ਮੇਰੀ ਲਿਖੀ ਜਾ ਰਹੀ ਪੁਸਤਕ :- ਮੇਰੀਆਂ ਹੱਡਬੀਤੀਆਂ ਵਿੱਚੋਂ(ਭਾਗ 2)
ਆਪਣੀ ਕਿਰਤ ਕਮਾਈ ਕਰਕੇ ਪੈਸਾ ਜੋੜੋ, ਜਾਤਾਂ ਧਰਮਾਂ ਆਦਿ ਦੇ ਝਗੜਿਆਂ ਤੋਂ ਬਚੋ।
16 ਨਵੰਬਰ 2001 ਵਿੱਚ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ, 17 ਨਵੰਬਰ ਨੂੰ ਇਹ ਖਬਰ ਅਖਬਾਰਾਂ ਵਿੱਚ ਆ ਗਈ, ਕਿ ਜਥੇਦਾਰ ਵੇਦਾਂਤੀ ਵੱਲੋਂ ਪਾਵਨ ਸਰੂਪ ਕਬਰਾਂ, ਮਜਾਰਾਂ, ਖਾਨਗਾਹਾਂ ਆਦਿ ਤੇ ਲਿਜਾ ਕੇ ਅਖੌਡਪਾਠ ਰੱਖਣ ਦੀ ਮਨਾਹੀ। ਜਦੋਂ ਮੈਂ ਤੇ ਬਾਬਾ ਧਰਮ ਸਿੰਘ ਗ੍ਰੰਥੀ ਨੇ ਲਾਇਬ੍ਰੇਰੀ ਵਿੱਚ ਬੈਠਿਆਂ ਇਹ ਖਬਰ ਵੇਖੀ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਕਿ ਆਪਣੀ ਭੇਜੀ ਚਿੱਠੀ ਤੇ ਜਥੇਦਾਰ ਨੇ ਆਪਣੇ ਲਿਖੇ ਅਨੁਸਾਰ ਹੀ ਹੁਕਮਨਾਮਾ ਜਾਰੀ ਕਰ ਦਿੱਤਾ ਹੈ। ਫਿਰ ਪਿੰਡ ਵਿੱਚ ਬਸੰਤ ਮੁਨੀ ਦੇ ਡੇਰੇ ਤੇ ਰਹਿੰਦੇ ਸਾਧ ਬੋਹੜ ਦਾਸ ਨੇ ਡੇਰੇ ਵਿੱਚ ਪਾਠ ਪ੍ਰਕਾਸ਼ ਕਰਵਾਉਣਾ ਸੀ, ਇਸ ਡੇਰੇ ਵਿੱਚ ਮੂਰਤੀਆਂ ਵੀ ਸਨ, ਜਿੰਨਾ ਵਿੱਚ ਸ੍ਰੀ ਚੰਦ ਦੀ ਵੱਡੀ ਮੂਰਤੀ ਅਤੇ ਸ਼ਿਵਜੀ, ਪਾਰਵਤੀ, ਗਣੇਸ਼ ਆਦਿ ਦੀਆਂ ਛੋਟੀਆਂ ਛੋਟੀਆਂ ਮੂਰਤੀਆਂ ਸਨ, ਇਹਨਾਂ ਛੋਟੀਆਂ ਮੂਰਤੀਆਂ ਬਾਰੇ ਸਾਨੂੰ ਕੋਈ ਜਾਣਕਾਰੀ ਵੀ ਨਹੀਂ ਸੀ, ਸਾਨੂੰ ਤਾਂ ਸਿਰਫ ਸ੍ਰੀ ਚੰਦ ਦੀ ਵੱਡੀ ਮੂਰਤੀ ਦਾ ਹੀ ਪਤਾ ਸੀ, ਉਹ ਅਸੀਂ ਪਹਿਲਾਂ ਹੀ ਡੇਰੇ ਵਿੱਚ ਵੇਖੀ ਹੋਈ ਸੀ। ਮੈਂ ਅਤੇ ਬਾਬਾ ਧਰਮ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਅਨੁਸਾਰ ਇਸ ਡੇਰੇ ਵਿੱਚ ਕਰਵਾਏ ਜਾ ਰਹੇ ਪਾਠ ਦਾ ਵਿਰੋਧ ਕੀਤਾ ਅਤੇ ਇਸ ਸਬੰਧ ਵਿੱਚ ਅਕਾਲ ਤਖਤ, ਧਰਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੋਮਣੀ ਖਾਲਸਾ ਪੰਚਾਇਤ, ਅਖਬਾਰਾਂ, ਸਪੋਕਸਮੈਨ ਮਾਸਿਕ ਨੂੰ ਆਦਿ ਨੂੰ ਚਿੱਠੀ ਪੱਤਰ, ਫੈਕਸ ਆਦਿ ਭੇਜਦੇ ਰਹੇ, ਧਰਮ ਪਰਚਾਰ ਕਮੇਟੀ ਅੰਮ੍ਰਿਤਸਰ ਵੱਲੋਂ ਜਗਤਾਰ ਸਿੰਘ ਜੰਗੀਆਣਾ, ਨਿੱਕਾ ਸਿੰਘ, ਗੁਰਨਾਮ ਸਿੰਘ ਖਿਉਵਾਲਾ ਆਦਿ ਪ੍ਰਚਾਰਕ ਡੇਰੇ ਵਿੱਚ ਭੇਜੇ ਗਏ, ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਵੀ ਪ੍ਰਚਾਰਕ ਸਿੰਘ ਆਉਂਦੇ ਰਹੇ ਜੋ ਵਿੱਚਕਾਰਲਾ ਜਿਹਾ ਰਸਤਾ ਅਪਣਾ ਕੇ ਗੱਲ ਨੂੰ ਅੱਧ ਵਿੱਚਕਾਰ ਹੀ ਛੱਡ ਕੇ ਜਾਂਦੇ ਰਹੇ, ਕਿਉਂਕਿ ਅਕਾਲ ਤਖਤ ਦੇ ਹੁਕਮਨਾਮੇ ਅਨੁਸਾਰ ਤਾਂ ਅਸੀਂ ਸਹੀ ਹੁੰਦੇ ਸੀ, ਪਰ ਇਸ ਪਾਸੇ ਅਸੀਂ ਦੋ ਜਣੇ ਹੀ ਹੁੰਦੇ ਸੀ, ਦੂਜੇ ਪਾਸੇ ਸਾਡੇ ਵਿਰੁੱਧ ਡੇਰੇ ਵਾਲਿਆਂ ਦੇ ਪੱਖ ਵਿੱਚ ਲੋਕ ਜਿਆਦਾ ਹੁੰਦੇ ਸਨ, ਹੁਕਮਨਾਮਾਂ ਲਾਗੂ ਕਰਵਾਉਣ ਆਉਂਦੇ ਪ੍ਰਚਾਰਕ ਡੇਰਾ ਪੱਖੀਆਂ ਦੀ ਬਹੁ ਗਿਣਤੀ ਦੇ ਵਿਰੁੱਧ ਸਹੀ ਫੈਸਲਾ ਲੈਣ ਦੀ ਥਾਂ ਗੱਲ ਨੂੰ ਗੋਲਮੋਲ ਕਰ ਜਾਂਦੇ ਸੀ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ)