ਕਾਪੀ
ਪੂਰੇਵਾਲ ਨਾਮ ਦੇ ਸਿੱਖ ਚਿੰਤਕ ਲਿਖਦੇ ਹਨ ਕੇ ਚੁਰਾਸੀ ਦੇ ਤੀਜੇ ਮਹੀਨੇ ਇੰਗਲੈਂਡੋਂ ਹਰਿਮੰਦਰ ਸਾਹਿਬ ਆਉਣ ਦਾ ਸਬੱਬ ਬਣਿਆ..
ਲੰਗਰ ਇਮਾਰਤ ਦੇ ਉੱਪਰਲੇ ਪਾਸੇ ਚੱਲਦਾ ਭਾਸ਼ਣ ਸੁਣਦੀ ਹੋਈ ਵੱਡੀ ਸੰਗਤ ਕਰਕੇ ਅਗਾਂਹ ਨਾ ਲੰਘ ਸਕਿਆ..
ਫੇਰ ਸੋਚਿਆ ਚਲੋ ਮੋਰਚਾ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਹੋ ਚੱਲਦੇ ਹਾਂ..
ਦਫਤਰ ਅੱਪੜਿਆਂ..ਵੱਡੇ ਸਾਰੇ ਕਮਰੇ ਵਿਚ ਕੱਲਾ ਹੀ ਬੈਠਾ ਹੋਇਆ ਸੀ..ਕੋਲ ਇੱਕ ਸਿੰਘ ਹੋਰ..!
ਫਤਹਿ ਬੁਲਾਈ ਫੇਰ ਦੱਸਿਆ ਕੇ ਓਧਰ ਗਿਆਂ ਸਾਂ..ਪਰ ਸੰਗਤ ਹੀ ਏਨੀ ਸੀ ਕੇ ਦਰਸ਼ਨ ਹੀ ਨਹੀਂ ਹੋ ਸਕੇ..ਫੇਰ ਸੋਚਿਆ ਚਲੋ ਤੁਹਾਡੇ ਦਰਸ਼ਨ ਹੀ ਕਰ ਜਾਵਾਂ..!
ਉਦਾਸ ਮੁਦਰਾ ਵਿਚ ਬੈਠਾ ਲੌਂਗੋਵਾਲ ਅੱਗੋਂ ਆਖਣ ਲੱਗਾ.."ਹਾਂ ਭਾਈ ਚੱਲ ਹੀ ਪਈ ਏ ਦੁਕਾਨ ਉਸਦੀ..ਲੱਗਦਾ ਬੰਦ ਕਰਵਾਉਣੀ ਹੀ ਪੈਣੀ ਏ.."
ਸੰਤ ਸਿੰਘ ਤੇਗ..ਜੰਮੂ-ਕਸ਼ਮੀਰ ਦੇ ਇੱਕ ਸਿਰਕੱਢ ਅਕਾਲੀ ਆਗੂ..
ਜਦੋਂ ਚੜਾਈ ਕਰਨ ਲੱਗੇ ਤਾਂ ਆਖਣ ਲੱਗੇ ਇੱਕ ਅਖੀਂ ਵੇਖੀ ਸਾਂਝੀ ਕਰਨੀ ਏ..
ਕਹਿੰਦੇ ਮਈ ਚੁਰਾਸੀ ਦੇ ਸ਼ੁਰੂ ਵਿਚ ਕੰਪਲੈਕਸ ਦੇ ਅਕਾਲੀ ਦਫਤਰ ਵਿਚ ਕਾਫੀ ਭਾਰੀ ਇਕੱਠ ਸੀ..
ਮੇਰੇ ਤੋਂ ਕੁਝ ਦੂਰ ਬੈਠੇ ਲੌਂਗੋਵਾਲ ਨੇ ਇੰਦਰਾ ਨੂੰ ਫੋਨ ਲਾਇਆ ਤੇ ਆਖਣ ਲੱਗਾ "ਮੈਡਮ ਹੁਣ ਆਪ ਦੇਰੀ ਨਾ ਕਰੋ..ਪਾਣੀ ਸਿਰੋਂ ਲੰਘਦਾ ਜਾਂਦਾ.."
ਅੱਗੋਂ ਆਹਂਦੀ "ਸੰਤ ਜੀ ਯੇ ਆਪਕੀ ਨਿੱਜੀ ਰਾਏ ਹੈ ਜਾਂ ਬਾਕੀ ਕੇ ਬੀ ਆਪ ਕੇ ਸਾਥ ਹੈ..?
ਚੋਰ ਨਾਲੋਂ ਪੰਡਾਂ ਕਾਹਲੀਆਂ ਸਨ..ਇਸਤੋਂ ਪਹਿਲਾਂ ਕੇ ਲੌਂਗੋਵਾਲ ਕੋਈ ਜੁਆਬ ਦੇ ਪਾਉਂਦਾ..ਕੋਲ ਖਲੋਤੀ ਬਾਦਲ,ਬਰਨਾਲਾ,ਬਲਵੰਤ ਸਿੰਘ ਅਤੇ ਟੋਹੜਾ ਜੁੰਡਲੀ ਇੱਕਜੁੱਟ ਹੋ ਕੇ ਬੋਲ ਉਠੀ..ਨਹੀਂ ਮੈਡਮ ਹਮ ਸਬਕੀ ਭੀ ਪੂਰੀ ਰਜਾਮੰਦੀ ਏ..!
ਫੇਰ ਕੁਝ ਦਿਨਾਂ ਮਗਰੋਂ ਜੋ ਕੁਝ ਹਰਮਿੰਦਰ ਸਾਹਿਬ ਕੰਪਲੈਕਸ ਵਿਚ ਹੋਇਆ ਉਸਤੋਂ ਸਾਰੇ ਭਲੀ ਭਾਂਤ ਜਾਣੂ ਹਾਂ..!
ਦੁਨੀਆਂ ਦੀ ਮੰਡੀ ਵਿਚ ਕੁਝ ਲੋਕ ਸੱਚ ਦਾ ਹੋਕਾ ਦੇ ਕੇ ਛੇਤੀ ਨਾਲ ਵੇਹਲੇ ਹੋ ਕੇ ਤੁਰਦੇ ਬਣਦੇ ਨੇ ਤੇ ਕੁਝ ਦਿਨ ਢਲੇ ਤੱਕ ਝੂਠ ਅਤੇ ਮੱਕਾਰੀ ਦੀ ਰੇਹੜੀ ਲਾਈ ਹੋਰ ਖੱਟੀ ਦੀ ਆਸ ਵਿਚ ਢੀਠ ਹੋ ਕੇ ਬੈਠੇ ਰਹਿੰਦੇ ਨੇੇ..!
ਢਲਦੇ ਸੂਰਜ ਦਾ ਅਕਸ ਵੇਖਦੇ ਇਸ ਨਿਰਜਿੰਦ ਅਤੇ ਨਿਰਾਸ਼ ਜਿਹੇ ਹੋ ਗਏ ਵਜੂਦ ਨੂੰ ਆਓ ਸਦੀਵੀਂ ਆਪਣੇ ਮਨਾ ਵਿਚ ਵਸਾ ਲਈਏ..
ਰੋਜ ਮਰਾ ਦੀ ਜਿੰਦਗੀ ਵਿਚ ਜੇ ਕਦੀ ਧੋਖਾ,ਫਰੇਬ,ਬੇਈਮਾਨੀ,ਭਰਾ ਮਾਰੂ ਬਿਰਤੀ,ਲਾਲਚ,ਕੌਮ ਦੀ ਪਿੱਠ ਵਿਚ ਛੁਰੀਮਾਰ,ਮੱਕਾਰੀ,ਗੱਦਾਰੀ,ਗੋਲਕ ਲੁੱਟ ਜਨੂੰਨ,ਬੇਗਾਨੇ ਪੁੱਤਾਂ ਦੇ ਘਾਣ,ਜਨਮ ਭੂਮੀਂ ਨਾਲ ਧ੍ਰੋਹ ਤੇ ਹੋਰ ਵੀ ਕਿੰਨਾ ਕੁਝ ਪੁੱਠਾ-ਸਿੱਧਾ ਕਰਨ ਦੀ ਬਿਰਤੀ ਮਨ ਤੇ ਭਾਰੂ ਹੋਣ ਲੱਗੇ ਤਾਂ ਅੰਤਰ ਧਿਆਨ ਹੋ ਕੇ ਮਨ ਵਿਚ ਵਸਾਏ ਇਸ ਵਜੂਦ ਨੂੰ ਯਾਦ ਕਰ ਲਿਆ ਜਾਵੇ..ਪੱਕੀ ਗੱਲ ਏ ਭਟਕ ਗਿਆ ਮਨ ਮੁੜ ਲੀਹ ਤੇ ਪਰਤ ਆਵੇਗਾ..!
ਢਹਿੰਦੀ ਕਲਾ ਵਿਚ ਗ੍ਰੱਸਿਆ ਹੋਇਆ ਜਿੰਦਗੀ ਦੇ ਆਖਰੀ ਪੜਾਅ ਤੇ ਅੱਪੜ ਗਿਆ ਇਹ ਵਜੂਦ ਮੇਰੇ ਖਿਆਲ ਵਿਚ ਜਰੂਰ ਏਹੀ ਗੱਲ ਸੋਚ ਰਿਹਾ ਹੋਵੇਗਾ.."ਸਾਰੀ ਉਮਰ ਗਵਾ ਲਈ ਤੂੰ..ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ.."
ਹਰਪ੍ਰੀਤ ਸਿੰਘ ਜਵੰਦਾ