ਪੰਡਿਤਰਾਓ ਧਰੇਨੰਵਰ
ਇਕ ਮੇਰੀ ਵਿਦਿਆਰਥਣ ਨੇ ਮੇਰੇ ਕੋਲ ਆ ਕੇ ਮੈਨੂੰ ਬੇਨਤੀ ਕੀਤੀ ਕਿ ਕੁੱਝ ਦਿਨ ਲਈ ਉਹ ਕਲਾਸ ਨਹੀਂ ਲਗਾ ਸਕਦੀ। ਮੈਂ ਪੁੱਛਿਆ ਕਿਉਂ ਨਹੀਂ ਲਗਾ ਸਕਦੀ। ਤੁਰੰਤ ਉਹ ਕਹਿਣ ਲੱਗੀ ਕਿ ਉਹ ਯੂਥ ਫੈਸਟੀਵਲ ਵਿੱਚ ਗਿੱਧੇ ਦਾ ਹਿੱਸਾ ਬਣ ਰਹੀ ਹੈ। ਮੈਂ ਖੁਸ਼ੀ ਨਾਲ ਵਿਦਿਆਰਥਣ ਨੂੰ ਵਧਾਈ ਦਿੱਤੀ ਕਿ ਪੰਜਾਬ ਦੇ ਅਮੀਰ ਵਿਰਾਸਤ ਨੂੰ ਸੰਭਾਲੋ ਅਤੇ ਯੂਥ ਫੈਸਟੀਵਲ ਦੇ ਵਿੱਚ ਇਨਾਮ ਜਿੱਤ ਕੇ ਆਓ।
ਵਧਾਈ ਦੇਣ ਤੋਂ ਬਾਅਦ ਮੈਂ ਵਿਦਿਆਰਥਣ ਨੂੰ ਪੁੱਛਿਆ ਕਿ ਗਿੱਧਾ ਦੀਆਂ ਕੁੱਝ ਬੋਲੀਆਂ ਤਾਂ ਮੈਨੂੰ ਸੁਣਾਓ ਜਿਹੜੀਆਂ ਫੈਸਟੀਵਲ ਦੇ ਵਿੱਚ ਪੇਸ਼ ਕਰਨ ਜਾ ਰਹੀ ਹੈ। ਵਿਦਿਆਰਥਣ ਨੇ ਖੁਸ਼ੀ ਨਾਲ ਬੋਲੀ ਬੋਲਣ ਲੱਗੀ "ਬਣ ਕੇ ਪਟੋਲਾ ਮੇਲਣ ਆਈ, ਨੱਚ-ਨੱਚ ਕਰੂੰ ਕਮਾਲ, ਵਿਹੜੇ ਲੰਬੜਾ ਦੇ, ਪੈਦੇ ਦੇਖ ਧਮਾਲਾ"। ਇਸ ਬੋਲੀ ਨੂੰ ਸੁਣ ਕੇ ਮੈਂ ਹੈਰਾਨ ਹੋਇਆ ਅਤੇ ਬਹੁਤ ਦੁੱਖੀ ਵੀ ਹੋਇਆ ਕਿ ਹੁਣ ਤੱਕ ਸਾਡੇ ਬੱਚਿਆਂ ਇਹੋ ਜਿਹਾ ਅਸ਼ਲੀਲ, ਪੁਰਸ਼ ਪ੍ਰਧਾਨ ਸਮਾਜ ਦੀ ਸੋਚ ਤੇ ਨੱਚ ਰਹੇ ਹਨ। ਇਸ ਦੁੱਖ ਦੀ ਗੱਲ ਤੇ ਇਕ ਦਿਨ ਸੋਚਣ ਤੋਂ ਬਾਅਦ ਮੈਂ ਇਹ ਫੈਸਲਾ ਲਿਆ ਕਿ ਇਹੋ ਜਿਹੀ ਬੋਲੀ ਤੇ ਜਿਹੜੇ ਵਿਦਿਆਰਥੀ ਗਿੱਧੇ ਵਿੱਚ ਨੱਚ ਰਹੇ ਹਨ ਉਹ ਵਿਦਿਆਰਥੀ ਮੇਰੇ ਕਲਾਸ ਤੋਂ ਬਾਹਰ ਕੱਢੇ ਜਾਣ।
ਅਗਲੇ ਦਿਨ ਦੇ ਕਲਾਸ ਵਿੱਚ ਮੇਰੇ ਫੈਸਲੇ ਨੂੰ ਮੈਂ ਆਪਣੀ ਕਲਾਸ ਵਿੱਚ ਸਭ ਦੇ ਸਾਹਮਣੇ ਸੁਣਾ ਦਿੱਤਾ ਅਤੇ ਗਿਧੇ ਵਿੱਚ ਹਿੱਸਾ ਲੈਣ ਵਾਲੇ ਉਸ ਵਿਦਿਆਰਥਣ ਨੂੰ ਕਲਾਸ ਵਿੱਚ ਬੁਲਾਇਆ ਗਿਆ। ਮੁੱਦੇ ਤੇ ਵਿਸਥਾਰ ਵਿੱਚ ਚਰਚਾ ਹੋਈ। ਚਰਚੇ ਤੋਂ ਬਾਅਦ ਪੂਰੀ ਕਲਾਸ ਵੱਲੋਂ ਇਹ ਫੈਸਲਾ ਵੀ ਹੋਇਆ ਕਿ ਇਹੋ ਜਿਹੇ ਗਾਣੇ ਤੇ ਨੱਚਣ ਵਾਲੇ ਕਲਾਸ ਵਿੱਚ ਨਹੀਂ ਬੈਠ ਸਕਦੇ। ਮੈਂ ਉਨ੍ਹਾਂ ਵਿਦਿਆਰਥੀਆਂ ਨੂੰ ਇਕ ਦਿਨ ਦਾ ਸਮਾਂ ਵੀ ਦਿੱਤਾ ਕਿ ਉਹ ਬੋਲੀ ਦੇ ਉਸ ਸ਼ਬਦ ਨੂੰ ਹਟਾਉਣ ਜਾਂ ਦੂਜੇ ਸੈਕਸ਼ਨ ਵਿੱਚ ਜਾ ਕੇ ਬੈਠ ਜਾਣ। ਮੈਂ ਉਹਨਾਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਇਹੋ ਜਿਹੀ ਬੋਲੀ ਤੇ ਬਿਨ ਸੋਚੇ ਨਹੀਂ ਨੱਚਣਾ ਚਾਹੀਦਾ। ਉਹ ਵਿਦਿਆਰਥੀ ਕਹਿਣ ਲੱਗੇ ਕਿ ਸਾਡੇ ਪੰਜਾਬ ਵਿੱਚ ਇਸੇ ਤਰ੍ਹਾ ਹੀ ਹੁੰਦਾ ਹੈ। ਮੈਂ ਕਿਹਾ ਕਿ ਇਸ ਤਰ੍ਹਾਂ ਨਹੀਂ ਹੁੰਦਾ ਕਿ ਪੰਜਾਬਣ ਨੂੰ ਪਟੋਲਾ ਬਣਾ ਕੇ ਲੰਬੜਦਾਰ ਦੇ ਵਿਹੜੇ ਤੇ ਨਚਾਇਆ ਜਾਵੇ।
ਅਰੇ! ਪੰਜਾਬੀ ਲੋਕ ਤਾਂ ਭਗਵਾਨ ਦੀ ਯਾਦ ਵਿੱਚ ਨੱਚਦੇ ਹਨ । ਜੇਕਰ ਤੁਹਾਨੂੰ ਪਟੋਲਾ ਬਣ ਕੇ ਨੱਚਣਾ ਹੀ ਹੈ ਤਾਂ ਇਕੋ ਇਕ ਪ੍ਰਮਾਤਮਾ ਹੈ, ਉਹਨਾ ਦੇ ਸਾਹਮਣੇ ਜਿਨ੍ਹਾ ਮਰਜੀ ਨੱਚਣਾ ਹੈ ਤਾਂ ਨੱਚੋ ਪਰ ਮੈਂ ਤੁਹਾਨੂੰ ਤੁੱਛ ਮਾਨਵ ਲੰਬੜਦਾਰ ਦੇ ਸਾਹਮਣੇ ਨਹੀਂ ਨੱਚਣ ਦੇਵਾਂਗਾ। ਇਹ ਸੁਣ ਕੇ ਬੱਚਿਆਂ ਨੇ ਤਾਲੀਆਂ ਤਾਂ ਨਹੀਂ ਮਾਰੀਆਂ ਪਰ ਚਾਰੋ ਪਾਸੇ ਵਾਹੁ-ਵਾਹੁ ਦੀ ਗੂੰਜ ਮੈਨੂੰ ਸੁਣਾਈ ਦਿੱਤੀ। ਸਾਡੇ ਬੱਚੇ ਹੁਣ ਤੱਕ ਕਿਹੜੀ ਬੋਲੀ ਤੇ ਤਾਲੀ ਮਾਰ ਕੇ ਨੱਚਣ ਤੇ ਕਿਹੜੀ ਬੋਲੀ ਤੇ ਤਾਲੀ ਮਾਰ ਕੇ ਨਹੀਂ ਨੱਚਣ, ਇਹ ਸਿੱਖਿਆ ਹੀ ਨਹੀਂ। ਸਾਡੇ ਬੱਚਿਆਂ ਨੂੰ ਬੋਲੀ ਸਿਖਾਉਣ ਵਾਲੇ ਵੀ ਅਮੀਰ ਪੰਜਾਬੀ ਵਿਰਾਸਤ ਨੂੰ ਸਮਝਾਇਆ ਹੀ ਨਹੀਂ। ਅਮੀਰ ਪੰਜਾਬੀ ਵਿਰਾਸਤ ਨੂੰ ਮੇਰੇ ਵਰਗੇ ਕਰਨਾਟਕ ਤੋਂ ਆਏ ਹੋਏ ਤੁੱਛ ਮਾਨਵ ਵੀ ਪੂਰੀ ਤਰ੍ਹਾਂ ਨਹੀਂ ਸਮਝਿਆ ਹੋਵੇਗਾ, ਪਰ ਇਹ ਮੈਂ ਖੂਬ ਜਾਣਦਾ ਹਾਂ ਕਿ ਗਿੱਧੇ ਵਿੱਚ ਪੰਜਾਬਣ ਨੂੰ ਪਟੋਲਾ ਬਨਾਉਣ ਅਤੇ ਉਸਨੂੰ ਲੰਬੜਦਾਰ ਦੇ ਵਿਹੜੇ ਵਿੱਚ ਨਚਵਾਉਣਾ ਬਿਲਕੁੱਲ ਗਲਤ ਹੈ।
ਅਮੀਰ ਪੰਜਾਬੀ ਸੱਭਿਆਚਾਰ ਨੂੰ ਪ੍ਰਸਤੁਤ ਕਰਨ ਦਾ ਇਕ ਅਨੌਖਾ ਤਰੀਕਾ ਹੈ ਗਿੱਧਾ ਪਰ ਉਸ ਗਿੱਧੇ ਦੀਆਂ ਬਹੁਤ ਸਾਰੀਆਂ ਬੋਲੀਆਂ ਮੈਨੂੰ ਤਾਂ ਪੁਰਸ਼ ਪ੍ਰਧਾਨ ਸਮਾਜ ਦੀ ਪ੍ਰਤੀਕ ਲੱਗਦੇ ਹਨ। ਬਹੁਤ ਸਾਰੀਆਂ ਬੋਲੀਆਂ ਹੁਣ ਤੱਕ ਸੱਸ-ਨੂੰਹ ਦੇ ਇਰਧ-ਗਿਰਧ ਘੁੰਮਦੀਆਂ ਹਨ। ਭਰੂਣ ਹੱਤਿਆਂ, ਨਸ਼ਾ, ਸ਼ਰਾਬੀਪਣ ਵਰਗੇ ਬਹੁਤ ਸਾਰੇ ਸਮਾਜਿਕ ਮਸਲਿਆਂ ਤੇ ਬੋਲੀਆਂ ਘੱਟ ਸਗੋਂ ”ਮੈਂ ਨੱਚਿਆਂ ਮੋਰ ਬਣਕੇ” ਵਰਗੇ ਬੋਲੀ ਵਿੱਚ ਪੰਜਾਬਣ ਨੂੰ ਨਚਵਾਉਣਾ ਹਰ ਪਾਸੇ ਪੇਸ਼ ਹੁੰਦੇ ਹਨ। ਇਹ ਸਾਰੀਆਂ ਬੋਲੀਆਂ ਸਮਾਜ ਦੀ ਪ੍ਰਤੀਬਿੰਧ ਨਹੀਂ ਹੁੰਦੇ ਹਨ। ਅਮੀਰ ਪੰਜਾਬੀ ਸੱਭਿਆਚਾਰ ਨੂੰ ਠੀਕ ਢੰਗ ਨਾਲ ਪੇਸ਼ ਕਰਨਾ ਛੱਡ ਕੇ ਪੁਰਸ਼ ਪ੍ਰਧਾਨ ਸਮਾਜ ਨੂੰ ਦਰਸਾਉਣ ਵਾਲੀਆਂ ਬੋਲੀਆਂ ਤੇ ਸਾਡੇ ਬੱਚੇ ਨੱਚਦੇ ਹੋਏ ਅਸੀ ਕਿੱਦਾ ਵੇਖ ਸਕਦੇ ਹਾਂ?
"ਬਣ ਕੇ ਪਟੋਲਾ" ਵਰਗੇ ਬੋਲੀ ਅਨਪੜ੍ਹ ਲੋਕ ਜੇਕਰ ਗਾ ਕੇ ਨੱਚਦੇ ਹੁੰਦੇ ਤਾਂ ਮੈ ਉਹਨਾਂ ਨੂੰ ਮੁਆਫ ਕਰ ਸਕਦਾ ਸੀ, ਪਰ ਜਿਥੇ ਪੜ੍ਹਾਈ-ਲਿਖਾਈ ਹੁੰਦੀ ਹੈ, ਜਿਥੇ ਗਿਆਨ ਦੀ ਗੱਲ ਹੁੰਦੀ ਹੈ, ਜਿਥੇ ਗੁਰੂ-ਦੁਆਰਾ ਪ੍ਰਮਾਤਮਾ ਨੂੰ ਮਿਲਣ ਦਾ ਯਤਨ ਹੁੰਦਾ ਹੈ, ਉੱਥੇ ਔਰਤ ਨੂੰ ਪਟੋਲਾ ਬਣਾ ਕੇ ਨਚਵਾਉਣਾ ਮੈਂ ਨਹੀਂ ਸਹਿ ਸਕਦਾ। ਇਸ ਲਈ ਭਾਵੇ ਨਤੀਜਾ ਕੁੱਝ ਵੀ ਹੋਵੇ, ਨਾਂ ਸਿਰਫ ਮੌਜੂਦਾ ਵਿਦਿਆਰਥੀਆਂ ਬਲਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਇਹੋ ਜਿਹੇ ਬੋਲੀ ਤੇ ਮੈਂ ਨਹੀਂ ਨੱਚਣ ਦੇਵਾਂਗਾ। ਨਾਂ ਸਿਰਫ ਚੰਡੀਗੜ੍ਹ ਦੇ ਇਕ-ਇਕ ਕਾਲਜ ਵਿੱਚ ਜਾਂ ਕੇ ਵਿਦਿਆਰਥੀਆਂ ਨੂੰ ਦੱਸਾਂਗਾ ਬਲਕਿ ਪੰਜਾਬ ਦੇ ਪਿੰਡਾਂ ਦੀ ਹਰ ਗੱਲੀ ਵਿੱਚ ਜਾ ਕੇ ਔਰਤ ਨੂੰ ਮੈਂ ਇਹ ਦੱਸਾਂਗਾ ਕਿ ਜਾਗੋ ਪੰਜਾਬੀ ਔਰਤੋ ਜਾਗੋ, ਪੁਰਸ਼ ਦੇ ਵਿਆਹ ਵਿੱਚ ”ਜਾਗੋ ਆਈ ਜਾਗੋ” ਗਾ ਕੇ ਪੂਰੀ ਰਾਤ, ਸਭ ਨੂੰ ਜਗਾਉਣ ਵਾਲੀ ਪੰਜਾਬੀ ਔਰਤੋ ਤੁਹਾਨੂੰ ਖੁਦ ਜਾਗਣ ਦੀ ਲੋੜ ਹੈ !