ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਨ ਕੋਈ ਮਰੈ ਨ ਆਵੈ ਜਾਇਆ-2 :-
-: ਨ ਕੋਈ ਮਰੈ ਨ ਆਵੈ ਜਾਇਆ-2 :-
Page Visitors: 100

-: ਨ ਕੋਈ ਮਰੈ ਨ ਆਵੈ ਜਾਇਆ-2 :-
 ਗੁਰਮਤਿ ਦੇ ਆਵਾਗਵਣ ਸਿਧਾਂਤ ਨੂੰ ਨਾ ਮੰਨਣ ਵਾਲੇ ਅਜੋਕੇ ਕੁੱਝ ਵਿਦਵਾਨ ‘ਪਵਨੈ ਮਹਿ ਪਵਨੁ ਸਮਾਇਆ…’ ਸ਼ਬਦ ਦੀ ਉਦਾਹਰਣ ਦੇ ਕੇ ਅਕਸਰ ਹੀ ਕਹਿੰਦੇ ਹਨ ਕਿ ਦੇਖੋ- ਪੰਜ ਤੱਤੀ ਸਰੀਰ ਦੀ ਮਿੱਟੀ, ਧਰਤੀ ਦੀ ਮਿੱਟੀ ਵਿੱਚ ਮਿਲ ਗਈ, ਸਵਾਸ ਹਵਾ ਵਿੱਚ ਮਿਲ ਗਏ, ਜੋਤਿ ਪ੍ਰਭੂ ਵਿੱਚ ਜਾ ਮਿਲੀ। ਮੁੜ ਜੰਮਣ ਲਈ ਬਾਕੀ ਕੁਝ ਵੀ ਨਹੀਂ ਬਚਿਆ। ਇਸ ਦੇ ਨਾਲ ਸ਼ਬਦ ਵਿੱਚੋਂ ਹੋਰ ਦਲੀਲਾਂ ਦਿੱਤੀਆਂ ਜਾਂਦੀਆਂ ਹਨ-
  ‘ਕਉਨੁ ਮੂਆ ਰੇ ਕਉਨੁ ਮੂਆ’-
ਅਰਥਾਤ ਕੁਝ ਵੀ ਜੰਮਦਾ ਮਰਦਾ ਨਹੀਂ। ਅਤੇ,
 ‘ ਨਹ ਕੋ ਮੂਆ ਨ ਮਰਣੈ ਜੋਗੁ॥
   ਨਹ ਬਿਨਸੈ ਅਬਿਨਾਸੀ ਹੋਗੁ
॥’
- ਅਰਥਾਤ ਜਦੋਂ ਕੁਝ ਜੰਮਦਾ ਮਰਦਾ ਹੀ ਨਹੀਂ ਤਾਂ ਕਿਵੇਂ ਕਿਹਾ ਜਾਂਦਾ ਹੈ ਕਿ ਇਸ ਜਨਮ ਤੋਂ ਬਾਅਦ ਫਿਰ ਜਨਮ ਹੈ?      ਅਤੇ,
  ‘ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥
   ਨ ਕੋਈ ਮਰੈ ਨ ਆਵੈ ਜਾਇਆ
॥’          ਅਰਥਾਤ,
 ਜੰਮਣ ਮਰਨ ਵਾਲਾ ਤਾਂ ਬ੍ਰਾਹਮਣ ਦਾ ਪਾਇਆ, ਭਰਮ ਹੀ ਹੈ।ਇਸ ਜਨਮ ਤੋਂ ਬਾਅਦ ਫੇਰ ਕੋਈ ਜਨਮ-ਮਰਨ ਅਰਥਾਤ ਆਵਾਗਵਣ ਨਹੀਂ ਹੈ।
 ਆਵਾਗਵਣ ਨਾ ਹੋਣ ਸੰਬੰਧੀ ਅਕਸਰ ਹੀ ਅਜੋਕੇ ਕੁੱਝ ਵਿਦਵਾਨਾਂ ਵੱਲੋਂ ਉਪਰਲੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਪਰ ਸਾਰੇ ਸ਼ਬਦ ਨੂੰ ਜ਼ਰਾ ਧਿਆਨ ਨਾਲ ਵਿਚਾਰਨ ਦੀ ਜਰੂਰਤ ਹੈ।
 ਪਹਿਲੀ ਤਾਂ ਗੱਲ ਇਹ ਸ਼ਬਦ ਆਵਾਗਵਣ ਵਿਸ਼ੇ ਸੰਬੰਧੀ ਹੈ ਹੀ ਨਹੀਂ। ਸਾਰੇ ਸ਼ਬਦ ਦਾ ਮੁਖ ਭਾਵ ਹੈ ਕਿ ਕਿਸੇ ਦੀ ਜੀਵਨ-ਅਵਧੀ ਸਮਾਪਤ ਹੋ ਜਾਣ ਤੇ ਜਦੋਂ ਉਹ ਸਰੀਰ ਛੱਡ ਜਾਂਦਾ ਹੈ ਤਾਂ ਸਕੇ ਸੰਬੰਧੀ ਉਸ ਨੂੰ ਮਰਿਆ ਸਮਝਕੇ ਰੋਂਦੇ ਅਤੇ ਦੁਖੀ ਹੁੰਦੇ ਹਨ। ਪਰ ਅਸਲ ਗੱਲ ਤਾਂ ਇਹ ਹੈ ਕਿ ਇਸ ਸਰੀਰ ਵਿੱਚ ਵਸਣ ਵਾਲਾ ਜੀਵ ਕਦੇ ਮਰਦਾ ਹੀ ਨਹੀਂ, ਜੀਵ ਦਾ ਇਸ ਪੰਜ ਤੱਤੀ ਸਰੀਰ ਨਾਲੋਂ ਵਿਛੋੜਾ ਹੁੰਦਾ ਹੈ।
 ਸ਼ਬਦ ਦਾ ਤੀਜਾ ਬੰਦ ਹੈ-
   ‘ਨਹ ਕੋ ਮੂਆ ਨ ਮਰਣੈ ਜੋਗ॥
    ਨਹਿ ਬਿਨਸੈ ਅਬਿਨਾਸੀ ਹੋਗੁ
॥3॥’
 ਏਥੇ ਗੁਰੂ ਸਾਹਿਬ ਸਮਝਾ ਰਹੇ ਹਨ ਕਿ, ਇਸ ਸਰੀਰ ਦੇ ਅੰਦਰ ਜੋ ਜੀਵ ਹੈ, ਅਰਥਾਤ ਸਰੀਰ ਦੇ ਅੰਦਰ ਜੋ ਅਸੀਂ ਹਾਂ, ਸਾਡਾ ਆਪਾ ਹੈ, ਸਾਡਾ ਆਤਮ/ਆਤਮਾ ਜਾਂ ਜੀਵਾਤਮਾ ਹੈ ਇਹ ਜੰਮਦਾ ਮਰਦਾ ਨਹੀਂ।ਸਾਡਾ ਇਹ ਆਤਮ/ਆਪਾ/ਜੀਵਾਤਮਾ ਪ੍ਰਭੂ ਦੇ ਹੁਕਮ ਵਿੱਚ (ਕੋਈ ਸਰੀਰ-ਚੋਲਾ ਧਾਰਕੇ ਸੰਸਾਰ ਤੇ) ਆਉਂਦਾ ਅਤੇ ਜਾਂਦਾ ਹੈ।
 ਸ਼ਬਦ ਦਾ ਚਉਥਾ ਬੰਦ-
  ‘ਨ ਕੋਈ ਮਰੈ ਨ ਆਵੈ ਜਾਇਆ॥4॥’
 ਇਹਨਾ ਤੁਕਾਂ ਨੂੰ ਜ਼ਰਾ ਚੰਗੀ ਤਰ੍ਹਾਂ ਸਮਝਣ ਅਤੇ ਵਿਚਾਰਨ ਦੀ ਲੋੜ ਹੈ- ਇਸ ਜਨਮ ਤੋਂ ਬਾਅਦ ਫੇਰ ਜਨਮ ਹੈ ਜਾਂ ਨਹੀਂ, ਇਹ ਗੱਲ ਤਾਂ ਬਾਅਦ ਵਿੱਚ ਆਏਗੀ, ਜੇ ਪਹਿਲਾਂ ਇਸ ਜਨਮ ਤੋਂ ਕੋਈ ਜਾਏਗਾ, ਅਰਥਾਤ ਜਦੋਂ ਕੋਈ ਮਰੇਗਾ।
 ਹੁਣ ਜੇ ਤਾਂ ‘ਨ ਕੋਈ ਮਰੈ ਨ ਆਵੈ ਜਾਇਆ’ ਤੁਕ ਦੇ ਹਵਾਲੇ ਨਾਲ ਤੁਕ ਵਿੱਚੋਂ ‘ਨਾ ਆਵੇ’ ਲਫਜ਼ਾਂ ਨੂੰ ਲੈ ਕੇ ਇਸ ਜਨਮ ਤੋਂ ਬਾਅਦ ਫੇਰ ਜਨਮ ਨੂੰ ਰੱਦ ਕਰਦੇ ਹਨ ਤਾਂ ਇਸ ਮੌਜੂਦਾ ਜਨਮ ਨੂੰ ਵੀ ਰੱਦ ਕਰਨਾ ਪਏਗਾ। ਫੇਰ ਤੁਕ ਵਿੱਚ ਆਏ, ‘ਨ ਕੋਈ ਮਰੈ ਨ .. ਜਾਇਆ’ ਲਫਜ਼ਾਂ ਦੇ ਹਵਾਲੇ ਨਾਲ, ਜੀਵਨ- ਅਵਧੀ ਸਮਾਪਤ ਹੋਣ ਤੇ ਜੀਵ ਦਾ ਮਰਣਾ ਅਤੇ ਸੰਸਾਰ ਤੋਂ ਜਾਣਾ ਵੀ ਰੱਦ ਕਰਨਾ ਪਏਗਾ, ਕਿਉਂਕਿ ਫੁਰਮਾਨ ਹੈ- “ਨ ਕੋਈ ਮਰੈ ਨ .. ਜਾਇਆ”। 
 ਫੇਰ ਤਾਂ ਸੁਖਮਨੀ ਸਾਹਿਬ ਦੀ ਤੁਕ
 ‘ਨਹ ਕਿਛੁ ਜਨਮੈ ਨਹ ਕਿਛੁ ਮਰੈ॥,
 ਦੇ ਹਵਾਲੇ ਨਾਲ ਇਸ ਜੀਵਨ ਵਿੱਚ ਜਨਮ ਲੈ ਕੇ ਆਉਣ ਅਤੇ ਮਰਨ ਨੂੰ ਵੀ ਰੱਦ ਕਰਨਾ ਪਏਗਾ।
 ਪਰ ਸੰਸਾਰ ਤੇ ਤਾਂ ਅਸੀਂ ਜਨਮ ਲੈ ਕੇ ਆਏ ਵੀ ਹਾਂ ਅਤੇ ਮਰ ਕੇ ਸੰਸਾਰ ਤੋਂ ਜਾਣਾ ਵੀ ਹੈ।ਇਸ ਗੱਲ ਤੋਂ ਤਾਂ ਇਨਕਾਰੀ ਹੋ ਹੀ ਨਹੀਂ ਸਕਦੇ।ਇਸ ਗੱਲ ਨੂੰ ਕਿਵੇਂ ਰੱਦ ਕਰਾਂਗੇ?
ਹੁਣ ਜੇ ਜਨਮ ਲੈ ਕੇ ਆਏ ਵੀ ਹਾਂ ਅਤੇ ਮਰ ਕੇ ਜਾਣਾ ਵੀ ਹੈ ਤਾਂ ਸਾਫ ਜਾਹਰ ਹੈ ਕਿ ਇਸ ਪੰਗਤੀ ਵਿੱਚ ਆਵਾਗਵਣ ਬਾਰੇ ਗੱਲ ਨਹੀਂ ਕੀਤੀ ਗਈ। ਗੁਰਬਾਣੀ ਥਾਂ- ਥਾਂ ਤੇ ਮੁੜ-ਮੁੜ ਜਨਮ ਲੈਣ ਦੀ ਗੱਲ ਕਰਦੀ ਹੈ। ਦੇਖੋ ਗੁਰਬਾਣੀ ਫੁਰਮਾਨ ਹੈ-
  “ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥ (ਪੰਨਾ 472)
  “ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ॥ (ਪੰਨਾ 450)
  “ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥” (ਪੰਨਾ 466)
  “ਬਿਨੁ ਸਤਿਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ॥ (ਪੰਨਾ 26)
  “ਜਨਮਿ ਮਰੈ ਫਿਰਿ ਜੋਨੀ ਆਵੈ ਦਰਗਹ ਮਿਲੈ ਸਜਾਈ॥ (ਪੰਨਾ 607) ….
 ਬਹੁਤ ਸਾਰੀਆਂ ਗੁਰਬਾਣੀ ਉਦਾਹਰਣਾਂ ਹਨ, ਜਿੰਨ੍ਹਾਂ ਵਿੱਚ ਫਿਰ ਫਿਰ ਜਨਮ ਲੈਣ ਦੀ ਗੱਲ ਕਹੀ ਗਈ ਹੈ।
 ਦਰ ਅਸਲ, “ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥” ਅਤੇ ‘ਨ ਕੋਈ ਮਰੈ ਨ ਆਵੈ ਜਾਇਆ॥’ ਇਸ ਆਪਾ-ਵਿਰੋਧੀ ਲੱਗਣ ਵਾਲੀ ਗੱਲ ਨੂੰ ਸਮਝਣ ਦੀ ਜਰੂਰਤ ਹੈ। ਨਾ ਕੁਝ ਜੰਮਦਾ ਹੈ ਨਾ ਮਰਦਾ ਹੈ ਦਾ ਕੀ ਭਾਵ ਹੈ- ਇਸ ਸਰੀਰ ਵਿੱਚ ਵਸਦਾ ਜੀਵ ਜੋ ਕਿ ਪ੍ਰਭੂ ਦੀ ਅੰਸ਼ ਹੈ, ਕਦੇ ਜੰਮਦਾ ਮਰਦਾ ਨਹੀਂ। ਅਰਥਾਤ, ਸਰੀਰ ਦੇ ਅੰਦਰ ਜਿਹੜਾ ਸਾਡਾ ਆਤਮ/ਆਤਮਾ, ਜੀਵ/ ਜੀਵਾਤਮਾ ਹੈ ਇਹ ਜੰਮਦਾ ਮਰਦਾ ਨਹੀਂ।
 ਇਸੇ ਸ਼ਬਦ ਦੀ ਪੰਗਤੀ-
  “ਨਹ ਕੋ ਮੂਆ ਨ ਮਰਣੈ ਜੋਗੁ ॥
   ਨਹ ਬਿਨਸੈ ਅਬਿਨਾਸੀ ਹੋਗੁ
॥”
 ਜੰਮਣ-ਮਰਨ ਰਹਿਤ ਅਬਿਨਾਸ਼ੀ ਪਰਮਾਤਮਾ ਦੀ ਅੰਸ਼ ਹੋਣ ਕਰਕੇ ਇਹ ਜੀਵ ਵੀ ਅਬਿਨਾਸ਼ੀ ਹੈ ਇਸ ਲਈ ਇਹ ਜੰਮਦਾ-ਮਰਦਾ ਨਹੀਂ। ਇਹ ਜੀਵਾਤਮਾ ਜੰਮਦਾ ਮਰਦਾ ਨਹੀਂ (ਸਿਰਫ ਸਰੀਰਕ ਚੋਲਾ ਬਦਲਕੇ ਸੰਸਾਰ ਤੇ ਆਉਂਦਾ-ਜਾਂਦਾ ਹੈ)।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ- “ਨ ਕੋਈ ਮਰੈ ਨ ਆਵੈ ਜਾਇਆ” ਤੁਕ ਦੇ ਹੁੰਦਿਆਂ ਅਸੀਂ ਜਨਮ ਲੈ ਕੇ ਆਏ ਵੀ ਹਾਂ ਅਤੇ ਮਰ ਕੇ ਜਾਣਾ ਵੀ ਹੈ, ਤਾਂ ਗੱਲ ਸਾਫ ਹੈ ਕਿ ਇਹ ਤੁਕਾਂ ਇਸ ਜਨਮ ਤੋਂ ਬਾਅਦ ਫੇਰ ਜਨਮ ਲੈ ਕੇ ਆਉਣ ਨੂੰ ਰੱਦ ਨਹੀਂ ਕਰਦੀਆਂ।      ਅਰਥਾਤ
  “ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ॥ (ਪੰਨਾ 450)
  “ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥” (ਪੰਨਾ 466)
 ਵਰਗੀਆਂ ਇਹਨਾਂ ਪੰਗਤੀਆਂ ਦੇ ਹੁੰਦਿਆਂ ਗੁਰਮਤਿ ਅਨੁਸਾਰ ਇਸ ਜਨਮ ਤੋਂ ਬਾਅਦ ਫੇਰ ਜਨਮ ਹੈ।ਇਸ ਜਨਮ ਤੋਂ ਬਾਅਦ ਫੇਰ ਜਨਮ ਨੂੰ ਰੱਦ ਕਰਨ ਵਾਲੇ ਸੱਜਣ, ਜਾਣੇ-ਅਨਜਾਣੇ ਗੁਰਮਤਿ ਦਾ ਗ਼ਲਤ ਪ੍ਰਚਾਰ ਕਰਕੇ ਗੁਰਮਤਿ ਪ੍ਰੇਮੀਆਂ ਵਿੱਚ ਭੁਲੇਖੇ ਖੜ੍ਹੇ ਕਰ ਰਹੇ ਹਨ। ਜਾਂ ਤੇ ਇਹਨਾ ਸੱਜਣਾਂ ਨੂੰ ਗੁਰਬਾਣੀ-ਅਰਥ ਕਰਨ ਲੱਗਿਆਂ ਗੁਰੂ ਪ੍ਰਤੀ ਅਤੇ ਆਪਣੇ ਆਪ ਪ੍ਰਤੀ ਇਮਾਨਦਾਰ ਹੋਣ ਦੀ ਜਰੂਰਤ ਹੈ।ਨਹੀਂ ਤਾਂ ਸਾਨੂੰ ਇਹਨਾਂ ਅਜੋਕੇ ਵਿਦਵਾਨਾਂ ਤੋਂ ਸਾਵਧਾਨ ਹੋਣ ਦੀ ਜਰੂਰਤ ਹੈ।
  ਜਸਬੀਰ ਸਿੰਘ ਵਿਰਦੀ 09-07-2023

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.