ਚੱਕ ਨਾਨਕੀ ਦੀ ਮੋੜ੍ਹੀ
ਸਰਵਜੀਤ ਸਿੰਘ ਸੈਕਰਾਮੈਂਟੋ
ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਨੰਦਪੁਰ ਸਾਹਿਬ ਦਾ 358 ਵਾਂ ਸਥਾਪਨਾ ਦਿਵਸ ਗੁਰਦੁਆਰਾ ਭੋਰਾ ਸਾਹਿਬ ਵਿਖੇ 19 ਜੂਨ ਨੂੰ ਅਕਾਲ ਤਖਤ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਦੀ ਅਗਵਾਈ ਵਿੱਚ ਮਨਾਇਆ ਗਿਆ। ਇਹ ਥਾਂ, ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਤੋਂ ਗੁਰੂ ਤੇਗ ਬਹਾਦਰ ਜੀ ਨੇ ਉਚਿਤ ਕੀਮਤ ਅਦਾ ਕਰਕੇ ਖਰੀਦੀ ਸੀ। ਗੁਰੂ ਸਾਹਿਬ ਜੀ ਨੇ ਨਵੇਂ ਨਗਰ ਦੀ ਮੋੜ੍ਹੀ ਆਪਣੇ ਗੁਰੂ ਪਿਤਾ, ਗੁਰੂ ਹਰਿਗੋਬਿੰਦ ਸਾਹਿਬ ਦੇ ਜਨਮ ਦਿਹਾੜੇ ਭਾਵ 21 ਹਾੜ ਨੂੰ, ਭਾਈ ਗੁਰਦਿੱਤਾ ਜੀ (ਪੋਤਰੇ ਬਾਬਾ ਬੁੱਢਾ ਜੀ) ਤੋਂ ਗਡਵਾਈ ਸੀ। ਨਵੇਂ ਨਗਰ ਦਾ ਨਾਮ ਆਪਣੀ ਮਾਤਾ ਜੀ ਦੇ ਨਾਮ ਤੇ ਚੱਕ ਨਾਨਕੀ ਰੱਖਿਆ ਸੀ। ਇਹ ਇਲਾਕਾ ਜਿਸ ਨੂੰ ਪਹਿਲਾ ਮਾਖੋਵਾਲ ਦਾ ਥੇਹ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਨੂੰ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਨਾਮ ਦਿੱਤਾ।
“ਗੁਰੂ ਤੇਗ ਬਹਾਦਰ ਜੀ ਮਹਲ ਨਾਮਾਂ, ਸਾਲ ਸਤਰਾਂ ਸੈ ਬਾਈਸ, ਅਸਾਢ ਪਰਵਿਸ਼ਟੇ ਇੱਕੀਸ, ਸੋਮਵਾਰ ਕੋ ਮਾਖੋਵਾਲ ਕੇ ਥੇਹ ਤੇ ਗਾਮ ਬਨਾਇਆ। ਨਾਮ ਚੱਕ ਨਾਨਕੀ ਰਾਖਾ” (ਭੱਟ ਵਹੀ ਮੁਲਤਾਨੀ ਸਿੰਧੀ)
“ਗੁਰੂ ਤੇਗ ਬਹਾਦਰ ਜੀ ਮਹਲ ਨਾਵਾਂ, ਬੇਟਾ ਗੁਰੂ ਹਰਿਗੋਬਿੰਦ ਜੀ ਕਾ ਵਾਸੀ ਕੀਰਤਪੁਰ, ਰਾਜ ਕਹਿਲੂਰ ਸਾਲ ਸਤ੍ਰਾਂ ਸੈ ਬਾਈਸ, ਅਸਾਢ ਪ੍ਰਵਿਸ਼ਠੇ ਇਕੀਸ, ਸੋਮਵਾਰ ਕੇ ਦਿਹੁੰ ਨੈਣਾ ਦੇਵੀ ਕੇ ਨੀਚੇ ਮਾਖੋਵਾਲ ਗਾਮ ਕੇ ਥੇਹ ਤੇ, ਬਾਬਾ ਬੁੱਢਾ ਜੀ ਕੀ ਬੰਸ਼ ਕੇ ਬਾਬਾ ਗੁਰਦਿੱਤਾ ਜੀ ਰੰਧਾਵਾ ਜੀ ਕੇ ਹਾਥ ਸੇ, ਨਏ ਗਾਮ ਕੀ ਮੋੜ੍ਹੀ ਗਾਡੀ।। ਨਾਉ
ਚੱਕ ਨਾਨਕੀ ਰਾਖਾ ਗੁਰੂ ਕੀ ਕੜਾਹੀ ਕੀ”। (ਭੱਟ ਵਹੀ ਤਲਾਉਂਢਾ ਪਰਗਣਾ ਜੀਂਦ)
ਭੱਟ ਵਹੀਆਂ ਵਿੱਚ ਚੱਕ ਨਾਨਕੀ ਨਾਮ ਦੇ ਨਗਰ ਦੀ ਮੋੜ੍ਹੀ ਗੱਡਣ ਦਾ ਪ੍ਰਵਿਸ਼ਟਾ (ਤਾਰੀਖ) 21 ਹਾੜ ਸੰਮਤ 1722 ਬਿਕ੍ਰਮੀ ਦਿਨ ਸੋਮਵਾਰ ਦਰਜ ਹੈ। ਅੰਗਰੇਜਾਂ ਦੇ ਆਉਣ ਤੋਂ ਪਿਛੋਂ ਜਦੋਂ ਅੰਗਰੇਜੀ ਤਾਰੀਖ਼ਾਂ ਲਿਖਣ ਦਾ ਰਿਵਾਜ ਪਿਆ ਤਾਂ ਇਹ ਤਾਰੀਖ 19 ਜੂਨ 1665 ਈ: (ਜੂਲੀਅਨ) ਲਿਖੀ ਗਈ।
“ਭਾਈ ਦਰਗਾਹ ਦਾਸ ਜੀ ਨੂੰ ਖਰੀਦੇ ਇਲਾਕੇ ਵਿੱਚ ਭੇਜ ਕੇ ਥਾਂ ਦੀ ਚੋਣ ਕੀਤੀ ਜਿਥੇ ‘ਚੱਕ’ ਦੀ ਉਸਾਰੀ ਕਰਨੀ ਸੀ। ਥਾਂ ਦੀ ਹਰ ਪੱਖੋਂ ਦੇਖ-ਰੇਖ ਕਰਕੇ 19 ਜੂਨ 1665 ਈ: ਮੁਤਾਬਕ 21 ਹਾੜ 1722 ਬਿਕ੍ਰਮੀ ਨੂੰ ਨੀਂਹ ਰੱਖਣ ਦਾ ਫੈਸਲਾ ਕੀਤਾ ਗਿਆ। ਨੀਂਹ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਕੋਲੋਂ ਰਖਵਾਈ ਗਈ ਅਤੇ ਸ਼ਹਿਰ
ਦਾ ਨਾਂ ਮਾਤਾ ਨਾਨਕੀ ਜੀ ਦੇ ਨਾਂ ‘ਚੱਕ ਨਾਨਕੀ’ ਰਖਿਆ ਗਿਆ”। (ਪ੍ਰਿ: ਸਤਬੀਰ ਸਿੰਘ ‘ਇਤਿ ਜਿਨਿ ਕਰੀ’ ਪੰਨਾ 67)
ਉਪ੍ਰੋਕਤ ਹਵਾਲਿਆਂ ਤੋਂ ਸਪੱਸ਼ਟ ਹੈ ਕਿ ਗੁਰੂ ਤੇਗ ਬਹਾਦਰ ਜੀ ਵੱਲੋਂ ਚੱਕ ਨਾਨਕੀ ਦੀ ਮੋੜ੍ਹੀ ਭਾਵ ਨੀਂਹ 21 ਹਾੜ ਸੰਮਤ 1722 ਬਿਕ੍ਰਮੀ, ਦਿਨ ਸੋਮਵਾਰ ਨੂੰ ਰਖਵਾਈ ਗਈ ਸੀ। ਯਾਦ ਰਹੇ ਗੁਰੂ ਹਰਿਗੋਬਿੰਦ ਸਾਹਿਬ ਦੀ ਦਾ ਜਨਮ 21 ਹਾੜ ਸੰਮਤ 1652 ਬਿਕ੍ਰਮੀ ਦਿਨ ਵੀਰਵਾਰ ਨੂੰ ਗੁਰੂ ਕੀ ਵਡਾਲੀ ਵਿਖੇ ਹੋਇਆ ਸੀ। ਗੁਰੂ ਤੇਗ ਬਹਾਦਰ ਜੀ ਨੇ ਨਵੇਂ ਨਗਰ ਦੀ ਮੋੜ੍ਹੀ ਇਸੇ ਦਿਨ ਭਾਵ 21 ਹਾੜ ਨੂੰ ਗਡਵਾਈ ਸੀ ਅਤੇ ਨਵੇਂ ਨਗਰ ਦਾ ਨਾਮ ਆਪਣੀ ਮਾਤਾ ਨਾਨਕੀ ਜੀ ਦੇ ਨਾਮ ਤੇ, ‘ਚੱਕ ਨਾਨਕੀ’ ਰੱਖਿਆ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ ਸੂਰਜੀ ਬਿਕ੍ਰਮੀ ਕੈਲੰਡਰ (ਦ੍ਰਿਕਗਿਣਤ ਸਿਧਾਂਤ) ਵਿੱਚ ਭਾਵੇ ਇਹ ਦਿਹਾੜਾ ਦਰਜ ਨਹੀਂ ਹੈ। ਪਰ ਸ਼੍ਰੋਮਣੀ ਕਮੇਟੀ ਇਹ ਦਿਹਾੜਾ ਹਰ ਸਾਲ 19 ਜੂਨ ਨੂੰ ਮਨਾਉਂਦੀ ਹੈ। 19 ਜੂਨ 1665 ਈ:, ਜੂਲੀਅਨ ਕੈਲੰਡਰ ਦੀ ਤਾਰੀਖ ਹੈ। ਇਹ ਕੈਲੰਡਰ ਕਦੇ ਵੀ ਆਪਣੇ ਦੇਸ਼ ਵਿੱਚ ਲਾਗੂ ਨਹੀਂ ਹੋਇਆ। ਪੋਪ ਗਰੈਗਰੀ ਵੱਲੋਂ ਜੂਲੀਅਨ ਕੈਲੰਡਰ ਵਿੱਚ ਅਕਤੂਬਰ 1582 ਈ: ਵਿੱਚ ਕੀਤੀ ਗਈ ਸੋਧ ਨੂੰ, ਇੰਗਲੈਂਡ ਨੇ ਸਤੰਬਰ 1752 ਈ: ਵਿੱਚ ਪ੍ਰਵਾਨ ਕੀਤਾ ਸੀ। ਈਸਟ ਇੰਡੀਆ ਕੰਪਨੀ ਵੱਲੋਂ ਪਲਾਸੀ ਦੀ ਲੜਾਈ (23 ਜੂਨ 1757 ਈ:, ਗਰੈਗੋਰੀਅਨ) ਤੋਂ ਪਿਛੋਂ ਹੀ ਇਥੇ ਪੱਕੇ ਤੌਰ ਤੇ ਪੈਰ ਪਸਾਰਨੇ ਆਰੰਭ ਹੋਏ ਸੀ। ਇਸ ਲਈ ਇਹ ਦਾਵੇ ਨਾਲ ਕਿਹਾ ਜਾ ਸਕਦਾ ਹੈ ਕਿ ਆਪਣੇ ਦੇਸ਼ ਵਿੱਚ ਅੰਗਰੇਜਾਂ ਦੇ ਆਉਣ ਨਾਲ, ਗਰੈਗੋਰੀਅਨ ਕੈਲੰਡਰ ਹੀ ਆਇਆ ਸੀ ਨਾਕਿ ਜੂਲੀਅਨ। ਪੰਜਾਬ ਵਿਚ ਤਾਂ ਅੰਗਰੇਜੀ ਕੈਲੰਡਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਿਛੋਂ ਆਇਆ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਕੈਲੰਡਰ ਕਦੇ ਆਪਣੇ ਖਿਤੇ ਵਿੱਚ ਲਾਗੂ ਹੀ ਨਹੀਂ ਹੋਇਆ, ਉਸ ਮੁਤਾਬਕ ਇਤਿਹਾਸਿਕ ਦਿਹਾੜੇ ਕਿਵੇਂ ਮਨਾਏ ਜਾ ਸਕਦੇ ਹਨ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ, ਸੂਰਜੀ ਬਿਕ੍ਰਮੀ ਕੈਲੰਡਰ (ਦ੍ਰਿਕਗਿਣਤ ਸਿਧਾਂਤ, ਸਾਲ ਦੀ ਲੰਬਾਈ 365.2563 ਦਿਨ) ਛਾਪਿਆ ਜਾਂਦਾ ਹੈ। ਇਸ ਵਿੱਚ ਉਨ੍ਹਾਂ ਇਤਿਹਾਸਿਕ ਦਿਹਾੜਿਆਂ ਨੂੰ ਵੀ ਪ੍ਰਵਿਸ਼ਟਿਆਂ ਵਿੱਚ ਹੀ ਦਰਜ ਕੀਤਾ ਜਾਂਦਾ ਹੈ ਜੋ ਇਤਿਹਾਸਿਕ ਵਸੀਲਿਆਂ ਵਿੱਚ ਵਦੀ-ਸੁਦੀ ਮੁਤਾਬਕ ਦਰਜ ਹਨ। “ਆਨੰਦਪੁਰ ਸਾਹਿਬ ਦਾ ਸਥਾਪਨਾ ਦਿਵਸ” ਤਾਂ ਇਤਿਹਾਸਕ ਵਸੀਲਿਆਂ ਵਿੱਚ ਪਹਿਲਾ ਹੀ ਪ੍ਰਵਿਸ਼ਟਿਆਂ ਮੁਤਾਬਕ, 21 ਹਾੜ ਦਰਜ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਮੁਤਾਬਕ 19 ਜੂਨ ਨੂੰ 5 ਹਾੜ ਹੈ। ਜਦੋਂ ਕਿ 21 ਹਾੜ, 5 ਜੁਲਾਈ ਨੂੰ ਆਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਮਜ਼ਬੂਰੀ ਹੈ ਕਿ ‘ਚੱਕ ਨਾਨਕੀ’ ਦੀ ਮੋੜ੍ਹੀ ਗੱਡਣ ਦਾ ਇਤਿਹਾਸਕ ਦਿਹਾੜਾ ਭਾਵ “ਆਨੰਦਪੁਰ ਸਾਹਿਬ ਦਾ ਸਥਾਪਨਾ ਦਿਵਸ” 5 ਹਾੜ ਨੂੰ ਮਨਾਉਂਦੀ ਹੈ? ਇਹ ਦਿਹਾੜਾ ਇਤਿਹਾਸ ਵਿੱਚ ਦਰਜ ਅਸਲ ਪ੍ਰਵਿਸ਼ਟੇ ਮੁਤਾਬਕ, 21 ਹਾੜ ਨੂੰ ਕਿਉ ਨਹੀਂ ਮਨਾਇਆ ਜਾਂਦਾ? ਇਸੇ ਅਸਥਾਨ ਉੱਪਰ ਖਾਲਸਾ ਸਾਜਨਾ ਦਿਹਾੜਾ 1 ਵੈਸਾਖ (14 ਅਪ੍ਰੈਲ) ਨੂੰ ਮਨਾਇਆ ਜਾਂਦਾ ਹੈ ਜਦੋਂ ਕਿ ਸੰਮਤ 1756 ਬਿਕ੍ਰਮੀ ਵਿੱਚ 1 ਵੈਸਾਖ ਨੂੰ 29 ਮਾਰਚ ਸੀ। ਇਕ ਦਿਹਾੜਾ ਅਸਲ ਪ੍ਰਵਿਸ਼ਟੇ ਭਾਵ ਇਕ ਵੈਸਾਖ ਨੂੰ ਅਤੇ ਇਕ ਦਿਹਾੜਾ ਜੂਲੀਅਨ ਕੈਲੰਡਰ 19 ਜੂਨ ਮੁਤਾਬਕ ਮਨਾਉਣਾ, ਇਤਿਹਾਸ ਨੂੰ ਵਿਗਾੜਨਾ ਕਿਵੇਂ ਨਹੀਂ ਹੈ?
ਸਾਰੇ ਦਿਹਾੜੇ ਅਸਲ ਪ੍ਰਵਿਸ਼ਟਿਆਂ ਮੁਤਾਬਕ ਕਿਉਂ ਨਹੀਂ ਮਨਾਏ ਜਾ ਸਕਦੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਰੀਖਾਂ ਦਾ ਰੋਲ-ਘਚੋਲਾ ਕਿਉਂ ਪਾਈ ਰੱਖਣਾ ਚਾਹੁੰਦੀ ਹੈ? ਇਸ ਨੂੰ ਕਮੇਟੀ ਦੀ ਅਗਿਆਨਤਾ ਸਮਝੀਏ ਜਾਂ ਡੂੰਘੀ ਸਾਜ਼ਿਸ਼?
ਸਰਵਜੀਤ ਸਿੰਘ ਸੈਕਰਾਮੈਂਟੋ
ਚੱਕ ਨਾਨਕੀ ਦੀ ਮੋੜ੍ਹੀ
Page Visitors: 80