ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥ (ਭਾਗ 1)
ਮ: 1 ॥
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥
ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥
ਹੇ ਨਾਨਕ, ਜੋ ਲੋਕ, ਗੁਰੂ ਨੂੰ ਸੁਚੇਤ ਹੋ ਕੇ ਚੇਤੇ ਨਹੀਂ ਕਰਦੇ, ਉਨ੍ਹਾਂ ਦੀ ਸੁਰਤ, ਸ਼ਬਦ ਗੁਰੂ ਨਾਲ ਨਹੀਂ ਜੁੜੀ ਹੁੰਦੀ, ਉਹ ਗੁਰੂ ਦੀ ਸਿਖਿਆ ਤੇ ਅਮਲ ਨਹੀਂ ਕਰਦੇ, ਆਪਣੇ ਆਪ ਨੂੰ ਚਤਰ ਸਮਝ ਕੇ ਆਪਣੇ ਮਨ ਦੇ ਕਹੇ ਚਲਦੇ ਹਨ, ਉਹ ਇਉਂ ਹਨ ਜਿਵੇਂ ਕਿਸੇ ਖਾਲੀ ਪੈਲੀ ਵਿਚ, ਤਿਲਾਂ ਦੇ ਉਹ ਬੂਟੇ ਪਏ ਹੁੰਦੇ ਹਨ, ਜਿਨ੍ਹਾਂ ਵਿਚ ਤਿਲ ਨਹੀਂ ਹੁੰਦੇ, ਕਾਲੀ ਸੁਆਹ ਹੀ ਹੁੰਦੀ ਹੈ।
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥
ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥3॥
ਹੇ ਨਾਨਕ ਆਖ, ਬੇਸ਼ੱਕ ਪੈਲੀ ਵਿਚ ਨਿਖਸਮੇ ਪਏ ਉਨ੍ਹਾਂ ਬੁਆੜ ਤਿਲਾਂ ਦੇ ਸੌ ਖਸਮ ਹਨ, ਉਹ ਵਿਚਾਰੇ ਰੁਲਦੇ ਹੀ ਹਨ, ਉਨ੍ਹਾਂ ਦੇ ਬੂਟੇ ਵਧਦੇ ਵੀ ਹਨ, ਉਨ੍ਹਾਂ ਨੂੰ ਫੁੱਲ ਵੀ ਲਗਦੇ ਹਨ, ਫਿਰ ਵੀ ਉਨ੍ਹਾਂ ਦੇ ਤਨ ਵਿਚ, ਫਲੀਆਂ ਵਿਚ ਤਿਲਾਂ ਦੀ ਥਾਂ ਸੁਆਹ ਹੀ ਹੁੰਦੀ ਹੈ।
ਏਸੇ ਤਰ੍ਹਾਂ ਜਦੋਂ ਅਸੀਂ ਆਪਣੇ ਮਨ ਵਿਚ ਚਤਰ ਬਣ ਕੇ ਗੁਰੂ ਨੂੰ ਮਨੋਂ ਵਿਸਾਰ ਦੇਂਦੇ ਹਾਂ, ਗੁਰੂ ਦੀ ਰਾਹਬਰੀ ਦੀ ਲੋੜ ਨਹੀਂ ਸਮਝਦੇ ਤਾਂ ਕਾਮਾਦਿਕ ਸੌ ਖਸਮ ਇਸ ਮਨ ਦੇ ਖਸਮ ਆ ਬਣਦੇ ਹਨ, ਮਨ ਕਦੇ ਕਿਸੇ ਵਿਕਾਰ ਅਤੇ ਕਦੇ ਕਿਸੇ ਵਿਕਾਰ ਦਾ ਸ਼ਿਕਾਰ ਪਇਆ ਬਣਦਾ ਹੈ।3।
ਇਹ ਸਾਰਾ ਕੁਝ ਤਦ ਹੁੰਦਾ ਹੈ ਜਦ ਅਸੀਂ ਸ਼ਬਦ ਗੁਰੂ ਨੂੰ ਆਪਣਾ ਗੁਰੂ ਤਾਂ ਸਮਝਦੇ ਹਾਂ, ਪਰ ਸਾਡੀ ਸੁਰਤ ਉਸ ਨਾਲ ਨਹੀਂ ਜੁੜਦੀ, ਉਸ ਨੂੰ ਆਪਣਾ ਗੁਰੂ ਮੰਨਣ ਤੋਂ ਇਨਕਾਰੀ ਹੈ ।
ਆਉ ਵਿਚਾਰਦੇ ਹਾਂ ਕਿ ਸਾਡੀ ਸੁਰਤ ਗੁਰੂ ਘਰ ਵਿਚ ਹੁੰਦੀ ਹੋਈ ਵੀ, ਕਿੱਥੇ, ਗੁਰੂ ਨੂੰ ਗੁਰੂ ਨਹੀਂ ਮੰਨਦੀ ?
ਸਾਡਾ ਸਿਧਾਂਤ ਕਹਿੰਦਾ ਹੈ,
ਭਰੀਐ ਹਥੁ ਪੈਰੁ ਤਨੁ ਦੇਹ ॥
ਪਾਣੀ ਧੋਤੈ ਉਤਰਸੁ ਖੇਹ ॥
ਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਵੇ, ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉੱਤਰ ਜਾਂਦੀ ਹੈ।
ਮੂਤ ਪਲੀਤੀ ਕਪੜੁ ਹੋਇ ॥
ਦੇ ਸਾਬੂਣੁ ਲਈਐ ਓਹੁ ਧੋਇ ॥
ਜੇ ਕੋਈ ਕਪੜਾ ਮੂਤਰ ਆਦਿ ਨਾਲ ਗੰਦਾ ਹੋ ਜਾਵੇ, ਤਾਂ ਸਾਬਣ ਲਾ ਕੇ ਉਸ ਨੂੰ ਧੋ ਲਈਦਾ ਹੈ।
ਭਰੀਐ ਮਤਿ ਪਾਪਾ ਕੈ ਸੰਗਿ ॥
ਓਹੁ ਧੋਪੈ ਨਾਵੈ ਕੈ ਰੰਗਿ ॥
ਪਰ ਜੇ ਮਨੁੱਖ ਦੀ ਬੁੱਧੀ, ਪਾਪਾਂ ਨਾਲ ਮਲੀਨ ਹੋ ਜਾਵੇ, ਤਾਂ ਉਹ ਪਾਪ, ਅਕਾਲ-ਪੁਰਖ ਦੇ ਨਾਮ, ਹੁਕਮ ਵਿਚ ਪਿਆਰ
ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।
ਪੁੰਨੀ ਪਾਪੀ ਆਖਣੁ ਨਾਹਿ ॥
ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥
ਆਪੇ ਬੀਜਿ ਆਪੇ ਹੀ ਖਾਹੁ ॥
ਨਾਨਕ ਹੁਕਮੀ ਆਵਹੁ ਜਾਹੁ ॥20॥
ਹੇ ਨਾਨਕ, 'ਪੁੰਨ' ਜਾਂ 'ਪਾਪ' ਨਿਰਾ ਨਾਮ ਹੀ ਨਹੀਂ ਹੈ, ਨਿਰਾ ਆਖਣ ਮਾਤਰ ਨਹੀਂ ਹੈ, ਸਚ-ਮੁਚ ਹੀ ਤੂੰ ਜਿਹੋ-ਜਿਹੇ ਕਰਮ ਕਰੇਂਗਾ, ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਏਂਗਾ। ਜੋ ਕੁਝ ਤੂੰ ਆਪ ਬੀਜੇਂਗਾ, ਉਸ ਦਾ ਫਲ ਆਪ ਹੀ ਖਾਏਂਗਾ। ਆਪਣੇ ਬੀਜੇ ਅਨੁਸਾਰ, ਅਕਾਲ-ਪੁਰਖ ਦੇ ਹੁਕਮ ਵਿਚ ਜਨਮ-ਮਰਨ ਦੇ ਗੇੜ ਵਿਚ ਪਿਆ ਰਹੇਂਗਾ।20।
(ਜਿਹੜੇ ਵਿਦਵਾਨ ਦੂਸਰਿਆਂ ਨੂੰ ਅਕਲ ਦੇਣ ਦਾ ਦਾਹਵਾ ਕਰਦੇ ਹਨ, ਉਨ੍ਹਾਂ ਨੇ ਇਹ ਪਉੜੀ ਹੀ ਸਮਝੀ ਹੁੰਦੀ ਤਾਂ ਆਪਣੇ ਨਾਲ-ਨਾਲ ਦੂਜਿਆਂ ਨੂੰ ਵੀ ਕੁਰਾਹੇ ਪਾਉਣ ਦਾ ਕੰਮ ਨਾ ਕਰਦੇ)
ਚੰਦੀ ਅਮਰ ਜੀਤ ਸਿੰਘ (ਚਲਦਾ)