*ਝਿਮਿ ਝਿਮਿ ਵਰਸੈ ਅੰਮ੍ਰਿਤਧਾਰਾ*
ਸਿਰਲੇਖ ਵਾਲੀ ਤੁਕ ਮਾਝ ਰਾਗ ਦੇ ਸ਼ਬਦ ਨੰ: ॥4॥19॥26॥ ਪੰਨਾ 102 ਦੀ ਹੈ । ਭਾਵ ਅਰਥ ਅਤੇ ਵਿਆਖਿਆ ਥਲੇ ਅੰਕਿਤ ਹਨ:-
ਮਾਝ ਮਹਲਾ 5 ॥ ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥
ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥1॥
ਸਭ ਕੁਝ ਸਰੀਰ ਰੂਪੀ ਘਰ ਵਿਚ ਹੀ ਹੈ । ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਹਿਰਦੇ ’ਚ ਟਿਕ ਕੇ ਪਰਮਾਤਮਾ ਨੂੰ ਲਭ ਲਿਆ, ਉਹ ਅੰਦਰ ਬਾਹਰ,
ਦੂਹੀਂ ਥਾਈਂ ਸੁਖੀ ਰਹਿੰਦੇ ਹਨ । ਜਿਹੜੇ ਅੰਤਰਿਆਤਮੇ ਟਿਕ ਕੇ ਸਿਮਰਨ ਨਹੀਂ ਕਰਦੇ, ਬਾਹਰ ਢੂੰਡਦੇ ਫਿਰਦੇ ਹਨ ਉਹ ਭਟਕਣਾ ਵਿਚ ਪੈ ਕੇ ਖੁਆਰ
ਹੁੰਦੇ ਹਨ॥1॥
ਝਿਮਿ ਝਿਮਿ ਵਰਸੈ ਅੰਮ੍ਰਿਤਧਾਰਾ ॥ ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥
ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਉ ॥2॥
ਆਤਮਕ ਅਡੋਲਤਾ ਦੀ ਅਵਸਥਾ ’ਚ ਟਿਕ ਕੇ ( ਗੁਰੂ ਬਦਲ ਤੋਂ ) ਨਾਮ ਅੰਮ੍ਰਿਤ ਦੀ ਮਿਠੀ-ਮਿਠੀ ਧੁਨੀ ਗੁਰਮੁਖ ਦੇ ਹਿਰਦੇ ਵਿਚ ਉਤਰਦੀ ਜਾਂਦੀ ਹੈ । ਗੁਰੂ ਦਾ ਸ਼ਬਦ ਸੁਣ ਕੇ, ਪ੍ਰਭੂ ਦੀ ਸਿਫਤਿ ਸਾਲਾਹ ਕਰ ਕੇ, ਉਸ ਦੇ ਗੁਣਾਂ ਦੀ ਵਿਚਾਰ ਕਰਕੇ ਗੁਰਮੁਖ ਨਾਮ ਨੂੰ ਅੰਦਰ ਟਿਕਾਈ ਜਾਂਦਾ ਹੈ ਅਤੇ ਦਿਨ
ਰਾਤ ਪ੍ਰਭੂ ਮਿਲਾਪ ਦਾ ਸੁਖ ਮਾਣਦਾ ਹੈ ॥2॥
ਜਨਮ ਜਨਮ ਕਾ ਵਿਛੁੜਿਆ ਮਿਲਿਆ ॥ ਸਾਧ ਕ੍ਰਿਪਾ ਤੇ ਸੂਕਾ ਹਰਿਆ ॥
ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ ॥3॥
ਜਨਮ-ਜਨਮਾਂਤਰਾਂ ਦਾ ਵਿਛੁੜਿਆ ਮਨੁਖ, ਪ੍ਰਭੂ ਦੀ ਸਿਫਤਿ ਸਾਲਾਹ ਕਰਨ ਦੀ ਬਰਕਤ ਨਾਲ ਫਿਰ ਹਰੀ ਨੂੰ ਮਿਲ ਪੈਂਦਾ ਹੈ । ਗੁਰੂ ਦੀ ਕਿਰਪਾ ਨਾਲ
ਰੁਖਾ ਹੋ ਚੁਕਿਆ ਮਨ ਹਰਾ ਭਰਾ ਹੋ ਜਾਂਦਾ ਹੈ । ਗੁਰੂ ਤੋਂ ਸੁਮਤਿ ਪ੍ਰਾਪਤ ਕਰਕੇ ਨਾਮ ਧਿਆ ੁਣ (ਪ੍ਰਭੂ ਦੇ ਗੁਣ ਗਾਉਂਣ) ਦੇ ਸਦਕਾ ਪ੍ਰਭੂ ਨਾਲ ਮੇਲ ਹੋ ਜਾਂਦਾ ਹੈ ॥3॥
ਜਲ ਤਰੰਗੁ ਜਿਉ ਜਲਹਿ ਸਮਾਇਆ ॥ ਤਿਉ ਜੋਤੀ ਸੰਗਿ ਜੋਤਿ ਮਿਲਾਇਆ ॥
ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ ॥4॥19॥26॥
ਮੇਲ ਕੈਸਾ ਹੋਇਆ? ਜਿਵੇਂ ਪਾਣੀ ਵਿਚੋਂ ਲਹਿਰ ਉਠ ਕੇ ਪਾਣੀ ’ਚ ਸਮਾ ਜਾਂਦੀ ਹੈ, ਤਿਵੇਂ ਜੋਤੀ ਨਾਲ ਜੋਤਿ ਦਾ ਮੇਲ ਹੋ ਗਿਆ । ਕਹਿੰਦੇ ਹਨ ਗੁਰੂ ਨਾਨਕ ਜੀ, ਭਰਮ ਦੇ ਤਖਤੇ ਕਟੇ ਗਏ, ਮੁੜ ਕੇ ਭਟਕਣ ਨਹੀਂ ਹੋਵੇਗੀ (ਮਾਇਆ ਦੀ ਦੌੜ ਭਜ ਮੁਕ ਗਈ) ॥4॥19॥26॥
ਗੁਰਬਾਣੀ ਦਾ ਉਪਦੇਸ਼ ਬੜਾ ਸਪਸ਼ਟ ਹੈ ।ਨਾਮ ਧਿਆਉਣਾ ਕੀ ਹੈ ? ਸ਼ਬਦ ਦੇ ਤੀਜੇ ਪਦੇ ਵਿਚ ਵਿਦ੍ਯਮਾਨ ਹੈ । ਨਾਮ ਦਾ ਆਸਰਾ ਲਏ ਬਿਨਾ ਮਨੁਖ ਵਿਕਾਰਾਂ ਦੇ ਟਾਕਰੇ ਤੇ ਜਿਤਣ ਤੋਂ ਅਸਮਰਥ ਰਹਿੰਦਾ ਹੈ ।
ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ-ਪੰਨਾ 581॥
ਪਤੰਗ ਚੜ੍ਹਾਣ ਵਾਲੇ , ਪਾਣੀ ਭਰਣ ਵਾਲੀ, ਘਰੋਂ ਚਾਰ ਕੋਹ ਤੇ ਚਰਦੀ ਗਊ, ਪੰਗੂੜੇ ਪਏ ਬਾਲ ਦੀਆਂ ਮਿਸਾਲਾਂ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਵੀ ਸਮਝਾਉਂਦੇ ਹਨ ਕਿ ਕੰਮ ਧੰਦਾ ਕਰਦਿਆਂ ਮਨੁਖ ਪ੍ਰਭੂ ਨਾਲ ਜੁੜਿਆ ਰਹਿ ਸਕਦਾ ਹੈ, ਨਾਮ ਧਿਆ ਸਕਦਾ ਹੈ।:-
ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥
ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥1॥………………………. ॥
ਅੰਤਰਿ ਬਾਹਰਿ ਕਾਜ ਬਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥4॥1॥-ਪੰਨਾ 972॥
ਪਤੰਗ ਉਡਾਉਂਦਾ ਹੋਇਆ ਮੁੰਡਾ ਆਪਣੇ ਚਾਰ ਦੋਸਤਾਂ ਨਾਲ ਗਲਾਂ ਕਰਦਾ ਹੈ ਪਰ ਉਸ ਦਾ ਧਿਆਨ ਪਤੰਗ ਦੀ ਡੋਰ ਵਿ¤ਚ ਹੁੰਦਾ ਹੈ । ਮੁਟਿਆਰਾਂ
ਪਿੰਡੀ ਥਾਈਂ ਖੂਹ ਤੋਂ ਪਾਣੀ ਦੀਆਂ ਗਾਗਰਾਂ ਭਰ ਕੇ ਸਿਰ ਤੇ ਰਖ ਕੇ ਘਰਾਂ ਨੂੰ ਲਿਉਂਦੀਆਂ ਹਨ । ਰਾਹ ਵਿਚ ਇਕ ਦੂਜੀ ਨਾਲ ਮਖੌਲ ਠਠਾ ਕਰਦੀਆਂ
ਆਉਂਦੀਆ ਹਨ ਪਰ ਧਿਆਨ ਉਨ੍ਹਾਂ ਦਾ ਪਾਣੀ ਦੀ ਭਰੀ ਗਾਗਰ ਵਿਚ ਹੁੰਦਾ ਹੈ ਤਾਂਕਿ ਗਾਗਰ ਸਿਰ ਤੋਂ ਡਿਗ ਨ ਜਾਏ । ਬਛੜੇ ਤੋਂ ਚਾਰ ਕੋਹ ਤੇ ਗਾਂ ਚਰਦੀ ਹੈ ਪਰ ਧਿਆਨ ਉਸ ਦਾ ਬਛੜੇ ਵਿਚ ਹੁੰਦਾ ਹੈ । ਮਾਂ ਬਚੇ ਨੂੰ ਪੰਗੂੜੇ ਵਿਚ ਲਿਟਾ ਕੇ ਅੰਦਰ ਬਾਹਰ ਕੰਮ ਵਿਚ ਰੁਝੀ ਹੁੰਦੀ ਹੈ ਪਰ ਧਿਆਨ ਉਸ ਦਾ ਬਚੇ ਵਿਚ ਹੁੰਦਾ ਹੈ । ਕੰਮ ਧੰਦਾ ਕਰਦਿਆਂ ਚਿਤ ਪ੍ਰਭੂ ਨਾਲ ਜੋੜ ਕੇ ਰਖਿਆ ਜਾ ਸਕਦਾ ਹੈ ।
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥-ਪੰਨਾ 1376॥
ਸਿਰਲੇਖ ਵਾਲੇ ਸ਼ਬਦ ਦੇ ਪਹਿਲੇ ਪਦੇ ਵਿ¤ਚ ਪੰਚਮ ਪਾਤਸ਼ਾਹ ਫਰਮਾਉਂਦੇ ਹਨ ਕਿ ਪ੍ਰਭੂ ਨਾਲ ਜੁੜੇ ਅੰਦਰ ਬਾਹਰ ਸੁਖੀ ਹੁੰਦੇ ਹਨ । ਸ਼ੰਕਾ ਉਪਜਦੀ
ਹੈ ਕਿ ਕਸ਼ਟ ਤਾਂ ਪ੍ਰਭੂ ਨਾਲ ਜੁੜਿਆਂ ਨੂੰ ਵੀ ਝਲਣੇ ਪਏ । ਇਸ ਦੀ ਨਿਵ੍ਰਿਤੀ ਪਹਿਲੇ ਪਾਤਸ਼ਾਹ ਨੇ ਸ਼ਬਦ ਨੰ: ॥4॥25॥---ਪੰਨਾ ਨੰ: 23 ਤੇ ਕੀਤੀ
ਹੋਈ ਹੈ:-
ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥1॥ਰਹਾਉ॥
ਰਚਨਹਾਰ ਮੇਰਾ ਮਾਲਕ ਕਿਸੇ ਚਾਉ ਵਿਚ ਖੇਲ ਕਰ ਰਿਹਾ ਹੈ ਪਰ ਆਪ ਖੇਲ ਤੋਂ ਜੁਦਾ ਨਹੀਂ । ਖੇਲ ਅਸਮਤਾ ਤੋਂ ਬਿਨਾ, ਦੁਖ ਸੁਖ ਦੇ ਸਿਰੇ ਮਿਥੇ
ਬਿਨਾਂ ਨਹੀਂ ਹੋ ਸਕਦਾ । ਇਸ ਖੇਲ ਦੇ ਪਾਤ੍ਰ ਉਸ ਨੇ ਆਪਣੇ ਆਪ ਤੋਂ ਰਚੇ ਹਨ ਤੇ ਵਿਚ ਭਰਪੂਰ ਹੈ ਆਪ । ਸੋ ਦੁਖ ਕਿਸ ਨੂੰ ਦੇ ਰਿਹਾ ਹੈ ? ਆਪ ਨੂੰ । ਕੀ ਆਪ ਦੁਖੀ ਹੈ ? ਆਪ ਫਿਰ ਅਲੋਪ ਹੈ ਜਿਸ ਤਰ੍ਹਾਂ ਮੀਂਹ ਹਨੇਰੀ, ਸਿਆਲ ਊਨ੍ਹਾਲ, ਦਿਨ ਰਾਤ, ਬਰਫ ਗੜੇ, ਬਸੰਤ ਪਤਝੜ ਸਾਰੇ ਖੇਲ ਸੂਰਜ ਦੇ
ਹਨ । ਸੂਰਜ ਸਾਰੇ ਦ੍ਰਿਸ਼੍ਯ ਵਿਚ ਆਪਣੇ ਪ੍ਰਕਾਸ਼ ਨਾਲ ਭਰਪੂਰ ਹੈ, ਫਿਰ ਆਪ ਅਲੋਪ ਹੈ । ਦੁਖ ਦਾ ਮੂਲ ਹੈ ਖੇਲ ’ਚ ਖਚਿਤ ਦ੍ਰਿਸ਼ਟੀ । ਜੇ ਦ੍ਰਿਸ਼ਟੀ ਦ੍ਰਿਸ਼ਟਮਾਨ ਤੋਂ ਉਠ ਕੇ ਦ੍ਰਿਸ਼ਟਾ (ਕਰਤਾ) ਤੇ ਚਲੀ ਜਾਏ ਤੇ ਉਸ ਮਾਲਕ ਨੂੰ ਵਿਆਪਕ ਤਕ ਲਈਏ ਤਾਂ ਉਸ ਨਾਲ ਜੀਵਾਂ ਦਾ ਪਿਆਰ, ਉਸ ਦੀ ਜੀਵਾਂ ਤੇ ਅਨੁਗ੍ਰਹਿ, ਦੁਖ ਦੀ ਪੀੜਾ ਦੀ ੳਨੁਭਵਤਾ ਅਤੇ ਸੁਖ ’ਚ ਰਸ ਖਚਿਤਤਾ ਤੋਂ ਸੁਰਤਿ ਨੂੰ ਉਚਾ ਲੈ ਜਾਂਦੀ ਹੈ । ਫਿਰ ਦਿਸਦਾ ਹੈ:-
ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥
ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ । ਸੁਨਹਿਰੀ ਸਾਡਾ ਇਤਿਹਾਸ ਹੈ । ਫਿਰ ਕੀ ਕਾਰਨ ਹੈ ਕਿ ਸਾਡੀ ਹੁਣ ਵਾਲੀ ਪੀੜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਖ਼ਸ਼ਿਆ ਸਿਖੀ ਸਰੂਪ ਛਡੀ ਜਾ ਰਹੀ ਹੈ ? ਕੀ ਇਸ ਦਾ ਕਾਰਨ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਿਖੀ ਪ੍ਰਤੀ ਆਪਣਾ ਫ਼ਰਜ਼ ਨਹੀਂ ਨਿਭਾ ਰਹੇ ? ਇਹ ਠੀਕ ਹੈ ਕਿ ਇਹ ਕਾਰਨ ਸਿਖੀ ਦੇ ਆਢੇ ਆ ਰਿਹਾ ਹੈ । ਪਰ ਜਿਨ੍ਹਾਂ ਸਿਖ ਘਰਾਂ ਦੇ ਬਚੇ
ਸਿਖੀ ਸਰੂਪ ਛਡ ਰਹੇ ਹਨ, ਕੀ ਉਨ੍ਹਾਂ ਦਾ ਕੋਈ ਕਸੂਰ ਨਹੀਂ ? ਕਈ ਵਾਰੀ ਅਸੀਂ ਸਾਰਾ ਦੋਸ਼ ਆਰ. ਐਸ. ਐਸ. ਦੇ ਸਿਰ ਮੜ੍ਹ ਦੇਂਦੇ ਹਾਂ । ਆਰ. ਐਸ. ਐਸ. ਦਾ ਤਾਂ ਏਜੰਡਾ ਹੀ ਹੈ ਸਾਰੇ ਮੁਲਕ ਨੂੰ ਹਿੰਦੂ ਬਣਾਉਣ ਦਾ । ਉਹ ਮੁਸਲਮਾਨਾਂ ਨਾਲ, ਈਸਾਈਆਂ ਨਾਲ ਵੀ ਉਹੀ ਵਰਤਾਉ ਕਰਦੇ ਹਨ ਜੋ ਸਿਖਾਂ
ਨਾਲ ਕਰਦੇ ਹਨ । ਮੁਸਲਮਾਨਾਂ ਨੂੰ ਨਿਗਲਨਾ ਮੁਸ਼ਕਲ ਹੈ ਕਿਉਂਕਿ ਉਹ ਹਜ਼ਰਤ ਮੁਹੰਮਦ ਸਾਹਿਬ ਅਤੇ ਕੁਰਾਨ ਸ਼ਰੀਫ਼ ਦੇ ਜ਼ੇਰੇ ਸਾਇਆ ਇਕ ਮਜ਼ਬੂਤ ਜਥੇਬੰਦੀ ਹਨ । ਈਸਾਈਆਂ ਦੀ ਪ੍ਰਚਾਰ ਪ੍ਰਣਾਲੀ ਬੜੀ ਮਜ਼ਬੂਤ ਹੈ । ਸਾਡੇ ਵਿਚ ਘਾਟ ਹੈ ਉਹੋ ਜਿਹੀ ਪ੍ਰਚਾਰ ਪ੍ਰਣਾਲੀ ਦੀ ਜਿਹੜੀ ਮੁਸਲਮਾਨਾਂ ਅਤੇ ਈਸਾਈਆਂ ਵਿਚ ਹੈ ਆਪਣੇ ਧਰਮ ਨੂੰ ਬਚਾਈ ਰਖਣ ਲਈ। ਸਚਾਈ ਇਹ ਹੈ ਕਿ ਨੌਜਵਾਨ ਸਿਖ ਪੀੜੀ ਨੂੰ ਸਿਖੀ ਨਾਲ ਨਾ ਜੋੜੀ ਰਖਣ ਦੇ ਕਸੂਰਵਾਰ ਅਸੀਂ ਆਪ ਹਾਂ; ਕਿਉਂਕਿ ਸਾਡੀ ਜ਼ਿਆਦਾ ਗਿਣਤੀ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਤੇ ਪੂਰੀ ਤਰ੍ਹਾਂ ਕਾਇਮ ਹੈ ਅਤੇ ਨਾ ਹੀ ਸਿਖ ਗੁਰੂ ਸਾਹਿਬਾਨ ਦੁਆਰਾ ਪਾਏ ਪੂਰਨਿਆਂ ਤੇ ਚਲ ਰਹੀ ਹੈ । ਜੇ ਅਜੇ ਵੀ ਅਸੀਂ ਆਪਣੇ ਮਤ ਭੇਦ ਛਡ ਕੇ ਇਕ ਮਜ਼ਬੂਤ ਜਥੇਬੰਦੀ ਰੂਪ ਹੋ ਕੇ ਸ੍ਰੀ ਕਲਗੀਧਰ ਦਾ
ਬਖ਼ਸ਼ਿਆ ਸਿਖੀ ਸਰੂਪ ਬਚਾਉਂਣ ਲਈ ਅਗੇ ਨਾ ਆਏ ਤਾਂ ਸਭ ਤੋਂ ਵਡੇ ਅਪਰਾਧੀ ਅਸੀਂ ਗਿਣੇ ਜਾਵਾਂਗੇ।
ਸੁਰਜਨ ਸਿੰਘ---+919041409041