ਕਿਰਪਾਲ ਸਿੰਘ ਬਠਿੰਡਾ 88378-13661
ਆਮ ਕਹਾਵਤ ਹੈ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਪਰ ਬਾਦਲ ਰੂਪੀ ਮੱਛੀ ਪੱਥਰ ਚੱਟ ਕੇ ਵੀ ਨਹੀਂ ਮੁੜ ਰਹੀ ਬਲਕਿ ਮੁੜ ਮੁੜ ਪੱਥਰਾਂ ਨਾਲ ਟੱਕਰਾਂ ਮਾਰ ਕੇ ਮਰਨ ਵਾਲੀ ਹੋਈ ਪਈ ਹੈ। ਇਹ ਸਚਾਈ ਵੀ ਨਹੀਂ ਸਮਝ ਰਹੀ ਕਿ ਉਸ ਦੀ ਖੁਰਾਕ ਇਨ੍ਹਾਂ ਪੱਥਰਾਂ ਚ ਨਹੀਂ ਅਤੇ ਨਾ ਹੀ ਉਹ ਇਨ੍ਹਾਂ ਪੱਥਰਾਂ ਨੂੰ ਤੋੜ ਸਕਦੀ ਹੈ ਬਲਕਿ ਆਪਣਾ ਰਸਤਾ ਬਦਲਣ ਚ ਹੀ ਉਸ ਦਾ ਬਚਾਅ ਸੰਭਵ ਹੈ। ਮੇਰਾ ਭਾਵ ਹੈ ਕਿ ਸ਼ਾਨਾਮੱਤੀ ਇਤਿਹਾਸ ਵਾਲੇ ਸ੍ਰੋਮਣੀ ਅਕਾਲੀ ਦਲ ਦੀ ਜੋ ਅੱਜ ਰਾਜਨੀਤਕ ਤੌਰ ਤੇ ਹਾਲਤ ਬਣੀ ਹੈ, ਇਸ ਦਾ ਮੁੱਖ ਕਾਰਨ ਹੈ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਪੁੱਤਰ-ਨੂੰਹ ਅਤੇ ਹੋਰ ਰਿਸ਼ਤੇਦਾਰਾਂ ਲਈ ਸੱਤਾ ਦੀ ਕੁਰਸੀ ਪੱਕੀ ਕਰਨ ਲਈ ਜਿੱਥੇ ਪੰਜਾਬ ਦੇ ਹਿੱਤਾਂ ਤੋਂ ਪੂਰੀ ਤਰ੍ਹਾਂ ਬੇਮੁੱਖ ਹੋਏ ਉੱਥੇ ਸਭ ਤੋਂ ਬੱਜਰ ਗਲਤੀ ਇਹ ਕੀਤੀ ਕਿ ਪੰਥ ਦੀਆਂ ਸਿਰਮੌਰ ਸੰਸਥਾਵਾਂ (ਸ੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ) ਨੂੰ ਜਿਸ ਤਰ੍ਹਾਂ ਆਪਣੇ ਹਿੱਤਾਂ ਲਈ ਵਰਤਿਆ, ਉਸ ਨੇ ਅਕਾਲੀ ਦਲ ਦੀ ਸ਼ਾਖ ਨੂੰ ਅਸਲ ਖੋਰਾ ਲਾਇਆ ਹੈ। ਸਿਰਮੌਰ ਪੰਥਕ ਸੰਸਥਾਵਾਂ ਦੀ ਲਗਾਤਾਰ ਕੀਤੀ ਜਾ ਰਹੀ ਦੁਰਵਰਤੋਂ ਕਾਰਨ ਅਕਾਲੀ ਦਲ ਨੂੰ ਰਾਜਨੀਤਕ ਤੌਰ ਤੇ ਹੋ ਰਹੇ ਨੁਕਸਾਨ ਦਾ ਪੂਰਾ ਬਿਊਰਾ ਮੇਰੇ ਪਿਛਲੇ ਲੇਖ ਸ੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਕਿਵੇਂ ਸੰਭਵ ਹੋਵੇ ? gurparsad.com ਅਤੇ ਮਿਸ਼ਨਰੀ ਸੇਧਾਂ ਦੇ ਜੂਨ ਅੰਕ ਚ ਪੜ੍ਹਿਆ ਜਾ ਸਕਦਾ ਹੈ।
ਸੁਖਬੀਰ ਸਿੰਘ ਬਾਦਲ ਸਣੇ ਸਭ ਪੰਜਾਬੀ ਖਾਸਕਰ ਸਿੱਖ ਇਸ ਤੱਥ ਨੂੰ ਭਲੀਭਾਂਤ ਜਾਣਦੇ ਹਨ ਕਿ ਭਾਵੇਂ ਰਾਜਨੀਤਕ ਹਿਤਾਂ ਲਈ ਧਾਰਮਿਕ ਸੰਸਥਾਵਾਂ ਨੂੰ ਵਰਤੇ ਜਾਣ ਸਦਕਾ ਅਕਾਲੀ ਦਲ ਨੂੰ ਰਾਜਨੀਤਕ ਤੌਰ ਤੇ ਸਹਿਜੇ ਸਹਿਜੇ ਹੀ ਸਹੀ; ਨੁਕਸਾਨ ਹੋ ਰਿਹਾ ਸੀ, ਫਿਰ ਵੀ ਪ੍ਰਕਾਸ਼ ਸਿੰਘ ਬਾਦਲ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਆਪਣੀ ਚੰਡੀਗੜ੍ਹ ਵਾਲੀ ਕੋਠੀ ਚ ਤਲਬ ਕੀਤਾ। ਉਸ ਸਮੇਂ ਸੁਖਬੀਰ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਨੇ ਕੇਵਲ ਚੰਦ ਵੋਟਾਂ ਖਾਤਰ ਬਲਾਤਕਾਰੀ, ਕਾਤਲ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਵਾਂਗ ਰਚਨ ਵਾਲੇ ਸੌਦੇ ਸਾਧ ਨੂੰ ਬਿਨਾਂ ਮੁਆਫ਼ੀ ਮੰਗਿਆਂ ਹੀ ਮੁਆਫ਼ ਕਰਨ ਦਾ ਹੁਕਮ ਸੁਣਾ ਦਿੱਤਾ; ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕਰਨ ਦੇ ਦੋਸ਼ੀਆਂ ਨੂੰ ਬਚਾਉਣ ਅਤੇ ਬੇਅਦਬੀ ਦਾ ਇਨਸਾਫ਼ ਮੰਗ ਰਹੇ ਨਿਹੱਥੇ ਸਿੰਘਾਂ ਤੇ ਪੁਲਿਸ ਗੋਲ਼ੀ ਨਾਲ ਦੋ ਸਿੰਘਾਂ ਦੀ ਸ਼ਹੀਦੀ, ਬਾਦਲ ਪਰਵਾਰ ਸਮੇਤ ਸਮੁੱਚੇ ਸ੍ਰੋਮਣੀ ਅਕਾਲੀ ਦਲ ਦੀ ਕਬਰ ਚ ਆਖਰੀ ਕਿੱਲ ਸਾਬਤ ਹੋਈ। ਸੁਖਬੀਰ ਬਾਦਲ ਚ ਕਿਨਕਾ ਮਾਤਰ ਵੀ ਸੂਝ ਹੁੰਦੀ ਤਾਂ ਸ੍ਰੋਮਣੀ ਅਕਾਲੀ ਦਲ ਨੂੰ ਬਚਾਉਣ ਖਾਤਰ 2017 ਦੀਆਂ ਵਿਧਾਨ ਸਭਾ ਚੋਣਾਂ ਚ ਮਿਲੀ ਕਰਾਰੀ ਹਾਰ ਤੋਂ ਤੁਰੰਤ ਬਾਅਦ, ਆਪਣੇ ਅਤੇ ਆਪਣੇ ਪਿਤਾ ਵੱਲੋਂ ਕੀਤੀਆਂ ਬੱਜਰ ਗਲਤੀਆਂ ਅਤੇ ਚੋਣਾਂ ਚ ਮਿਲੀ ਹਾਰ ਦੀ ਜਿੰਮੇਵਾਰੀ ਕਬੂਲਦੇ ਹੋਏ ਤੁਰੰਤ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਆਪਣੀਆਂ ਭੁੱਲਾਂ ਦੀ ਮੁਆਫ਼ੀ ਮੰਗ ਲੈਂਦੇ ਤਾਂ ਅੱਜ ਇਹ ਹਾਲਤ ਨਾ ਬਣਦੀ, ਪਰ ਉਹ ਬਾਦਲ ਰੂਪੀ ਮੱਛੀ ਕਾਹਦੀ, ਜੋ ਪੱਥਰ ਚੱਟ ਕੇ ਮੁੜਦੀ ਭਾਵ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਰਾਜਨੀਤਿਕ ਹਿਤਾਂ ਲਈ ਵਰਤਣ ਦੀ ਨੀਤੀ ਦੇ ਨਤੀਜਿਆਂ ਤੋਂ ਸਿੱਖਿਆ ਲੈ ਕੇ ਇਸ ਦਾ ਰੁਤਬਾ ਬਹਾਲ ਕਰਨ ਦੀ ਨੀਤੀ ਅਪਣਾਈ ਜਾਂਦੀ ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਹੁਤ ਹੀ ਕਾਹਲ਼ੀ ਅਤੇ ਆਪਣੇ ਜਣੇ ਬਹੁਤ ਹੀ ਗੁਪਤ ਤਰੀਕੇ ਨਾਲ ਹਟਾ ਕੇ ਪੱਥਰ ਚੱਟ ਕੇ ਮੁੜਨ ਦੀ ਥਾਂ ਵਾਰ ਵਾਰ ਉਸੇ ਪੱਥਰ ਚ ਟਕਰਾਂ ਮਾਰ ਕਬੀਰ ਸਾਹਿਬ ਜੀ ਦੇ ਇਸ ਸਲੋਕ ਦੇ ਅਰਥ ਭਾਵਾਂ ਤੇ ਪੂਰਾ ਉੱਤਰ ਗਿਆ
ਕਬੀਰ ਦੀਨੁ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਥਿ ॥
ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥ (ਭਗਤ ਕਬੀਰ ਜੀ/੧੩੬੫)
ਸ੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣੇ ਵੱਲੋਂ ਸਪਸ਼ਟੀਕਰਨ ਦੇ ਰਿਹਾ ਹੈ ਕਿ ਸਿੱਖ ਕੌਮ ਵੱਲੋਂ ਕਾਰਜਕਾਰੀ ਜਥੇਦਾਰ ਦੀ ਥਾਂ ਬਤੌਰ ਜਥੇਦਾਰ ਨਿਯੁਕਤੀ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਇਸ ਤੇ ਸਹਿਮਤੀ ਪ੍ਰਗਟਾਈ ਗਈ ਹੈ। ਇਸ ਐਡਵੋਕੇਟ ਧਾਮੀ ਤੋਂ ਪੁੱਛਣਾ ਬਣਦਾ ਹੈ ਕਿ ਕੌਮ ਤਾਂ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਵੱਲੋਂ, ਸ੍ਰੋਮਣੀ ਕਮੇਟੀ ਨੂੰ ਕੀਤੇ ਆਦੇਸ਼ ਜਥੇਦਾਰਾਂ ਦੀ ਨਿਯੁਕਤੀ, ਉਨ੍ਹਾਂ ਦੇ ਕਾਰਜ ਖੇਤਰ ਅਤੇ ਹੁਕਮਨਾਮੇ ਜਾਰੀ ਕਰਨ ਦੇ ਵਿਧੀ ਵਿਧਾਨ ਸੁਨਿਸਚਿਤ ਕੀਤੇ ਜਾਣ ਤੇ ਅਮਲ ਕਰਨ ਦੀ ਮੰਗ ਵੀ ਪਿਛਲੇ 20 ਸਾਲਾਂ ਤੋਂ ਕਰ ਰਹੀ ਹੈ। ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੋਮਣੀ ਕਮੇਟੀ ਨੂੰ ਲਿਖਤੀ ਤੌਰ ਤੇ ਹਿਦਾਇਤ ਕੀਤੀ ਸੀ ਕਿ ਗੁਰਬਾਣੀ ਦੇ ਪ੍ਰਸਾਰਣ ਲਈ ਸ੍ਰੋਮਣੀ ਕਮੇਟੀ ਆਪਣਾ ਟੀਵੀ ਚੈੱਨਲ ਚਾਲੂ ਕਰੇ ਅਤੇ ਜਦ ਤੱਕ ਪ੍ਰਬੰਧ ਪੂਰੇ ਨਹੀਂ ਹੁੰਦੇ ਤਦ ਤੱਕ ਸ੍ਰੋਮਣੀ ਕਮੇਟੀ ਦਾ ਆਈ.ਟੀ. ਵਿਭਾਗ ਯੂ-ਟਿਊਬ ਤੇ ਗੁਰਬਾਣੀ ਪ੍ਰਸਾਰਣ ਕਰੇ। ਸਿੱਖ ਕੌਮ ਇਸ ਤੋਂ ਵੀ ਬਹੁਤ ਪਹਿਲਾਂ ਇਸ ਤਰ੍ਹਾਂ ਦੀ ਮੰਗ ਕਰ ਰਹੀ ਸੀ। ਹੋਰ ਅਜਿਹੀਆਂ ਅਨੇਕਾਂ ਉਦਾਹਰਣਾਂ ਹਨ ਜਿਨ੍ਹਾਂ ਤੇ ਧਾਮੀ ਜੀ ਚੁੱਪ ਹਨ, ਪਰ ਜਿਸ ਕਾਹਲ਼ੀ ਨਾਲ ਕੇਵਲ ਇੱਕ ਦਿਨ ਦੇ ਨੋਟਿਸ ਤੇ ਬਿਨਾਂ ਏਜੰਡਾ ਦੱਸਿਆਂ ਸੱਦੀ ਕਾਰਜਕਾਰਨੀ ਦੀ ਮੀਟਿੰਗ ਚ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਕੇ ਗਿਆਨੀ ਰਘਵੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਗਿਆ, ਸਪਸ਼ਟ ਕਰਦਾ ਹੈ ਕਿ ਧਾਮੀ ਸਾਹਿਬ ਜੋ ਕਹਿ ਰਹੇ ਹਨ ਇਹ ਸੱਚ ਨਹੀਂ ਸਗੋਂ ਕੋਰਾ ਝੂਠ ਹੈ। ਸਿੱਖ ਸਿਆਸਤ ਸਮਝਣ ਵਾਲੇ ਕਿਸੇ ਵੀ ਵਿਅਕਤੀ ਨੂੰ ਪੁੱਛਿਆ ਜਾਵੇ ਤਾਂ ਹਰ ਪਾਸੋਂ ਇਹੀ ਜਵਾਬ ਮਿਲੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਏ ਜਾਣ ਦੇ ਹੇਠ ਲਿਖੇ ਅਸਲ ਕਾਰਨ ਹਨ :
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਥਕ ਸਟੇਜਾਂ ਤੇ ਦਿੱਤੇ ਇਹ ਬਿਆਨ
(1) ਸ੍ਰੋਮਣੀ ਅਕਾਲੀ ਦਲ ਕਿਰਤੀ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਹੁੰਦੀ ਸੀ, ਪਰ ਅੱਜ ਕੱਲ੍ਹ ਸ਼ਰਮਾਏਦਾਰਾਂ ਦੇ ਹੱਥ ਆ ਚੁੱਕੀ ਹੈ।
(2) ਕਿਸੇ ਵੇਲੇ ਪੰਥ ਅਤੇ ਸਿੱਖ ਸਿਧਾਂਤਾਂ ਲਈ ਅਕਾਲੀ ਆਗੂ ਸ਼ਹੀਦੀਆਂ ਦੇਣ ਤੋਂ ਵੀ ਪਿੱਛੇ ਨਹੀਂ ਸੀ ਹਟਦੇ, ਪਰ ਅੱਜ ਇਨ੍ਹਾਂ ਦੀ ਦੌੜ ਅਹੁੱਦੇ ਪ੍ਰਾਪਤ ਕਰਨ ਲਈ ਹੈ। ਜਦੋਂ ਇਹ ਆਗ਼ੂ ਸਿੱਖ ਸਿਧਾਂਤਾਂ ਤੇ ਪਹਿਰਾ ਦੇਣ ਲਈ ਅੱਗੇ ਆਉਣਗੇ ਤਾਂ ਸੱਤਾ ਦੀਆਂ ਕੁਰਸੀਆਂ ਇਨ੍ਹਾਂ ਦੇ ਪਿੱਛੇ ਦੌੜਨਗੀਆਂ ਆਦਿਕ ਬਿਆਨ ਅਕਾਲੀ ਦਲ ਨੂੰ ਗਵਾਰਾ ਨਹੀਂ ਸਨ। ਵਿਰੋਧੀ ਪਾਰਟੀਆਂ ਨਾਲ ਮਿਲਣੀ ਤੋਂ ਵੀ ਅਕਾਲੀ ਦਲ ਨਰਾਜ਼ ਚੱਲ ਰਿਹਾ ਸੀ। ਗੁਰਬਾਣੀ ਪ੍ਰਸਾਰਣ ਸੰਬੰਧੀ ਜਥੇਦਾਰ ਵੱਲੋਂ ਲਿਖੇ ਪੱਤਰ ਨੇ ਵੀ ਨਰਾਜ਼ਗੀ ਵਧਾਈ। ਚਰਚਾ ਇਹ ਹੈ ਕਿ ਅਕਾਲੀ ਦਲ ਦੇ ਤਿੰਨ ਵੱਡੇ ਆਗੂ ਜਥੇਦਾਰ ਕੋਲ ਗਏ ਅਤੇ ਮੰਗ ਕੀਤੀ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਦੇ ਭੋਗ ਸਮਾਗਮ ਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਵੱਲੋਂ ਹੋਈਆਂ ਜਾਣੇ ਅਣਜਾਣੇ ਗਲਤੀਆਂ ਦੀ ਮੁਆਫ਼ੀ ਮੰਗ ਲਈ ਹੈ, ਇਸ ਆਧਾਰ ਤੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਜਾਵੇ, ਪਰ ਜਥੇਦਾਰ ਨੇ ਉਨ੍ਹਾਂ ਨੂੰ ਕੋਰੀ ਨਾ ਕਰਦਿਆਂ ਕਿਹਾ ਕਿ ਗਲਤੀਆਂ ਅਣਜਾਣੇ ਚ ਨਹੀਂ ਹੋਈਆ ਸਗੋਂ ਸਗੋਂ ਹਥ ਕੰਗਣ ਨੂੰ ਆਰਸੀ ਕੀ ? ਦੀ ਉਦਾਹਰਣ ਵਾਙ ਉਨ੍ਹਾਂ ਵੱਲੋਂ ਕੀਤੀਆਂ ਗਲਤੀਆਂ ਇੱਕ ਓਪਨ ਸੀਕ੍ਰੇਟ ਹੈ, ਜਿਸ ਦਾ ਸੁਖਬੀਰ ਸਿੰਘ ਬਾਦਲ ਸਮੇਤ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ, ਇਸ ਲਈ ਉਨ੍ਹਾਂ ਨੂੰ ਆਪਣੀਆਂ ਗਲਤੀਆਂ ਦੱਸ ਕੇ ਮੁਆਫ਼ੀ ਮੰਗਣੀ ਪਵੇਗੀ। ਜਥੇਦਾਰ ਦਾ ਇਹ ਜਵਾਬ ਸੁਣ ਕੇ ਉਨ੍ਹਾਂ ਨੂੰ ਹਟਾਉਣ ਲਈ ਬਹਾਨੇ ਲੱਭੇ ਜਾਣ ਲੱਗੇ। ਆਖਿਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਪ ਆਗੂ ਰਾਘਵ ਚੱਢਾ ਦੇ ਮੰਗਣੀ ਸਮਾਗਮ ਤੇ ਜਾਣ ਦਾ ਮੁੱਦਾ ਉਨ੍ਹਾਂ ਦੇ ਹੱਥ ਲੱਗਾ ਤਾਂ ਵਿਰਸਾ ਸਿੰਘ ਵਲਟੋਹਾ ਨੇ ਟਵੀਟ ਰਾਹੀਂ ਝੱਟ ਸੁਨੇਹਾਂ ਦੇ ਦਿੱਤਾ ਸਤਿਕਾਰਯੋਗ ਜਥੇਦਾਰ ਸਾਹਿਬ! ਮੇਰੇ ਵਰਗੇ ਨਿਮਾਣੇ ਸਿੱਖ ਨੂੰ ਅੱਜ ਬਹੁਤ ਠੇਸ ਪਹੁੰਚੀ ਜੇ। ਕੌਮ ਦਾ ਗੁਰੂ ਰਾਖਾ। ਵਲਟੋਹਾ ਦੇ ਇਸ ਟਵੀਟ ਨੇ ਕੋਈ ਸ਼ੱਕ ਨਹੀਂ ਰਹਿਣ ਦਿੱਤਾ ਕਿ ਉਹ ਕਹੇ ਜਾਂਦੇ ਸਰਬਉੱਚ ਜਥੇਦਾਰ ਦਾ ਕਿੰਨਾ ਕੁ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਸਾਹਮਣੇ ਸਿੰਘ ਸਾਹਿਬ ਦੀ ਕੀ ਹੈਸੀਅਤ ਹੈ।
ਵਲਟੋਹਾ ਨੂੰ ਪੁੱਛਣਾ ਬਣਦਾ ਹੈ ਕਿ ਜਦੋਂ ਉਨ੍ਹਾਂ ਦੇ ਸਨਮਾਨਤ ਆਗੂ ਪ੍ਰਕਾਸ਼ ਸਿੰਘ ਬਾਦਲ ਮੁਕਟ ਪਹਿਣ ਕੇ ਹਵਨ ਕਰਦਾ ਸੀ, ਸੌਦਾ ਸਾਧ ਅਤੇ ਆਸ਼ੂਤੋਸ਼ ਨੂਰਮਹਿਲੀਏ ਅੱਗੇ ਨਤਮਸਤਕ ਹੁੰਦਾ ਸੀ, ਸਿੰਘ ਸਾਹਿਬਾਨ ਨੂੰ ਆਪਣੀ ਕੋਠੀ ਸੱਦ ਕੇ ਸੌਦਾ ਸਾਧ ਨੂੰ ਮੁਆਫ਼ ਕਰਨ ਦੇ ਹੁਕਮ ਦਿੰਦਾ ਸੀ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਬਰਗਾੜੀ ਦੀਆਂ ਗਲੀਆਂ ਚ ਖਿਲਾਰੇ ਗਏ, ਇਨਸਾਫ਼ ਦੀ ਮੰਗ ਕਰ ਰਹੇ ਸਿੱਖਾਂ ਤੇ ਬਾਦਲ ਸਰਕਾਰ ਦੀ ਪੁਲਿਸ, ਜਿਸ ਦਾ ਮਹਿਕਮਾ ਸੁਖਬੀਰ ਸਿੰਘ ਬਾਦਲ ਕੋਲ ਸੀ; ਨੇ ਗੋਲ਼ੀ ਚਲਾ ਕੇ ਸ਼ਹੀਦ ਕਰ ਦਿੱਤਾ ਸੀ ਤਾਂ ਉਸ ਸਮੇਂ ਇਸ ਨਿਮਾਣੇ ਸਿੱਖ ਨੂੰ ਠੇਸ ਕਿਉਂ ਨਾ ਪਹੁੰਚੀ ? ਹੈਰਾਨੀ ਤਾਂ ਇਹ ਹੈ ਕਿ ਵਲਟੋਹਾ ਦੇ ਇਸ ਬਿਆਨ ਪਿੱਛੋਂ ਐਡਵੋਕੇਟ ਧਾਮੀ ਨੇ ਕਾਰਜਕਾਰਨੀ ਦੀ ਅਹਿਮ ਮੀਟਿੰਗ ਸੱਦ ਲਈ ਭਾਵੇਂ ਕਿਸੇ ਕਾਰਨ ਉਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਨਹੀਂ ਗਿਆ ਪਰ ਕੇਵਲ ਤਿੰਨ ਕੁ ਹਫ਼ਤੇ ਪਿੱਛੋਂ ਸਿਰਫ ਇੱਕ ਦਿਨ ਦੇ ਨੋਟਿਸ ਤੇ ਕਾਰਜਕਾਰਨੀ ਦੀ ਹੰਗਾਮੀ ਮੀਟਿੰਗ 16 ਜੂਨ ਨੂੰ ਮੁੜ ਸੱਦ ਲਈ, ਜਿਸ ਦਾ ਏਜੰਡਾ ਵੀ ਅਤਿ ਗੁਪਤ ਰੱਖਿਆ ਗਿਆ ਤੇ ਦੁਪਹਿਰ 12 ਵਜੇ ਤੋਂ ਪਹਿਲਾਂ ਪਹਿਲਾਂ ਹੀ ਉਨ੍ਹਾਂ ਨੂੰ ਹਟਾਉਣ ਦਾ ਫੈਸਲਾ ਵੀ ਇੱਕ ਪ੍ਰੈੱਸ ਕਾਨਫਰੰਸ ਵਿੱਚ ਸੁਣਾ ਦਿੱਤਾ।
ਐਡਵੋਕੇਟ ਧਾਮੀ ਨੇ ਜਿਸ ਸਿੱਖ ਕੌਮ ਦਾ ਨਾਂ ਵਰਤਿਆ ਹੈ ਉਹ ਤਾਂ ਕਈ ਸਾਲਾਂ ਤੋਂ ਪੱਕੇ ਜਥੇਦਾਰ ਦੀ ਨਿਯੁਕਤੀ ਦੀ ਮੰਗ ਕਰ ਰਹੀ ਸੀ, ਜਿਸ ਨੂੰ ਹੁਣ ਤੱਕ ਪੂਰੀ ਤਰ੍ਹਾਂ ਅਣਗੌਲ਼ਿਆ ਕਰੀ ਰੱਖਿਆ ਤਾਂ ਐਸੀ ਕਿਹੜੀ ਆਫ਼ਤ ਆ ਗਈ ਸੀ ਕਿ ਕੇਵਲ ਇੱਕ ਦਿਨ ਦੇ ਨੋਟਿਸ ਨਾਲ ਹੰਗਾਮੀ ਮੀਟਿੰਗ ਸੱਦਣੀ ਪਈ ਤੇ ਏਜੰਡਾ ਵੀ ਅਤਿ ਗੁਪਤ ਰੱਖਣਾ ਪਿਆ। ਕੀ ਉਨ੍ਹਾਂ ਨੂੰ ਡਰ ਸੀ ਕਿ ਏਜੰਡਾ ਲੀਕ ਹੋ ਜਾਣ ਨਾਲ ਪਹਿਲਾਂ ਦੀ ਤਰ੍ਹਾਂ ਮਾਮਲਾ ਠੁਸ ਨਾ ਹੋ ਜਾਵੇ। ਜਥੇਦਾਰ ਹਰਪ੍ਰੀਤ ਸਿੰਘ ਜੀ ਤੋਂ ਭਾਵੇਂ ਕਹਾ ਲਿਆ ਜਾਵੇ ਕਿ ਉਨ੍ਹਾਂ ਦੀ ਸਹਿਮਤੀ ਨਾਲ ਹੀ ਉਨ੍ਹਾਂ ਨੂੰ ਹਟਾਇਆ ਗਿਆ ਹੈ, ਪਰ ਸਚਾਈ ਕੌਮ ਤੋਂ ਛੁਪੀ ਹੋਈ ਨਹੀਂ।
ਗਿਆਨੀ ਗੁਰਬਚਨ ਸਿੰਘ ਨੇ ਵੀ ਹਾਲੀ ਤੱਕ ਨਹੀਂ ਮੰਨਿਆ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਚੰਡੀਗੜ੍ਹ ਕੋਠੀ ਚ ਸੱਦ ਕੇ ਸੌਦਾ ਸਾਧ ਨੂੰ ਮੁਆਫ਼ ਕਰਨ ਲਈ ਕਿਹਾ ਸੀ; ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਵੀ ਇੱਕ ਵਾਰ ਸਚਾਈ ਦੱਸਣ ਪਿੱਛੋਂ ਪੂਰੀ ਤਰ੍ਹਾਂ ਆਪਣਾ ਮੂੰਹ ਬੰਦ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਦੇ ਥਾਂ ਉਨ੍ਹਾਂ ਦਾ ਭਰਾ ਪਹਿਲੇ ਬਿਆਨਾਂ ਤੋਂ ਪੂਰੀ ਤਰ੍ਹਾਂ ਮੁੱਕਰ ਚੁੱਕਿਆ ਹੈ, ਪਰ ਫਿਰ ਵੀ ਸੱਚ ਤਾਂ ਜੱਗ ਜ਼ਾਹਰ ਹੈ। ਹਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਗੱਲੋਂ ਤਾਂ ਖ਼ੁਸ਼ ਹੋਣਾ ਹੀ ਚਾਹੀਦਾ ਹੈ ਕਿ ਜੇ ਉਹ ਦਬਾਅ ਚ ਆ ਕੇ ਸੌਦਾ ਸਾਧ ਵਾਙ ਸੁਖਬੀਰ ਬਾਦਲ ਨੂੰ ਮੁਆਫ਼ ਕਰ ਦਿੰਦੇ ਤਾਂ ਉਨ੍ਹਾਂ ਦਾ ਹਸ਼ਰ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਵਰਗਾ ਹੋਣਾ ਸੀ ਅਤੇ ਜੇ ਨਾ ਕਰਦੇ ਤਾਂ ਵਿਰਸਾ ਸਿੰਘ ਵਰਗੇ ਅਖੌਤੀ ਨਿਮਾਣੇ ਸਿੱਖਾਂ ਵੱਲੋਂ ਜ਼ਲੀਲ ਹੁੰਦੇ ਰਹਿਣਾ ਸੀ, ਇਸ ਲਈ ਉਨ੍ਹਾਂ ਨੂੰ ਬਹੁਤ ਬਹੁਤ ਵਧਾਈਆਂ।
ਅਕਾਲੀ ਦਲ ਨੇ ਉਨ੍ਹਾਂ ਨੂੰ ਹਟਾ ਕੇ ਜਰੂਰ ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ ਹੈ। ਕਾਰਜਕਾਰਨੀ ਦੇ ਫੈਸਲੇ ਨੇ ਮੋਹਰ ਲਾ ਦਿੱਤੀ ਹੈ ਕਿ ਉਹ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਇੱਕ ਦਿਹਾੜੀਦਾਰ ਮਜ਼ਦੂਰ ਤੋਂ ਵੱਧ ਕੁਝ ਨਹੀਂ ਸਮਝਦੇ ਭਾਵ ਜੇ ਉਹ ਉਨ੍ਹਾਂ ਦੀ ਇੱਛਾ ਅਨਸਾਰ ਹੁਕਮਨਾਮੇ ਜਾਰੀ ਕਰਦਾ ਹੈ, ਉਨ੍ਹਾਂ ਦੇ ਸਿਆਸੀ ਭਾਈਵਾਲਾਂ ਨੂੰ ਸਨਮਾਨ ਦਿੰਦਾ ਹੈ ਤਾਂ ਉਹ ਸਰਬਉੱਚ ਹੈ, ਜਿਸ ਦੇ ਹੁਕਮ ਨੂੰ ਮੋੜਿਆ ਨਹੀਂ ਜਾ ਸਕਦਾ, ਪਰ ਜੇ ਉਹ ਆਪਣੀ ਸਿਆਣਪ ਨਾਲ ਫੈਸਲੇ ਕਰਨ ਦੀ ਸੋਚੇ, ਵਿਰੋਧੀ ਧਿਰ ਦੇ ਕਿਸੇ ਆਗੂ ਨਾਲ ਮੀਟਿੰਗ ਕਰ ਬੈਠੇ ਜਾਂ ਕਿਸੇ ਦੇ ਸੱਦੇ ਤੇ ਉਨ੍ਹਾਂ ਦੇ ਨਿੱਜੀ ਸਮਾਗਮਾਂ ਚ ਹਾਜਰੀ ਭਰ ਬੈਠੇ ਤਾਂ ਝੱਟ ਅਹੁੱਦੇ ਤੋਂ ਖਾਰਜ ਹੋਣਾ ਪੈਣਾ ਹੈ।
ਸੋ ਇਹ ਗਲਤੀਆਂ ਵੀ ਮਾਲਕ ਆਪ ਹੀ ਕਰਾਉਂਦਾ ਹੈ। ਗੁਰ ਫ਼ੁਰਮਾਨ ਹੈ
ਜਿਸ ਨੋ ਆਪਿ ਖੁਆਏ ਕਰਤਾ, ਖੁਸਿ ਲਏ ਚੰਗਿਆਈ ॥ (ਮਹਲਾ ੧/੪੧੭)