ਅਮਰਜੀਤ ਸਿੰਘ ਚੰਦੀ
ਸਿੱਖ ਅਤੇ ਗੁਰੂ! (ਭਾਗ 3)
Page Visitors: 97
ਸਿੱਖ ਅਤੇ ਗੁਰੂ! (ਭਾਗ 3)
2, ਗੁਰੂ ਗ੍ਰੰਥ ਸਾਹਿਬ ਵਿਚ ਬੈਠੇ ਮਹਾਂ-ਪੁਰਸ਼ ?
ਨਾਨਕ ਜੋਤ ਨੇ ਆਪਣੇ ਨਾਲ, ਹਰ ਉਸ ਮਨੁੱਖ ਨੂੰ ਥਾਂ ਦਿੱਤੀ ਹੈ, ਜੋ ਅਲੱਗ ਅਲੱਗ ਧਰਮਾਂ ਨੂੰ ਨਕਾਰ ਕੇ ਪਰਮਾਤਮਾ ਦੇ ਧਰਮ ਦੇ ਧਾਰਨੀ ਸਨ, ਭਾਵੇਂ ਉਹ ਬ੍ਰਾਹਮਣ ਰੂਪ ਵਿਚ ਭੱਟ ਸਨ, ਜਾਂ ਮੁਸਲਮਾਨ ਰੂਪ ਵਿਚ ਸ਼ੇਖ-ਫਰੀਦ, ਜਾਂ ਜੁਲਾਹੇ ਰੂਪ ਵਿਚ ਭਗਤ ਕਬੀਰ ਜੀ, ਜਾਂ ਚਮਾਰ ਰੂਪ ਵਿਚ ਭਗਤ ਰਵਿਦਾਸ ਜੀ, ਜਾਂ ਛੀਂਬੇ ਰੂਪ ਵਿਚ ਭਗਤ ਨਾਮਦੇਉ ਜੀ, ਜਾਂ ਜੱਟ ਰੂਪ ਵਿਚ ਭਗਤ
ਧੰਨਾ ਜੀ, ਜਾਂ ਸੂਫੀ-ਫਕੀਰ ਦੇ ਰੂਪ ਵਿਚ ਭਗਤ ਭੀਖਣ ਜੀ, ਜਾਂ ਕਸਾਈ ਰੂਪ ਵਿਚ ਭਗਤ ਸਧਨਾ ਹੀ, ਜਾਂ ਸਭ ਕੁਝ ਲਾਂਝੇ ਛੱਡ ਕੇ, ਰੱਬ ਦੇ ਧਰਮ ਦੇ, ਭਗਤ ਤ੍ਰਿਲੋਚਨ ਜੀ, ਭਗਤ ਬੇਣੀ ਜੀ, ਭਗਤ ਜੈਦੇਵ ਜੀ, ਭਗਤ ਰਾਮਾਨੰਦ ਜੀ, ਭਗਤ ਪੀਪਾ ਜੀ, ਭਗਤ ਪਰਮਾਨੰਦ ਜੀ, ਭਗਤ ਸੂਰਦਾਸ ਜੀ । ਇਸ ਤੋਂ ਇਲਾਵਾ ਸਿੱਖ ਵੀ।
3, ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ?
ਇਕ ਪਰਮਾਤਮਾ (ਨਿਰਾਕਾਰ) ਸਭ ਕੁਝ ਕਰਨ ਵਾਲਾ, ਇਹ ਸਾਰਾ ਸੰਸਾਰ, ਜਿਸ ਦਾ ਆਪਣਾ ਹੀ ਆਕਾਰ ਹੈ, ਉਸ ਆਕਾਰ
(ਕੁਦਰਤ) ਵਿਚੋਂ ਉਸ ਨਿਰਾਕਾਰ ਦੀ ਝਲਕ ਵੇਖੀ ਜਾ ਸਕਦੀ ਹੈ,
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ॥8॥ (141)
ਹੇ ਨਾਨਕ, ਸਦਾ ਰਹਿਣ ਵਾਲਾ ਸਿਰਫ ਉਹੀ ਹੈ, ਜੋ ਇਨ੍ਹਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ, ਉਸ ਦੀ ਰਚੀ
ਕੁਦਰਤ ਵਿਚੋਂ ਹੁੰਦੀ ਹੈ।
ਉਹ ਆਪ ਵੀ ਸਦਾ ਰਹਿਣ ਵਾਲਾ ਹੈ, ਉਸ ਦਾ ਨਾਮ, ਰਜ਼ਾ, ਹੁਕਮ ਵੀ ਸਦਾ ਰਹਿਣ ਵਾਲਾ ਹੈ। ਸਭ ਕੁਝ ਕਰਨ ਵਾਲਾ ਅਤੇ
ਸਰਿਸ਼ਟੀ ਦਾ ਇਕੋ-ਇਕ ਪੁਰਖ ਉਹ ਆਪ ਹੀ ਹੈ।
ਇਸ ਜਗ ਮਹਿ ਪੁਰਖ ਏਕ(591/19)
ਉਸ ਨੂੰ ਕਿਸੇ ਦਾ ਡਰ ਨਹੀਂ। ਉਸ ਨੂੰ ਕਿਸੇ ਨਾਲ ਵੈਰ ਨਹੀਂ। ਉਸ ਦੀ ਹੋਂਦ ਸਮੇ ਦੇ ਗੇੜ ਤੋਂ ਸੱਖਣੀ ਹੈ। ਉਹ ਜੂਨਾਂ ਦੇ ਗੇੜ ਤੋਂ ਬਾਹਰ ਹੈ,
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ (473)
ਉਸ ਦੀ ਹੋਂਦ ਆਪਣੇ-ਆਪ ਤੋਂ ਹੈ। ਉਸ ਬਾਰੇ ਸੋਝੀ, ਸ਼ਬਦ-ਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਉਸ ਤੋਂ ਅੱਗੇ ਫਿਰ ਸਾਫ ਕੀਤਾ ਹੈ ਕਿ ਸਿੱਖਾਂ ਨੇ ਕਿਸ ਦੀ ਭਗਤੀ ਕਰਨੀ ਹੈ ? ਕਿਸ ਦਾ ਨਾਮ ਜਪਣਾ ਹੈ ?ਕਿਸ ਦਾ ਹੁਕਮ,
ਕਿਸ ਦੀ ਰਜ਼ਾ ਮੰਨਣੀ ਹੈ ?
॥ਜਪੁ॥
ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥1॥
ਇਕ ਇਕ ਸਿੱਖ ਨੇ ਉਸ ਦੀ ਆਰਾਧਨਾ ਕਰਨੀ ਹੈ, ਉਸ ਦਾ ਜਪ ਕਰਨਾ ਹੈ, ਉਸ ਦਾ ਹੁਕਮ ਮੰਨਣਾ ਹੈ, ਉਸ ਦਾ ਕੀਰਤਨ ਕਰਨਾ ਹੈ, ਉਸ ਦਾ ਸਿਮਰਨ ਕਰਨਾ ਹੈ, ਜੋ ਜਦੋਂ ਪਰਮਾਤਮਾ ਆਪਣੇ ਆਪ ਵਿਚ ਹੀ ਟਿਕਿਆ ਹੋਇਆ ਸੀ, ਉਸ ਵੇਲੇ ਵੀ ਹੋਂਦ ਵਾਲਾ ਸੀ। ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ, (ਜਦੋਂ ਜੁਗ ਸ਼ੁਰੂ ਹੋਏ) ਉਸ ਤੋਂ ਪਹਿਲਾਂ ਵੀ ਹੋਂਦ ਵਾਲਾ ਸੀ, ਜੋ ਅੱਜ ਵੀ ਹੋਂਦ ਵਾਲਾ ਹੈ ਅਤੇ ਆਉਣ ਵਾਲੇ ਸਮੇ ਵਿਚ ਵੀ ਹੋਂਦ ਵਾਲਾ ਹੀ ਹੋਵੇਗਾ।
ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖਾਂ ਲਈ ਪਹਿਲਾ ਸੰਦੇਸ਼ ਹੈ। ਇਸ ਤੋਂ ਮਗਰੋਂ ਗੁਰਬਾਣੀ ਸ਼ੁਰੂ ਹੁੰਦੀ ਹੈ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਗੁਰਬਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੋ ਸੰਦੇਸ਼ ਗੁਰੂ ਸਾਹਿਬ, ਨਾਨਕ-ਜੋਤ ਨੇ ਸਿੱਖ ਨੂੰ ਦਿੱਤਾ ਹੈ, ਸਿੱਖ ਉਸ ਸੰਦੇਸ਼ ਨੂੰ ਕਿੰਨੀ ਕੁ ਮਾਨਤਾ ਦਿੰਦੇ ਹਨ ?
ਅਮਰ ਜੀਤ ਸਿੰਘ ਚੰਦੀ (ਚਲਦਾ)