਜਿਆਂ ਵਿਚ ਪ੍ਰਭੂ ਆਪ ਹੀ ਰਾਜਾ ਹੈ, ਜੋਗੀਆਂ ਵਿਚ ਆਪ ਹੀ ਜੋਗੀ ਹੈ, ਤਪੀਆਂ ਵਿਚ ਆਪ ਹੀ ਵੱਡਾ ਤਪੀ ਹੈ ਤੇ ਗ੍ਰ੍ਰਿਹਸਤੀਆਂ ਵਿਚ ਵੀ ਆਪ ਹੀ ਵੱਡਾ ਗ੍ਰਿਹਸਤੀ ਹੈ। ਭਗਤ ਜਨਾ ਨੇ ਉਸ ਪ੍ਰਭੂ ਨੂੰ ਸਿਮਰ ਸਿਮਰ ਕੇ ਸੁਖ ਲਿਆ ਹੈ। ਹੇ ਨਾਨਕ, ਕਿਸੇ ਜੀਵ ਨੇ ਉਸ ਅਕਾਲ-ਪੁਰਖ ਦਾ ਅੰਤ ਨਹੀਂ ਪਾਇਆ।2।
ਜਾ ਕੀ ਲੀਲਾ ਕੀ ਮਿਤਿ ਨਾਹਿ ॥ ਸਗਲ ਦੇਵ ਹਾਰੇ ਅਵਗਾਹਿ ॥
ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥ ਸਗਲ ਪਰੋਈ ਅਪੁਨੈ ਸੂਤਿ ॥
ਸੁਮਤਿ ਗਿਆਨੁ ਧਿਆਨੁ ਜਿਨ ਦੇਇ ॥ ਜਨ ਦਾਸ ਨਾਮੁ ਧਿਆਵਹਿ ਸੇਇ ॥
ਤਿਹੁ ਗੁਣ ਮਹਿ ਜਾ ਕਉ ਭਰਮਾਏ ॥ ਜਨਮਿ ਮਰੈ ਫਿਰਿ ਆਵੈ ਜਾਏ ॥
ਊਚ ਨੀਚ ਤਿਸ ਕੇ ਅਸਥਾਨ ॥ ਜੈਸਾ ਜਨਾਵੈ ਤੈਸਾ ਨਾਨਕ ਜਾਨ ॥3॥
ਜਿਸ ਪ੍ਰਭੂ ਦੀ ਜਗਤ ਰੂਪ ਖੇਡ ਦਾ ਲੇਖਾ-ਜੋਖਾ ਕੋਈ ਨਹੀਂ ਕਰ ਸਕਦਾ, ਉਸ ਨੂੰ ਖੋਜ ਖੋਜ ਕੇ ਸਾਰੇ ਦੇਵਤੇ ਵੀ ਥੱਕ ਗਏ ਹਨ, ਕਿਉਂਕਿ ਪਿਉ ਦੇ ਜਨਮ ਬਾਰੇ ਪੁਤ੍ਰ ਕੀ ਜਾਣਦਾ ਹੈ ? ਜਿਵੇਂ ਮਾਲਾ ਦੇ ਮਣਕੇ, ਧਾਗੇ ਵਿਚ ਪਰੋਏ ਹੁੰਦੇ ਹਨ, ਤਿਵੇਂ ਸਾਰੀ ਰਚਨਾ ਪ੍ਰਭੂ ਨੇ ਆਪਣੇ ਹੁਕਮ ਰੂਪ ਧਾਗੇ ਵਿਚ ਪਰੋ ਰੱਖੀ ਹੈ। ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਸੋਹਣੀ ਮੱਤ, ਉੱਚੀ ਸਮਝ ਤੇ ਸੁਰਤ ਜੋੜਨ ਦੀ ਦਾਤ ਦੇਂਦਾ ਹੈ, ਉਹੀ ਸੇਵਕ ਤੇ ਦਾਸ ਉਸ ਦਾ ਨਾਮ ਸਿਮਰਦੇ ਹਨ। ਪਰ ਜਿਨ੍ਹਾਂ ਨੂੰ ਮਾਇਆ ਦੇ ਤਿੰਨਾਂ ਗੁਣਾਂ ਵਿਚ ਭਵਾਉਂਦਾ ਹੈ, ਉਹ ਜੰਮਦੇ ਮਰਦੇ ਰਹਿੰਦੇ ਹਨ, ਜਗਤ ਵਿਚ ਮੁੜ ਮੁੜ ਕੇ ਆਉਂਦੇ ਅਤੇ ਜਾਂਦੇ ਰਹਿੰਦੇ ਹਨ। ਸੋਹਣੀ ਮੱਤ ਵਾਲੇ, ਉੱਚੇ ਬੰਦਿਆਂ ਦੇ ਹਿਰਦੇ ਵਿਚ, ਤ੍ਰਿਗੁਣੀ ਨੀਚ ਬੰਦਿਆਂ ਦੇ ਮਨ ਵਿਚ, ਸਾਰੇ ਉਸ ਪ੍ਰਭੂ ਦੇ ਆਪਣੇ ਹੀ ਟਿਕਾਣੇ ਹਨ, ਸਭ ਵਿਚ ਆਪ ਹੀ ਵਸਦਾ ਹੈ। ਹੇ ਨਾਨਕ, ਜੈਸੀ ਮੱਤ-ਬੁੱਧ ਦੇਂਦਾ ਹੈ, ਤਿਹੋ ਜਿਹੀ ਸਮਝ ਵਾਲਾ ਜੀਵ ਬਣ ਜਾਂਦਾ ਹੈ।3।
ਨਾਨਾ ਰੂਪ ਨਾਨਾ ਜਾ ਕੇ ਰੰਗ ॥ ਨਾਨਾ ਭੇਖ ਕਰਹਿ ਇਕ ਰੰਗ ॥
ਨਾਨਾ ਬਿਧਿ ਕੀਨੋ ਬਿਸਥਾਰੁ ॥ ਪ੍ਰਭੁ ਅਬਿਨਾਸੀ ਏਕੰਕਾਰੁ ॥
ਨਾਨਾ ਚਲਿਤ ਕਰੇ ਖਿਨ ਮਾਹਿ ॥ ਪੂਰਿ ਰਹਿਓ ਪੂਰਨੁ ਸਭ ਠਾਇ ॥
ਨਾਨਾ ਬਿਧਿ ਕਰਿ ਬਨਤ ਬਨਾਈ ॥ ਅਪਨੀ ਕੀਮਤਿ ਆਪੇ ਪਾਈ ॥
ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ॥ ਜਪਿ ਜਪਿ ਜੀਵੈ ਨਾਨਕ ਹਰਿ ਨਾਉ ॥4॥
ਪ੍ਰਭੂ , ਜਿਸ ਦੇ ਕਈ ਰੂਪ ਤੇ ਰੰਗ ਹਨ, ਕਈ ਭੇਖ ਧਾਰਦਾ ਹੈ, ਤੇ ਫਿਰ ਵੀ ਇਕੋ ਤਰ੍ਹਾਂ ਦਾ ਹੈ। ਪ੍ਰਭੂ ਨਾਸ-ਰਹਿਤ ਹੈ, ਤੇ ਸਭ ਥਾਈਂ ਇਕ ਆਪ ਹੀ ਆਪ ਹੈ, ਉਸ ਨੇ ਜਗਤ ਦਾ ਪਸਾਰਾ ਕਈ ਤਰੀਕਿਆਂ ਨਾਲ ਕੀਤਾ ਹੈ। ਪ੍ਰਭੂ ਕਈ ਤਮਾਸ਼ੇ ਪਲ ਵਿਚ ਕਰ ਦੇਂਦਾ ਹੈ, ਉਹ ਪੂਰਨ-ਪੁਰਖ ਸਭ ਥਾਈਂ ਰਮਿਆ ਹੋਇਆ ਹੈ। ਜਗਤ ਦੀ ਰਚਨਾ ਪ੍ਰਭੂ ਨੇ ਕਈ ਤਰੀਕਿਆਂ ਨਾਲ ਰਚੀ ਹੈ, ਆਪਣੀ ਵਡਿਆਈ ਦਾ ਮੁੱਲ ਉਹ ਆਪ ਹੀ ਜਾਣਦਾ ਹੈ। ਸਾਰੇ ਸਰੀਰ ਉਸ ਪ੍ਰਭੂ ਦੇ ਹੀ ਹਨ, ਸਾਰੇ ਥਾਂ ਉਸ ਦੇ ਹੀ ਹਨ। ਨਾਨਕ, ਉਸ ਦਾ ਦਾਸ ਉਸ ਦਾ ਨਾਮ ਜਪ ਜਪ ਕੇ ਹੀ ਜਿਊਂਦਾ ਹੈ।4।
ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥
ਨਾਮ ਕੇ ਧਾਰੇ ਆਗਾਸ ਪਾਤਾਲ ॥ ਨਾਮ ਕੇ ਧਾਰੇ ਸਗਲ ਆਕਾਰ ॥
ਨਾਮ ਕੇ ਧਾਰੇ ਪੁਰੀਆ ਸਭ ਭਵਨ ॥ ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥ ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥5॥
ਸਾਰੇ ਜੀਅ-ਜੰਤ, ਅਕਾਲ-ਪੁਰਖ ਦੇ ਆਸਰੇ ਹੀ ਹਨ, ਬ੍ਰਹਮੰਡ ਦੇ ਸਾਰੇ ਹਿੱਸੇ ਵੀ ਪ੍ਰਭੂ ਦੇ ਹੀ ਟਿਕਾਏ ਹੋਏ ਹਨ। ਵੇਦ, ਪੁਰਾਨ, ਸਿਮ੍ਰਿਤੀਆਂ ਪ੍ਰਭੂ ਦੇ ਅਧਾਰ ਤੇ ਹਨ, ਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤ ਜੋੜਨੀ ਵੀ ਅਕਾਲ-ਪੁਰਖ ਦੇ ਆਸਰੇ ਹੀ ਹੈ। ਸਾਰੇ ਆਕਾਸ਼ ਪਾਤਾਲ ਪ੍ਰਭੂ-ਆਸਰੇ ਹਨ, ਸਾਰੇ ਸਰੀਰ ਹੀ ਪ੍ਰਭੂ ਦੇ ਅਧਾਰ ਤੇ ਹਨ। ਤਿੰਨੇ ਭਵਨ ਤੇ ਚੌਦਹ ਲੋਕ ਅਕਾਲ-ਪੁਰਖ ਦੇ ਟਿਕਾਏ ਹੋਏ ਨੇ, ਜੀਵ ਪ੍ਰਭੂ ਵਿਚ ਜੁੜ ਕੇ ਤੇ ਉਸ ਦਾ ਨਾਮ ਕੰਨੀ ਸੁਣ ਕੇ ਵਿਕਾਰਾਂ ਤੋਂ ਬਚਦੇ ਹਨ। ਪ੍ਰਭੂ, ਮਿਹਰ ਕਰ ਕੇ ਜਿਸ ਨੂੰ ਵੀ ਆਪਣੇ ਨਾਮ ਨਾਲ ਜੋੜਦਾ ਹੈ, ਹੇ ਨਾਨਕ, ਉਹ ਮਨੁੱਖ ਮਾਇਆ ਦੇ ਅਸਰ ਤੋਂ ਪਰਲੇ, ਚੌਥੇ ਦਰਜੇ ਵਿਚ ਅੱਪੜ ਕੇ, ਉੱਚੀ ਅਵਸਥਾ ਪਰਾਪਤ ਕਰਦਾ ਹੈ।5।
ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥ ਪੁਰਖੁ ਸਤਿ ਕੇਵਲ ਪਰਧਾਨੁ ॥
ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥ ਸਤਿ ਪੁਰਖ ਸਭ ਮਾਹਿ ਸਮਾਣੀ ॥
ਸਤਿ ਕਰਮੁ ਜਾ ਕੀ ਰਚਨਾ ਸਤਿ ॥ ਮੂਲੁ ਸਤਿ ਸਤਿ ਉਤਪਤਿ ॥
ਸਤਿ ਕਰਣੀ ਨਿਰਮਲ ਨਿਰਮਲੀ ॥ ਜਿਸਹਿ ਬੁਝਾਏ ਤਿਸਹਿ ਸਭ ਭਲੀ ॥
ਸਤਿ ਨਾਮੁ ਪ੍ਰਭ ਕਾ ਸੁਖਦਾਈ ॥ ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥6॥
ਜਿਸ ਪ੍ਰਭੂ ਦਾ ਰੂਪ ਤੇ ਟਿਕਾਣਾ ਸਦਾ ਕਾਇਮ ਰਹਣ ਵਾਲੇ ਹਨ, ਕੇਵਲ ਉਹੀ ਸਰਬ-ਵਿਆਪਕ ਪ੍ਰਭੂ ਸਭ ਦੇ ਸਿਰ ਤੇ ਹੈ। ਜਿਸ ਸਦਾ-ਅਟੱਲ ਅਕਾਲ-ਪੁਰਖ ਦੀ ਬਾਣੀ ਸਭ ਜੀਵਾਂ ਵਿਚ ਰਮੀ ਹੋਈ ਹੈ, ਜੋ ਪ੍ਰਭੂ ਸਭ ਜੀਵਾਂ ਵਿਚ ਬੋਲ ਰਿਹਾ ਹੈ, ਉਸ ਦੇ ਕੰਮ ਵੀ ਅਟੱਲ ਹਨ। ਜਿਸ ਪ੍ਰਭੂ ਦੀ ਰਚਨਾ ਅਧੂਰੀ ਨਹੀਂ, ਪੂਰੀ ਹੈ, ਜੋ ਸਭ ਦਾ ਮੂਲ-ਸਦਾ ਕਾਇਮ ਰਹਣ ਵਾਲਾ ਹੈ, ਜਿਸ ਦੀ ਪੈਦਾਇਸ਼ ਵੀ ਮੁਕੰਮਲ ਹੈ, ਉਸ ਦੀ ਬਖਸ਼ਿਸ਼ ਸਦਾ ਕਾਇਮ ਹੈ। ਪ੍ਰਭੂ ਦੀ ਰਜ਼ਾ ਮਹਾਂ-ਪਵਿੱਤਰ ਹੈ, ਜਿਸ ਜੀਵ ਨੂੰ ਰਜ਼ਾ ਦੀ ਸਮਝ ਦੇਂਦਾ ਹੈ, ਉਸ ਨੂੰ ਉਹ ਰਜ਼ਾ ਪੂਰਨ ਤੌਰ ਤੇ ਸੁਖਦਾਈ ਲਗਦੀ ਹੈ। ਪ੍ਰਭੂ ਦਾ ਸਦਾ-ਥਿਰ ਰਹਣ ਵਾਲਾ ਨਾਮ ਸੁਖ ਦੇਣ ਵਾਲਾ ਹੈ, ਹੇ ਨਾਨਕ, ਜੀਵ ਨੂੰ ਇਹ ਅਟੱਲ ਸਿਦਕ ਸ਼ਬਦ ਗੁਰ ਤੋਂ ਮਿਲਦਾ ਹੈ।6।
ਸਤਿ ਬਚਨ ਸਾਧੂ ਉਪਦੇਸ ॥ ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥
ਸਤਿ ਨਿਰਤਿ ਬੂਝੈ ਜੇ ਕੋਇ ॥ ਨਾਮੁ ਜਪਤ ਤਾ ਕੀ ਗਤਿ ਹੋਇ ॥
ਆਪਿ ਸਤਿ ਕੀਆ ਸਭੁ ਸਤਿ ॥ ਆਪੇ ਜਾਨੈ ਅਪਨੀ ਮਿਤਿ ਗਤਿ ॥
ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ ॥ ਅਵਰ ਨ ਬੂਝਿ ਕਰਤ ਬੀਚਾਰੁ ॥
ਕਰਤੇ ਕੀ ਮਿਤਿ ਨ ਜਾਨੈ ਕੀਆ ॥ ਨਾਨਕ ਜੋ ਤਿਸੁ ਭਾਵੈ ਸੋ ਵਰਤੀਆ ॥7॥
ਗੁਰੂ ਦਾ ਉਪਦੇਸ਼, ਅਟੱਲ ਬਚਨ ਹਨ, ਜਿਨ੍ਹਾਂ ਦੇ ਹਿਰਦੇ ਵਿਚ, ਇਸ ਉਪਦੇਸ਼ ਦਾ ਪ੍ਰਵੇਸ਼ ਹੁੰਦਾ ਹੈ, ਉਹ ਵੀ ਅਟੱਲ,ਜਨਮ-ਮਰਨ ਤੋਂ ਰਹਿਤ ਹੋ ਜਾਂਦੇ ਹਨ। ਜੇ ਕਿਸੇ ਮਨੁੱਖ ਨੂੰ ਹਮੇਸ਼ਾ ਕਾਇਮ ਰਹਣ ਵਾਲੇ ਪ੍ਰਭੂ ਦੇ ਪਿਆਰ ਦੀ ਸੋਝੀ ਆ ਜਾਵੇ ਤਾਂ ਨਾਮ ਜਪ ਕੇ ਉਹ, ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ। ਪ੍ਰਭੂ ਆਪ ਸਦਾ ਕਾਇਮ ਰਹਣ ਵਾਲਾ ਹੈ, ਉਸ ਵਿਚੋਂ ਪੈਦਾ ਹੋਇਆ ਸੰਸਾਰ ਵੀ ਨਾਸ ਹੋਣ ਵਾਲਾ ਨਹੀਂ, ਪ੍ਰਭੂ ਆਪਣੀ ਅਵਸਥਾ ਤੇ ਮਰਿਆਦਾ ਬਾਰੇ ਵੀ ਆਪ ਹੀ ਜਾਣਦਾ ਹੈ। ਜਿਸ ਪ੍ਰਭੂ ਦਾ ਇਹ ਜਗਤ ਹੈ, ਉਹ ਆਪ ਇਸ ਨੂੰ ਬਨਾਉਣ ਵਾਲਾ ਹੈ, ਕਿਸੇ ਹੋਰ ਨੂੰ ਇਸ ਜਗਤ ਦਾ ਖਿਆਲ ਰੱਖਣ ਵਾਲਾ ਵੀ ਨਾ ਸਮਝੌ। ਕਰਤਾਰ ਦੀ ਬਜ਼ੁਰਗੀ ਦਾ ਅੰਦਾਜ਼ਾ, ਉਸ ਦਾ ਪੈਦਾ ਕੀਤਾ ਬੰਦਾ ਨਹੀਂ ਲਾ ਸਕਦਾ। ਹੇ ਨਾਨਕ, ਉਹੀ ਕੁਝ ਵਰਤਦਾ ਹੈ, ਜੋ ਉਸ ਪ੍ਰਭੂ ਨੂੰ ਚੰਗਾ ਲਗਦਾ ਹੈ।7।
ਬਿਸਮਨ ਬਿਸਮ ਭਏ ਬਿਸਮਾਦ ॥ ਜਿਨਿ ਬੂਝਿਆ ਤਿਸੁ ਆਇਆ ਸ੍ਵਾਦ ॥
ਪ੍ਰਭ ਕੈ ਰੰਗਿ ਰਾਚਿ ਜਨ ਰਹੇ ॥ ਗੁਰ ਕੈ ਬਚਨਿ ਪਦਾਰਥ ਲਹੇ ॥
ਓਇ ਦਾਤੇ ਦੁਖ ਕਾਟਨਹਾਰ ॥ ਜਾ ਕੈ ਸੰਗਿ ਤਰੈ ਸੰਸਾਰ ॥
ਜਨ ਕਾ ਸੇਵਕੁ ਸੋ ਵਡਭਾਗੀ ॥ ਜਨ ਕੈ ਸੰਗਿ ਏਕ ਲਿਵ ਲਾਗੀ ॥
ਗੁਨ ਗੋਬਿਦ ਕੀਰਤਨੁ ਜਨੁ ਗਾਵੈ ॥ ਗੁਰ ਪ੍ਰਸਾਦਿ ਨਾਨਕ ਫਲੁ ਪਾਵੈ ॥8॥16॥
ਜਿਸ ਜਿਸ ਮਨੁੱਖ ਨੇ, ਪ੍ਰਭੂ ਦੀ ਬਜ਼ੁਰਗੀ ਨੂੰ ਸਮਝਿਆ ਹੈ, ਉਸ ਉਸ ਨੂੰ ਆਨੰਦ ਆਇਆ ਹੈ, ਪ੍ਰਭੂ ਦੀ ਵਡਿਆਈ ਤੱਕ ਕੇ ਉਹ, ਬੜੇ ਹੈਰਾਨ ਹੁੰਦੇ ਹਨ ਅਤੇ ਸੋਚੀਂ ਪੈੰਦੇ ਹਨ। ਪ੍ਰਭੂ ਦੇ ਦਾਸ ਪ੍ਰਭੂ ਦੇ ਪਿਆਰ ਵਿਚ ਮਸਤ ਰਹਿੰਦੇ ਹਨ, ਤੇ ਸ਼ਬਦ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਪ੍ਰਭੂ ਦੇ ਨਾਮ ਦੀ ਸੋਝੀ ਹਾਸਲ ਕਰ ਲੈਂਦੇ ਹਨ। ਵੇਲੇ ਨਾਲ ਇਹੀ ਸੇਵਕ, ਆਪ ਨਾਮ ਦੀ ਦਾਤ ਵੰਡਦੇ ਹਨ, ਤੇ ਜੀਵਾਂ ਦੇ ਦੁੱਖ ਕਟਦੇ ਹਨ, ਉਨ੍ਹਾਂ ਦੀ ਸੰਗਤ ਵਿਚ, ਜਗਤ ਦੇ ਜੀਵ, ਸੰਸਾਰ ਸਮੁੰਦਰ ਤੋਂ ਪਾਰ ਲੰਘਦੇ ਹਨ। ਇਹੋ ਜਿਹੇ ਸੇਵਕਾਂ ਦਾ ਜੋ ਸੇਵਕ ਬਣਦਾ ਹੈ, ਉਹ ਵੱਡੇ ਭਾਗਾਂ ਵਾਲਾ ਹੁੰਦਾ ਹੈ, ਉਨ੍ਹਾਂ ਦੀ ਸੰਗਤ ਵਿਚ ਰਿਹਾਂ, ਇਕ ਅਕਾਲ-ਪੁਰਖ ਨਾਲ ਸੁਰਤ ਜੁੜਦੀ ਹੈ। ਪ੍ਰਭੂ ਦਾ ਸੇਵਕ ਪ੍ਰਭੂ ਦੇ ਗੁਣ ਗਾਉਂਦਾ ਹੈ, ਤੇ ਸਿਫਤ-ਸਾਲਾਹ ਕਰਦਾ ਹੈ। ਹੇ ਨਾਨਕ, ਸ਼ਬਦ ਗੁਰੂ ਦੀ ਕਿਰਪਾ ਨਾਲ, ਉਹ ਪ੍ਰਭੂ ਦਾ ਨਾਮ ਰੂਪੀ ਫਲ ਪਾ ਲੈਂਦਾ ਹੈ।8।16।
ਅਮਰ ਜੀਤ ਸਿੰਘ ਚਂਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ(ਭਾਗ 27)
Page Visitors: 82