< ਤੇਰਵਾਂ ਮਹੀਨਾ >
ਸਰਵਜੀਤ ਸਿੰਘ ਸੈਕਰਾਮੈਂਟੋ
ਅਕਾਲ ਪੁਰਖ ਦੇ ਬਣਾਏ ਹੋਏ ਨਿਯਮ ਮੁਤਾਬਕ, ਚੰਦ ਧਰਤੀ ਦੁਵਾਲੇ ਅਤੇ ਧਰਤੀ ਸੂਰਜ ਦੁਵਾਲੇ, ਇਕ ਖਾਸ ਗਤੀ ਨਾਲ ਘੁੰਮਦੀ ਹੈ। ਇਸ ਗਤੀ ਨੂੰ ਕਾਬੂ ਕਰਨਾ ਇਨਸਾਨ ਦੇ ਵੱਸ ਦਾ ਰੋਗ ਨਹੀ ਹੈ। ਹਾਂ! ਇਸ ਗਤੀ ਨੂੰ ਸਮਝ ਕੇ, ਇਸ ਦੀ ਵਰਤੋ ਕਰਨੀ ਇਨਸਾਨ ਨੇ ਜ਼ਰੂਰ ਸਿੱਖ ਲਈ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜਦੋਂ ਇਸ ਧਰਤੀ ਤੇ ਇਨਸਾਨ ਨੇ ਹੋਸ਼ ਸੰਭਾਲੀ ਤਾਂ ਚੰਦ ਦੇ ਚਾਨਣੇ ਪੱਖ ਅਤੇ ਹਨੇਰੇ ਪੱਖ ਨੂੰ ਮੁੱਖ ਰੱਖ ਕੇ ਹੀ ਕੈਲੰਡਰ ਬਣਾਏ ਗਏ ਸਨ। ਜਿਵੇਂ-ਜਿਵੇਂ ਇਨਸਾਨ ਦੀ ਜਾਣਕਾਰੀ `ਚ ਵਾਧਾ ਹੁੰਦਾ ਗਿਆ ਤਾਂ ਕੈਲੰਡਰ `ਚ ਸੋਧਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਮਨੁੱਖ ਨੇ ਆਪਣੀ ਸਹੂਲਤ ਲਈ ਚੰਦ, ਧਰਤੀ ਅਤੇ ਸੂਰਜ ਦੇ ਆਪਸੀ ਰਿਸ਼ਤੇ ਨੂੰ ਸਮਝ ਕੇ ਅਤੇ ਇਨ੍ਹਾਂ ਦੀ ਚਾਲ ਦੀ ਗਿਣਤੀ-ਮਿਣਤੀ ਕਰਕੇ ਵੱਖ-ਵੱਖ ਕੈਲੰਡਰ ਬਣਾਏ ਹਨ। ਜਿਵੇਂ ਹਿਜਰੀ ਕੈਲੰਡਰ, ਇਹ ਚੰਦ ਅਧਾਰਿਤ ਕੈਲੰਡਰ ਹੈ। ਅੰਗਰੇਜੀ ਕੈਲੰਡਰ, ਸੂਰਜੀ ਕੈਲੰਡਰ ਹੈ। ਬਿਕ੍ਰਮੀ ਕੈਲੰਡਰ, ਚੰਦ ਅਤੇ ਸੂਰਜੀ ਕੈਲੰਡਰ ਦਾ ਸੁਮੇਲ ਹੈ। ਨਾਨਕਸ਼ਾਹੀ ਕੈਲੰਡਰ, ਸੂਰਜੀ ਕੈਲੰਡਰ ਹੈ।
ਧਰਤੀ ਆਪਣੇ ਧੁਰੇ ਦੁਵਾਲੇ ਘੁੰਮਦੀ ਹੈ, ਜਿਸ ਕਾਰਨ ਦਿਨ ਅਤੇ ਰਾਤ ਬਣਦੇ ਹਨ। ਇਹ ਚੱਕਰ 24 ਘੰਟੇ ਵਿੱਚ ਪੂਰਾ ਹੁੰਦਾ ਹੈ। ਚੰਦ, ਧਰਤੀ ਦੁਵਾਲੇ ਘੁੰਮਦਾ ਹੈ। ਇਹ ਚੱਕਰ 29.53 ਦਿਨਾਂ `ਚ ਪੂਰਾ ਕਰਦਾ ਹੈ। ਇਹ ਚੰਦ ਦਾ ਇਕ ਮਹੀਨਾ ਗਿਣਿਆ ਜਾਂਦਾ ਹੈ। ਚੰਦ ਦੇ ਕੈਲੰਡਰ ਵਿੱਚ 12 ਮਹੀਨੇ (ਚੇਤ ਤੋਂ ਫੱਗਣ) ਅਤੇ ਸਾਲ ਵਿੱਚ 354.37 ਦਿਨ ਹੁੰਦੇ ਹਨ। ਧਰਤੀ ਸੂਰਜ ਦੁਵਾਲੇ ਆਪਣਾ ਇਕ ਚੱਕਰ 365.2422 ਦਿਨਾਂ `ਚ ਪੂਰਾ ਕਰਦੀ ਹੈ ਇਸ ਨੂੰ ਰੁੱਤੀ ਸਾਲ (Tropical Year) ਕਹਿੰਦੇ ਹਨ। ਧਰਤੀ ਉੱਪਰ ਰੁੱਤਾਂ ਇਸੇ ਲੰਬਾਈ ਮੁਤਾਬਕ ਬਦਲਦੀਆਂ ਹਨ। ਬਿਕ੍ਰਮੀ ਕੈਲੰਡਰ ਵਿੱਚ ਸੂਰਜੀ ਸਾਲ ਦੀ ਲੰਬਾਈ ਤਾਰਿਆਂ ਤੇ ਅਧਾਰਿਤ (Sidereal year), 365.2563 ਦਿਨ ਮੰਨੀ ਜਾਂਦੀ ਹੈ। ਰੁੱਤੀ ਸਾਲ ਤੋਂ ਇਹ ਲੰਬਾਈ ਲੱਗ-ਭੱਗ 20 ਮਿੰਟ ਵੱਧ ਹੈ। ਇਸ ਕਾਰਨ ਬਿਕ੍ਰਮੀ ਕੈਲੰਡਰ ਵਿੱਚ ਰੁੱਤਾਂ ਸਥਿਰ ਨਹੀਂ ਹਨ।
ਚੰਦ ਦਾ ਇਕ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਇਸਲਾਮ ਧਰਮ ਵਿੱਚ ਪ੍ਰਚਲਤ ਹਿਜਰੀ ਕੈਲੰਡਰ ਚੰਦ ਅਧਾਰਿਤ ਕੈਲੰਡਰ ਹੈ। ਇਸ ਕਾਰਨ ਇਸਲਾਮ ਧਰਮ ਦੇ ਪਵਿੱਤਰ ਦਿਹਾੜੇ ਹਰ ਸਾਲ (ਸੂਰਜੀ ਕੈਲੰਡਰ ਮੁਤਾਬਕ) ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਆਉਂਦੇ ਹਨ। ਪਰ, ਬਿਕ੍ਰਮੀ ਕੈਲੰਡਰ ਵਿੱਚ ਅਜੇਹਾ ਨਹੀਂ ਹੁੰਦਾ।
ਚੰਦ ਦਾ ਸਾਲ, ਇਕ ਸੂਰਜੀ ਸਾਲ ਵਿੱਚ 11 ਦਿਨ, ਦੋ ਸਾਲਾਂ ਵਿੱਚ 22 ਦਿਨ ਅਤੇ ਤੀਜੇ ਸਾਲ 33 ਦਿਨ ਪਿੱਛੇ ਰਹਿ ਜਾਵੇਗਾ। ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ, ਇਸ ਵਿੱਚ ਇਕ ਹੋਰ ਮਹੀਨਾ ਜੋੜ ਦਿੱਤਾ ਜਾਂਦਾ ਹੈ। ਭਾਵ ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਕਰ ਦਿੱਤੇ ਜਾਂਦੇ ਹਨ। ਇਸ ਵਾਧੂ ਮਹੀਨੇ ਨੂੰ ਮਲ ਮਾਸ ਭਾਵ ਅਸ਼ੁਭ ਮਹੀਨਾ
ਮੰਨਿਆ ਜਾਂਦਾ ਹੈ ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾਂਦਾ। ਚੰਦ ਦੇ ਸਧਾਰਨ ਸਾਲ ਵਿੱਚ 354 ਦਿਨ ਹੁੰਦੇ ਹਨ, ਉਹ ਤੇਰਵਾਂ ਮਹੀਨਾ ਭਾਵ ਮਲ ਮਾਸ ਆਉਣ ਕਾਰਨ 384-85 ਦਿਨ ਹੋ ਜਾਂਦੇ ਹਨ। ਅਜੇਹਾ 19 ਸਾਲਾਂ ਵਿੱਚ 7 ਵਾਰ ਕੀਤਾ ਜਾਂਦਾ ਹੈ। ਜਦੋਂ ਮੱਸਿਆ ਤੋਂ ਮੱਸਿਆ ਦੇ ਦਰਮਿਆਨ ਸੂਰਜ ਰਾਸ਼ੀ ਨਾ ਬਦਲੇ, ਭਾਵ ਸੰਗਰਾਂਦ ਨਾ ਆਵੇ ਤਾਂ ਉਹ ਮਹੀਨਾ ਦੁਬਾਰਾ ਆ ਜਾਂਦਾ ਹੈ। ਇਸ ਸਾਲ ਸਾਵਣ ਦਾ ਆਰੰਭ (ਸਾਵਣ ਵਦੀ ਏਕਮ) 4 ਜੁਲਾਈ ਨੂੰ ਹੋਇਆ ਹੈ। ਸੂਰਜ ਕਰਕ ਰਾਸ਼ੀ (ਸਾਵਣ ਦੀ ਸੰਗਰਾਂਦ) ਵਿੱਚ 16 ਜੁਲਾਈ ਨੂੰ ਪ੍ਰਵੇਸ਼ ਕਰੇਗਾ। ਸਾਵਣ ਦੀ ਮੱਸਿਆ 17 ਜੁਲਾਈ ਨੂੰ ਹੋਵੇਗੀ।
ਹੁਣ ਅਗਲੀ ਮੱਸਿਆ 16 ਅਗਸਤ ਨੂੰ ਆਵੇਗੀ ਪਰ ਸੂਰਜ 17 ਅਗਸਤ ਨੂੰ ਸਿੰਘ ਰਾਸ਼ੀ (ਭਾਦੋਂ ਦੀ ਸੰਗਰਾਂਦ) ਵਿੱਚ ਪ੍ਰਵੇਸ਼ ਕਰੇਗਾ। ਇਸ ਲਈ ਸੰਮਤ 2080 ਬਿਕ੍ਰਮੀ (2023-24 ਈ:) ਵਿੱਚ ਸਾਵਣ ਦਾ ਮਹੀਨਾ ਮੁੜ ਗਿਣਿਆ ਜਾਵੇਗਾ। ਸੰਮਤ 2083 ਵਿੱਚ ਜੇਠ ਦਾ ਮਹੀਨਾ, ਸੰਮਤ 2086 ਵਿੱਚ ਚੇਤ ਦਾ ਮਹੀਨਾ, ਸੰਮਤ 2088 ਵਿੱਚ ਭਾਦੋਂ ਦਾ ਮਹੀਨਾ ਅਤੇ ਸੰਮਤ 2091 ਬਿਕ੍ਰਮੀ ਵਿੱਚ ਹਾੜ ਦਾ ਮਹੀਨਾ ਤੇਰਵਾਂ ਮਹੀਨਾ ਭਾਵ ਮਲ ਮਾਸ ਹੋਵੇਗਾ।
ਇਸ ਸਾਲ (ਸੰਮਤ 2080 ਬਿਕ੍ਰਮੀ/2023-24 ਈ:) ਚੰਦ ਦੇ ਸਾਲ ਦੇ ਤੇਰਾਂ ਮਹੀਨੇ ਹਨ। ਇਕ ਸ਼ੁਭ ਸਾਵਣ ਅਤੇ ਦੂਜਾ ਅਸ਼ੁਭ ਸਾਵਣ। ਸਾਵਣ ਮਹੀਨੇ ਦਾ ਆਰੰਭ 4 ਜੁਲਾਈ ਨੂੰ ਹੋਇਆ ਹੈ। ਪਹਿਲੇ ਸਾਵਣ ਦਾ ਪਹਿਲਾ ਪੱਖ (ਸ਼ੁਭ ਵਦੀ ਪੱਖ) 4 ਜੁਲਾਈ ਤੋਂ 17 ਜੁਲਾਈ ਤੀਕ ਹੋਵੇਗਾ। ਪਹਿਲੇ ਸਾਵਣ ਦਾ ਦੂਜਾ ਪੱਖ (ਅਸ਼ੁਭ ਸੁਦੀ ਪੱਖ) 18 ਜੁਲਾਈ ਤੋਂ 1 ਅਗਸਤ ਤੀਕ ਹੋਵੇਗਾ। ਦੂਜੇ ਸਾਵਣ ਦਾ ਪਹਿਲਾ ਪੱਖ (ਅਸ਼ੁਭ ਵਦੀ ਪੱਖ) 2 ਅਗਸਤ ਤੋਂ 16 ਅਗਸਤ ਤੀਕ ਹੋਵੇਗਾ।
ਦੂਜੇ ਸਾਵਣ ਦਾ ਦੂਜਾ ਪੱਖ (ਸ਼ੁਭ ਸੁਦੀ ਪੱਖ) 17 ਅਗਸਤ ਤੋਂ 31 ਅਗਸਤ ਤੀਕ ਹੋਵੇਗਾ। ਪਹਿਲੇ ਸਾਵਣ ਦਾ ਪਹਿਲਾ ਪੱਖ ਸ਼ੁਭ, ਪਹਿਲੇ ਸਾਵਣ ਦਾ ਦੂਜਾ ਪੱਖ ਅਸ਼ੁਭ, ਦੂਜੇ ਸਾਵਣ ਦਾ ਪਹਿਲਾ ਪੱਖ ਅਸ਼ੁਭ ਅਤੇ ਦੂਜੇ ਸਾਵਣ ਦਾ ਦੂਜਾ ਪੱਖ ਸ਼ੁਭ ਹੋਵੇਗਾ। 18 ਜੁਲਾਈ ਤੋਂ 16 ਅਗਸਤ ਤਾਂਈ ਅਸ਼ੁਭ ਪੱਖ ਭਾਵ ਮਲ ਮਾਸ ਹੋਵੇਗਾ।
ਚੰਦ ਦਾ ਸਾਲ, ਸੂਰਜੀ ਸਾਲ ਤੋਂ 11 ਦਿਨ ਛੋਟਾ ਹੋਣ ਕਾਰਨ ਆਮ ਤੌਰ ਤੇ ਇਤਿਹਾਸਿਕ ਦਿਹਾੜੇ ਪਿਛਲੇ ਸਾਲ ਤੋਂ 11 ਦਿਨ ਪਹਿਲਾ ਆ ਜਾਂਦੇ ਹਨ। ਪਰ ਮਲ ਮਾਸ ਆਉਣ ਕਰਕੇ, ਉਸ ਤੋਂ ਪਿਛੋਂ ਆਉਣ ਵਾਲੇ ਦਿਹਾੜੇ ਪਿਛਲੇ ਸਾਲ ਤੋਂ 18-19 ਦਿਨ ਪਛੜ ਕੇ ਆਉਂਦੇ ਹਨ। ਜਿਵੇ; ਪੋਹ ਸੁਦੀ 7 ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਸਾਲ 2022 ਈ: ਵਿੱਚ 9 ਜਨਵਰੀ ਨੂੰ ਆਇਆ ਸੀ। ਇਸ ਤੋਂ ਅਗਲਾ ਗੁਰਪੁਰਬ, ਇਸ ਤੋਂ 11 ਦਿਨ ਪਹਿਲਾ ਭਾਵ 29 ਦਸੰਬਰ 2022 ਈ: ਨੂੰ ਆਇਆ ਸੀ। ਇਸ ਹਿਸਾਬ ਨਾਲ ਤਾਂ 2023 ਵਿੱਚ ਇਹ ਗੁਰਪੁਰਬ 18 ਦਸੰਬਰ 2023 ਨੂੰ ਆਉਣਾ ਚਾਹੀਦਾ ਸੀ ਪਰ ਨਹੀਂ! ਇਸ ਸਾਲ ਚੰਦ ਦੇ ਕੈਲੰਡਰ ਵਿੱਚ ਮਲ ਮਾਸ ਹੋਣ ਕਾਰਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 17 ਜਨਵਰੀ 2024 ਈ: ਵਿੱਚ ਆਵੇਗਾ। ਇਸ ਤੋਂ ਅਗਲਾ ਗੁਰਪੁਰਬ 6 ਜਨਵਰੀ 2025 ਈ: ਨੂੰ ਆਵੇਗਾ।
ਬਿਕ੍ਰਮੀ ਕੈਲੰਡਰ, ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਬਹੁਤ ਪਹਿਲਾ ਦਾ ਪ੍ਰਚੱਲਤ ਹੈ। ਗੁਰੂ ਨਾਨਕ ਜੀ ਦਾ ਪ੍ਰਕਾਸ਼ ਸੰਮਤ 1526 ਬਿਕ੍ਰਮੀ ਵਿੱਚ ਹੋਇਆ ਸੀ। ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ, ਜੋ ਗੁਰੂ ਕਾਲ ਵੇਲੇ ਲਾਗੂ ਸੀ, ਉਸ ਦੇ ਸਾਲ ਦੀ ਲੰਬਾਈ 365.2587 ਦਿਨ (ਸੂਰਜੀ ਸਿਧਾਂਤ) ਸੀ।
ਨਵੰਬਰ 1964 ਈ: ਵਿੱਚ ਹਿੰਦੂ ਵਿਦਵਾਨਾਂ ਵੱਲੋਂ ਸੋਧ ਕਰਕੇ, ਸਾਲ ਦੀ ਲੰਬਾਈ 365.2563 ਦਿਨ ਮੰਨ ਲਈ ਗਈ ਸੀ। ਹੁਣ ਇਸ ਨੂੰ ਦ੍ਰਿਕਗਿਣਤ ਸਿਧਾਂਤ ਕਹਿੰਦੇ ਹਨ। ਇਸ ਸੋਧ ਨੂੰ ਸ਼੍ਰੋਮਣੀ ਕਮੇਟੀ ਸਮੇਤ ਅਖੌਤੀ ਬ੍ਰਹਮ ਗਿਆਨੀਆਂ ਵੱਲੋਂ ਬਿਨਾ ਕਿਸੇ ਹੀਲ-ਹੁੱਜਤ ਦੇ ਪ੍ਰਵਾਨ ਕਰ ਲਿਆ ਗਿਆ ਸੀ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕੈਲੰਡਰ ਵਿੱਚ ਹਿੰਦੂ ਵਿਦਵਾਨਾਂ ਵੱਲੋਂ 1964 ਈ: ਵਿੱਚ ਕੀਤੀ ਗਈ ਸੋਧ ਤਾਂ ਪ੍ਰਵਾਨ ਹੈ ਪਰ ਸਿੱਖ ਵਿਦਵਾਨਾਂ ਵੱਲੋਂ ਇਕ ਦਹਾਕੇ ਦੀ ਵਿਚਾਰ-ਚਰਚਾ ਉਪ੍ਰੰਤ ਸਾਲ ਦੀ ਲੰਬਾਈ ਵਿੱਚ ਕੀਤੀ ਗਈ ਸੋਧ ਪ੍ਰਵਾਨ ਨਹੀਂ। ਖਾਲਸਾ ਜੀ ਜਰਾ ਸੋਚੋ! ਕੀ ਕੋਈ ਦਿਨ ਅਸ਼ੁਭ ਵੀ ਹੋ ਸਕਦਾ ਹੈ? ਕਿਸੇ ਦਿਨ ਦਾ ਸ਼ੁਭ-ਅਸ਼ੁਭ ਹੋਣਾ ਜਾਂ ਪੂਰਾ ਮਹੀਨਾ ਹੀ ਅਸ਼ੁਭ ਭਾਵ ਮਲ ਮਾਸ, ਕੀ ਇਹ ਗੁਰਮਤਿ ਵਿੱਚ ਪ੍ਰਵਾਨ ਹੈ?
ਸਰਵਜੀਤ ਸਿੰਘ ਸੈਕਰਾਮੈਂਟੋ
< ਤੇਰਵਾਂ ਮਹੀਨਾ >
Page Visitors: 62