ਮੇਰੀਆਂ ਹੱਡਬੀਤੀਆਂ ਵਿੱਚੋਂ(ਭਾਗ 4)
ਬੇਸ਼ੱਕ ਕੁੱਝ ਡੇਰਿਆਂ ਵਿੱਚ ਹੁੰਦੇ ਪਾਠ ਵੀ ਬੰਦ ਹੋ ਗਏ, ਦੋਹੇਂ ਬਾਰ ਕੇਸ ਵੀ ਮੈਂ ਜਿੱਤ ਗਿਆ ਸੀ, ਪਰ ਸਿੱਖਣ ਨੂੰ ਕਾਫੀ ਕੁੱਝ ਮਿਲਿਆ, ਕਿ ਜਿਸ ਅਕਾਲ ਤਖਤ ਨੂੰ ਊਚਾ ਤੇ ਸੱਚਾ ਸਮਝਦੇ ਸੀ, ਜਿਸ ਦੇ ਹੁਕਮ ਨੂੰ ਮੰਨਦਿਆਂ ਪੂਰੇ ਪਿੰਡ ਦੇ ਵਰੁੱਧ ਅਸੀਂ ਦੋ ਜਣੇ ਡੱਟ ਕੇ ਖੜ੍ਹ ਗਏ ਸੀ, ਉਸ ਅਕਾਲ ਤਖਤ ਨੇ ਆਪਣੇ ਹੁਕਮ ਨੂੰ ਲਾਗੂ ਕਰਵਾਉਣ ਲਈ ਵੀ ਸਾਡਾ ਸਾਥ ਦੇਣ ਦੀ ਥਾਂ ਸਾਡੇ ਪੱਲੇ ਨਿਰਾਸ਼ਾ ਹੀ ਪਾਈ ਸੀ, ਜਿੰਨਾ ਦਲਿਤਾਂ ਦੇ ਅਪਮਾਨ ਦੇ ਵਿਰੁੱਧ ਸਾਧਾਂ ਦਾ ਅਤੇ ਸਾਧਾਂ ਦੇ ਅਮੀਰ ਸਾਥੀਆਂ ਦੇ ਵਿਰੋਧ ਦਾ ਸਾਹਮਣਾ ਕਰਦਿਆਂ, ਸਮਾਂ ਅਤੇ ਪੈਸਾ ਬਰਬਾਦ ਕਰਨ ਦੇ ਨਾਲ ਨਾਲ ਚਾਰ ਸਾਲ ਅਦਾਲਤਾਂ ਵਿੱਚ ਧੱਕੇ ਖਾਧੇ, ਉਹ ਨਿਮਾਣੇ ਸਮਝੇ ਜਾਂਦੇ ਦਲਿਤ ਵੀ ਨਾਲ ਨਾ ਖੜ੍ਹੇ, ਦਲਿਤਾਂ ਦਾ ਸਨਮਾਨ ਬਹਾਲ ਕਰਵਾਉਣ ਦੇ ਨਾਮ ਤੇ ਮਿਲੀ ਕੁਰਸੀ ਤੇ ਬੈਠਾ ਅਨੰਦ ਮਾਣ ਰਿਹਾ ਐੱਸ ਸੀ ਕਮਿਸ਼ਨ ਦਾ ਚੇਅਰਮੈਨ ਪਾਂਧੀ ਵੀ ਦਲਿਤਾਂ ਦੀ ਥਾਂ ਦਲਿਤਾਂ ਦਾ ਅਪਮਾਨ ਕਰਨ ਵਾਲੇ ਸਾਧ ਦੇ ਪੈਰਾਂ ਵਿੱਚ ਬੈਠਾ ਵਿਖਾਈ ਦਿੱਤਾ।
ਜਿਸ ਸਪੋਕਸਮੈਨ ਨੂੰ ਸਿੱਖ ਕੌਮ ਦੀ ਅਵਾਜ ਸਮਝ ਕੇ ਉਸ ਦੀ ਨਿਸ਼ਕਾਮ ਸੇਵਾ ਕਰਦੇ ਰਹੇ, ਉਸ ਸਪੋਕਸਮੈਨ ਨੇ ਪੈਸੇ ਦੀ ਕਾਮਨਾ ਕਰਦਿਆਂ ਜੇ ਕਿਸੇ ਦੇ ਵਿਰੁੱਧ ਕੋਈ ਖਬਰ ਹੁੰਦੀ ਤਾਂ ਉਸ ਨਾਲ ਸੌਦੇਵਾਜੀ ਕਰਕੇ ਮੇਰੀਆਂ ਖਬਰਾਂ ਮਿਸ ਕਰਨੀਆਂ ਸ਼ੁਰੂ ਕਰਕੇ ਮੇਰੀ ਅਵਾਜ ਬੰਦ ਕਰਨੀ ਸ਼ੁਰੂ ਕਰ ਦਿੱਤੀ ਸੀ, ਕਦੇ ਕਿਸੇ ਕੇਸ ਸਮੇਂ ਹਾਲ ਤੱਕ ਨਹੀਂ ਸੀ ਪੁੱਛਿਆ। 16 ਨਵੰਬਰ 2001 ਵਿੱਚ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਤੋਂ ਲੈ ਕੇ ਸਾਧ ਦੇ ਕੇਸ ਵਾਲੀ 7 ਸਤੰਬਰ 2015 ਦੀ ਆਖਰੀ ਪੇਸ਼ੀ ਤੱਕ 12 ਸਾਲ 10 ਮਹੀਨੇ ਆਪਣੇ ਘਰ ਦੇ ਕੰਮ ਛੱਡਕੇ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰਨ ਤੋਂ ਇਲਾਵਾ ਕੁੱਝ ਵੀ ਨਹੀਂ ਖੱਟਿਆ, ਅਕਾਲ ਤਖਤ ਦੇ ਹੁਕਮਨਾਮਿਆਂ ਦਾ ਪੱਖ, ਡੇਰਾਬਾਦ ਦਾ ਵਿਰੋਧ, ਦਲਿਤਾਂ ਦੇ ਮਾਨ ਸਨਮਾਨ ਲਈ, ਸਿੱਖ ਕੌਮ ਦੀ ਅਵਾਜ ਸਮਝਦਿਆਂ ਸਪੋਕਸਮੈਨ ਦੀ ਸੇਵਾ ਕਰਦਿਆਂ ਜਿੰਦਗੀ ਦੇ 13 ਸਾਲ ਬਰਬਾਦ ਕਰ ਲਏ। ਬੇਸ਼ੱਕ ਮੈਨੂੰ ਇਹ ਸੱਭ ਕੁੱਝ ਕਰਨ ਤੇ ਕੋਈ ਅਫਸੋਸ ਨਹੀਂ ਹੈ, ਮੈਨੂੰ ਤਾਂ ਮਾਣ ਹੈ ਕਿ ਮੈਂ ਕੁੱਝ ਵੀ ਗਲਤ ਨਹੀਂ ਸੀ ਕੀਤਾ, ਕੋਈ ਮਾੜਾ ਕੰਮ ਨਹੀਂ ਕੀਤਾ, ਕੋਈ ਹੇਰਾ ਫੇਰੀ ਠੱਗੀ ਚੋਰੀ ਨਹੀਂ ਸੀ ਕੀਤੀ, ਜੋ ਵੀ ਕੀਤਾ, ਤਨੋ ਮਨੋ ਕੀਤਾ, ਸੇਵਾ ਸਮਝ ਕੇ ਕੀਤਾ ਸੀ। ਪਰ ਇਹ ਸੱਭ ਕੁੱਝ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਇੱਥੇ ਹਰ ਕੋਈ ਕਮਾਈ ਕਰ ਰਿਹਾ, ਕੋਈ ਧਰਮ ਦੇ ਨਾਮ ਤੇ, ਕੋਈ ਦਲਿਤਾਂ ਦੇ ਨਾਮ ਤੇ, ਕੋਈ ਡੇਰੇ ਦੇ ਨਾਮ ਤੇ, ਕੋਈ ਪ੍ਰੈਸ ਦੇ ਨਾਮ ਤੇ, ਕੋਈ ਸਿੱਖ ਜਾਂ ਹੋਰ ਆਪਣੀ ਕੌਮ ਦੀ ਅਵਾਜ ਦੇ ਨਾਮ ਤੇ। ਜਿਸ ਤਰ੍ਹਾਂ ਮੈਂ ਬਿਨਾ ਕੁੱਝ ਕਮਾਈ ਕੀਤਿਆਂ ਇਹ ਸੱਭ ਕੁੱਝ ਸਮਰਪਿਤ ਹੋ ਕੇ ਸੇਵਾ ਭਾਵਨਾ ਨਾਲ ਪੱਲਿਉਂ ਖਰਚਾ ਕਰਕੇ ਕਰਦਾ ਰਿਹਾ, ਉਹਨਾ ਹਾਲਾਤਾਂ ਅਨੁਸਾਰ ਤਾਂ ਮੈਂ ਅੱਜ ਰੋਟੀ ਤੋਂ ਵੀ ਭੁੱਖਾ ਮਰਨਾ ਸੀ, ਇਹ ਤਾਂ ਧੰਨਵਾਦ ਮੇਰੇ ਬਾਪੂ ਜੱਗਰ ਸਿੰਘ ਜੀ ਦਾ ਜਿਸ ਨੇ ਦਿਨ ਰਾਤ ਮਿਹਨਤ ਨਾਲ ਖੇਤੀ ਕਰਕੇ ਜਾਇਦਾਦ ਬਣਾ ਕੇ ਜਮੀਨ ਦੇ ਸਾਨੂੰ ਦੋਹਾਂ ਭਰਾਵਾਂ ਨੂੰ 19 ਕਿੱਲੇ idਤੇ ਸਨ, ਜਿੰਨਾ ਕਰਕੇ ਮੇਰੇ ਘਰ ਪ੍ਰੀਵਾਰ ਦਾ ਖਰਚਾ ਚਲਦਾ ਰਿਹਾ।
ਮੈਂ ਇਹ ਅਜਿਹੀ ਲੋਕ ਸੇਵਾ ਕਰਦਾ ਰਿਹਾ, ਛੋਟਾ ਭਰਾ ਰਾਮਲਾਜ ਸਿੰਘ ਲੀਡਰੀ ਵਿੱਚ ਪੈ ਗਿਆ ਸੀ, ਜਿਸ ਕਾਰਨ ਸਾਡੇ ਪੰਜ ਕਿੱਲੇ ਜਮੀਨ ਦੇ ਵਿਕ ਗਏ ਸਨ, 19 ਦੀ ਥਾਂ 14 ਰਹਿ ਗਏ ਕਿੱਲਿਆਂ ਵਿੱਚੋਂ ਹੁਣ ਸਾਡੇ ਦੋਹਾਂ ਭਰਾਵਾਂ ਕੋਲ ਸੱਤ ਸੱਤ ਕਿੱਲੇ ਜਮੀਨ ਦੇ ਹਨ।
ਮੇਰੇ 13 ਸਾਲ ਦੇ ਉਸ ਸਮੇਂ ਦੇ ਤੁਜਰਬੇ ਵਿੱਚੋਂ ਮੈਂ ਇਹੀ ਸਿੱਖਿਆ ਹੈ ਕਿ ਇੱਥੇ ਹਰ ਕੋਈ ਕਮਾਈ ਕਰਦਾ ਹੈ, ਇਹ ਧਰਮ, ਪ੍ਰੈਸ, ਦਲਿਤ ਆਦਿ ਚਲਾਕ ਲੋਕਾਂ ਵੱਲੋਂ ਬਣਾਏ ਗਏ ਕਮਾਈ ਕਰਨ ਦੇ ਸੰਦ ਹਨ, ਜੋ ਲੋਕਾਂ ਨੂੰ ਜਾਤਾਂ ਧਰਮਾਂ ਵਿੱਚ ਵੰਡ ਕੇ ਉਹਨਾ ਨੂੰ ਆਪਸ ਵਿੱਚ ਲੜਾ ਕੇ ਰਾਜ ਕਰਦੇ ਹਨ, ਇੱਥੇ ਕਿਸੇ ਧਰਮ ਜਾਂ ਜਾਤ ਨੂੰ ਕੋਈ ਖਤਰਾ ਨਹੀਂ ਹੈ, ਜੇ ਕੋਈ ਖਤਰਾ ਹੈ ਤਾਂ ਉਸ ਦਾ ਹੱਲ ਵੀ ਕੋਈ ਨਹੀਂ ਕਰਦਾ, ਕਿਸੇ ਵੀ ਕਿਸਮ ਦੇ ਖਤਰੇ ਦਾ ਰੌਲਾ ਪਾਉਣ ਵਾਲੇ ਚਲਾਕ ਲੋਕ ਤੁਹਾਨੂੰ ਗੁਮਰਾਹ ਕਰਕੇ ਉਸਕਾਅ ਕੇ, ਲੜਾ ਕੇ ਆਪਣਾ ਕੰਮ ਕੱਢ ਜਾਂਦੇ ਹਨ, ਇਸ ਲਈ ਐਵੇਂ ਭਾਵੁਕ ਹੋ ਕੇ ਕਿਸੇ ਲਈ ਕਮਾਈ ਦਾ ਸੰਦ ਬਣਕੇ ਆਪਣਾ ਸਮਾਂ ਅਤੇ ਪੈਸਾ ਬਰਬਾਦ ਨਾ ਕਰੋ, ਇਹਨਾ ਜਾਤਾਂ ਧਰਮਾਂ ਦੀਆਂ ਵੰਡੀਆਂ ਦੇ ਝਗੜਿਆਂ ਵਿੱਚ ਇਹੀ ਚੱਲਦਾ ਹੈ ਕਿ ਜਾਂ ਤਾਂ ਤੁਸੀਂ ਕਿਸੇ ਨੂੰ ਵਰਤ ਜਾਓ, ਜਾਂ ਕੋਈ ਤੁਹਾਨੂੰ ਵਰਤ ਜਾਵੇਗਾ, ਇਸ ਲਈ ਇਹਨਾ ਦੇ ਚੱਕਰਾਂ ਵਿੱਚੋਂ ਨਿਕਲ ਕੇ ਆਪਣੇ ਲਈ ਕੰਮ ਕਰੋ, ਪੈਸਾ ਕਮਾਓ, ਬੇਸ਼ੱਕ ਪੈਸਾ ਸੱਭ ਕੁੱਝ ਨਹੀਂ ਹੁੰਦਾ ਪਰ ਬਹੁਤ ਕੁੱਝ ਹੁੰਦਾ, ਜੇ ਤੁਹਾਡੇ ਕੋਲ ਪੈਸਾ ਨਹੀਂ ਹੈ ਤਾਂ ਤੁਹਾਨੂੰ ਕੋਈ ਨਹੀਂ ਪਹਿਚਾਣੇਗਾ, ਲੋਕ ਤੁਹਾਨੂੰ ਬੁਲਾਉਣਾ ਵੀ ਪਸੰਦ ਨਹੀਂ ਕਰਨਗੇ, ਜੇ ਤੁਹਾਡੇ ਕੋਲ ਪੈਸਾ ਹੈ ਤਾਂ ਆਪਣੀ ਜਿੰਦਗੀ ਚੰਗੀ ਤਰਾਂ ਜੀਅ ਸਕੋਂਗੇ, ਤੁਹਾਨੂੰ ਪੈਸੇ ਦੀ ਮੋਹ ਮਮਤਾ ਤੂੰ ਦੂਰ ਰਹਿਣ ਦਾ ਉਪਦੇਸ ਦੇਣ ਵਾਲਿਆਂ ਦੇ ਧਾਰਮਿਕ ਅਸਥਾਨ ਵੀ ਪੈਸੇ ਤੋਂ ਵਗੈਰ ਨਹੀਂ ਚੱਲਦੇ, ਸੋਚ ਕੇ ਵੇਖਿਓ ਤੁਹਾਨੂੰ ਪੈਸੇ ਦਾ ਤਿਆਗ ਕਰਨ ਦਾ ਪ੍ਰਚਾਰ ਕਰਨ ਵਾਲੇ ਅਖੌਤੀ ਤਿਆਗੀ ਧਰਮੀ ਤੁਹਾਡੇ ਤੋਂ ਦਾਨ ਦੇ ਨਾਮ ਤੇ ਪੈਸਾ ਲੈਣ ਲਈ ਕਿਵੇਂ ਲੇਹਲੜੀਆਂ ਕੱਢ ਰਹੇ ਹੁੰਦੇ ਹਨ, ਕਿਉਂਕਿ ਇਹ ਨਾਮ ਧਰੀਕ ਵਿਖਾਵੇ ਵਾਲੇ ਭੇਖੀ ਧਰਮ ਕਿਸੇ ਦੀ ਲੋੜ ਨਹੀਂ ਹਨ, ਪਰ ਪੈਸਾ ਹਰ ਇੱਕ ਦੀ ਲੋੜ ਹੈ, ਹਾਂ ਪੈਸਾ ਕਮਾਉਣ ਲਈ ਕਿਸੇ ਤੇ ਜੁਰਮ ਨਾ ਕਰੋ, ਆਪਣੀ ਕਿਰਤ ਕਮਾਈ ਕਰਕੇ ਪੈਸਾ ਜਰੂਰ ਜੋੜੋ, ਜਾਤਾਂ, ਧਰਮਾਂ, ਡੇਰਿਆਂ, ਪਾਰਟੀਆਂ ਆਦਿ ਦੇ ਝਗੜਿਆਂ ਤੋਂ ਬਚੋ।
10-5-2023
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ)
ਪਿੰਨਕੋਡ-151501
ਮੋਬਾਇਲ-94170-23911