ਪਾਪਾਂ ਦਾ ਘੜਾ
ਇਕ ਦਿਨ ਤਾਂ ਉਛਲਣਾ ਈ ਹੁੰਦਾ। ਕੁਲ ਸੰਸਾਰ ਨੇ ਦੇਖਿਆ ਕਿ ਉਛਲ ਰਿਹਾ ਪੰਡੀਏ ਕਿਆਂ ਦੇ ਪਾਪਾਂ ਦਾ ਘੜਾ।
ਟਰੂਡੋ ਨੇ ਇਕ ਚੁਟਕੀ ਲੂਣ ਦੀ ਕੀ ਸੁਟੀ ਬੋਤਲ ਵਿਚਲਾ ਕਾਲਾ ਪਾਣੀ ਝਗੋ ਝਗ ਹੋ ਕੇ ਰਹਿ ਗਿਆ ਅਤੇ ਇਹ ਝਗ ਲਗਾਤਾਰ ਵਗਦੀ ਤੁਸੀਂ ਅਸੀਂ ਸਭ ਦੇਖ ਰਹੇ ਨੇ।
ਸਿਆਂਣੇ ਆਂਹਦੇ ਸੌ ਦਿਨ ਚੋਰ ਦਾ ਇਕ ਦਿਨ ਸਾਧ ਦਾ ਅਤੇ ਇਹ ਇਕ ਦਿਨ ਹੀ ਹਲਕੋਂ ਨਹੀ ਉਤਰ ਰਿਹਾ ਜਦ ਕਿ ਅਸੀਂ ਤਾਂ ਬੜੇ ਤਪਦੇ ਦਿਨ ਅਪਣੇ ਪਿੰਡੇ ਤੇ ਹੰਡਾ ਚੁਕੇ ਹੋਏ ਹਾਂ।
84 ਦੀਆਂ ਗਜਦੀਆਂ ਤੋਪਾਂ ਦਹਾੜਦੇ ਟੈਂਕ ਸਾਡੀਆਂ ਛਾਤੀਆਂ ਉਪਰੋਂ ਦੀ ਹੀ ਤਾਂ ਹੋ ਕੇ ਗੁਜਰੇ ਸਨ। ਦਿਲੀ ਦੀਆਂ ਗਲੀਆਂ ਵਿਚ ਮੇਰੇ ਪਿੰਡੇ ਦਾ ਮਾਸ ਤਾਂ ਕੁਤੇ ਵੀ ਖਾ ਖਾ ਅਵਾਜਾਰ ਹੋ ਗਏ ਸਨ, ਰੋਹੀਆਂ ਅਤੇ ਨਹਿਰਾਂ ਤੇ ਖੇਡੇ ਮੇਰੇ ਸ਼ਿਕਾਰ ਦੀਆਂ 'ਲਵਾਰਸ ਲਾਸ਼ਾਂ' ਖਾ ਖਾ ਦਰਿਆਵਾਂ ਦੀਆਂ ਮਛੀਆਂ ਵੀ ਦੌੜ ਨਿਕਲੀਆਂ ਸਨ ਅਤੇ ਤੈਂ ਚਕ ਕੇ ਹੁਣੇ ਈ ਤਾਜਾ ਫਟ ਇਕ ਹੋਰ ਲਾ ਦਿਤਾ ਸਜਣ ਨੂੰ ਬਰੀ ਕਰਕੇ। ਫਿਰ ਤੂੰ ਸ਼ਕ ਕਰਦਾਂ ਕਿ ਮੈਂ ਵਫਾਦਾਰ ਨਹੀ। ਤੂੰ ਜਖਮ ਤੇ ਜਖਮ ਦੇ ਕੇ ਵਫਾਦਾਰੀ ਕਿਓਂ ਭਾਲਦਾਂ ਮੇਰੇ ਤੋਂ।
ਚੁਟਕਲਿਆਂ ਦੇ ਗਰੰਥਾਂ ਦੇ ਗਰੰਥ ਲਿਖਣ ਦਾ ਮਾਹਰ ਪੰਡੀਆ ਦਸ ਰਿਹਾ ਲੋਕਾਂ ਨੂੰ ਕਿ ਕਨੇਡਾ ਸਾਡੇ ਪੈਸਿਆਂ ਨਾਲ ਜਿਓ ਰਿਹਾ। ਸਾਡੇ ਨਿਆਣੇ ਬਾਹਰ ਨਾ ਜਾਣ ਕਨੇਡਾ ਦਾ ਭੁਖੇ ਮਰਨਾ ਤਹਿ।
ਸੜਕ ਤੇ ਬੈਠਾ ਭਿਖਾਰੀ ਇਕ ਦਿਨ ਬੰਦੇ ਇਕ ਨੂੰ ਦਸ ਰਿਹਾ ਸੀ ਕਿ ਯਾਰ ਮੇਰੀ 'ਲੈਬਰ ਗੀਨੀ' ਚੋਰੀ ਕਰਕੇ ਲੈ ਗਿਆ ਕੋਈ ਕਿਤੇ ਦਿਸੀ ਤਾਂ ਦਸਣਾ।
ਹੋਰ ਕੁਝ ਨਾ ਲਭਾ ਕਹਿਣ ਨੂੰ ਤਾਂ ਡਲਾ ਨਾਂ ਦਾ ਬੰਦਾ ਕਨੇਡਾ ਦੀਆਂ ਬੇਸਮਿੰਟਾਂ ਦੀ 'ਇੰਸਪੈਕਸ਼ਨ' ਕਰਨ ਡਹਿ ਪਿਆ ਕਿ ਤੋਬਾ! ਨਜਾਇਜ ਬਣੀਆਂ ਬੇਸਮਿੰਟਾਂ, ਬੁਰਾ ਹਾਲ, ਬੌਂਕੇ ਦਿਹਾੜੇ , ਭੀੜੀਆਂ, ਦਰਵਾਜੇ ਈ ਹੈ ਨੀ ਲੰਘਣ ਗੋਚਰੇ।
ਕਹਿ ਪਤਾ ਕੌਣ ਰਿਹਾ ਜਿਸ ਦੇ ਮੁਲਖ ਦੇ 'ਸਲੰਮ ਡਾਗ' ਯਾਣੀ ਝੌਪੜੀਆਂ ਦੇ ਵਿਛੇ ਜਾਲ ਦੇ ਹਾਲੇ ਕਲ ਚਰਚੇ ਹੋ ਕੇ ਹਟੇ ਨੇ। ਰਹਿੰਦੀ ਕਸਰ ਰਾਜਧਾਨੀ ਵਿਚ ਸਵੇਰੇ ਸਵੇਰ ਗੱਡੀ ਦੀਆਂ ਲਾਈਨਾਂ ਤੇ ਲੋਟੇ ਲੈ ਕੇ ਬੈਠੇ ਕਢ ਦਿੰਦੇ ਨੇ।
ਕਹਾਣੀ ਸੁਣੀ ਓ ਈ ਐ ਤੁਸੀਂ ਕਿ ਲਾਹਣ ਦੇ ਡਰੰਮ ਚੋਂ ਡਿਗ ਕੇ ਨਿਕਲਿਆ ਚੂਹਾ ਸਿਧਾ ਦਰਿਆ ਤੇ ਨਹਾਉਂਦੇ ਹਾਥੀ ਨੂੰ ਕਹਿੰਦਾ ਨਿਕਲ ਬਾਹਰ। ਹਾਥੀ ਜਦ ਨਿਕਲਿਆ ਤਾਂ ਕਹਿੰਦਾ ਜਾਹ ਮੌਜਾਂ ਕਰ ਇਨਾ ਈ ਦੇਖਣਾ ਸੀ ਮੇਰਾ ਕਛਾ ਤਾਂ ਨਹੀ ਪਾਇਆ।
ਪਾਕਿਸਤਾਨ ਤਕ ਤਾਂ ਚਲੋ ਇਵੇਂ ਦੇ ਚੁਟਕਲੇ ਵੁਟਕਲੇ ਚਲ ਜਾਂਦੇ ਪਰ ਕਨੇਡਾ ਵਰਗੇ ਮੁਲਖ ਨੂੰ ਵੀ ਕਿ ਨਿਕਲ ਬਾਹਰ?
ਜਿਥੇ ਸੰਸਾਰ ਦੇ ਕੁਲ ਲੋਕ ਇਥੇ ਦੇ ਸਵਰਗ ਵਰਗੇ ਮੁਲਖ ਵਿਚ ਵਸਣ ਖਾਤਰ ਜਿਹਬਾਂ ਭਰੀ ਫਿਰਦੇ ਡਾਲਰਾਂ ਦੀਆਂ।
ਯਾਦ ਰਖਣਾ ਪਾਪਾਂ ਦਾ ਘੜਾ ਜਦ ਉਛਲਣ ਲਗਦਾ ਤਾਂ ਨਕ ਫੜਕੇ ਸਾਰੇ ਈ ਲੰਘਣ ਲਗਦੇ।
ਅਮਰੀਕਾ ਹਾਲੇ ਕਲ ਬੇਇਜ਼ਤ ਕਰਕੇ ਹਟਿਆ ਕਿ ਮੇਰੇ ਮੁਲਖ ਵਿਚ ਕਿਸੇ ਸਿਖ ਨੂੰ ਜੇ ਹਥ ਲਾਇਆ ਤਾਂ। ਅਸਟ੍ਰੇਲੀਆ ਵੀ ਬੋਲ ਪਿਆ। ਇੰਗਲੈਂਡ ਵੀ ਜਗੀ ਬਾਰੇ ਪੁਛ ਹਟਿਆ, ਚੀਨ ਵਖ ਕਾਫੀਆ ਤੰਗ ਕਰੀ ਆਓਂਦਾ ਯਾਣੀ ਪਾਪਾਂ ਦਾ ਘੜਾ ਭਰ ਗਿਆ ਜਿਸਦਾ ਡੁਬਣਾ ਤਹਿ ਹੈ ਇਹ ਗਲ ਮੈਂ ਈ ਨਹੀ ਸੰਸਾਰ ਦਾ ਇਤਿਹਾਸ ਵੀ ਕਹਿ ਰਿਹਾ। ਨਹੀ?
ਗੁਰਦੇਵ ਸਿੰਘ ਸੱਧੇਵਾਲੀਆ