ਤਾਰੇ, ਸਿਤਾਰੇ ਤੇ ਸਟਾਰ
ਪੰਜਾਬੀ ਵਿਚ ਜਿਨ੍ਹਾਂ ਨੂੰ ਅਸੀਂ ਤਾਰੇ ਕਹਿੰਦੇ ਹਾਂ, ਉਨ੍ਹਾਂ ਨੂੰ ਹੀ ਫਾਰਸੀ ਵਿਚ ਸਿਤਾਰੇ ਤੇ ਅੰਗਰੇਜੀ ਵਿਚ ਸਟਾਰ ਕਹਿੰਦੇ ਹਨ। ਕਦੀ ਗਾਣਾ ਆਉਂਦਾ ਹੁੰਦਾ ਸੀ “ਓਇ ਟਵਿੰਕਲ ਟਵਿੰਕਲ ਲਿਟਲ ਸਟਾਰ, ਹਾਉ ਆਰ ਵੰਡਰ ਵੱਟ ਯੂ ਆਰ”। ਸ਼ਾਇਦ ਇਹ ਗਾਣਾ ਮਹਿੰਦਰ ਕਪੂਰ ਨੇ ਗਾਇਆ ਸੀ ਤੇ ਉਹ ਅਕਸਰ ਅਜਿਹੇ ਤਜੁਰਬੇ ਕਰਦਾ ਰਹਿੰਦਾ ਸੀ। “ਠੰਢੇ ਠੰਢੇ ਪਾਣੀ ਸੇ ਨਹਾਣਾ ਚਾਹੀਏ, ਗਾਣਾ ਆਏ ਜਾ ਨਾ ਆਏ ਗਾਣਾ ਚਾਹੀਏ” ਵੀ ਉਸ ਦਾ ਹੀ ਇਕ ਅਜਿਹਾ ਤਜੁਰਬਾ ਸੀ।
ਹੇਠਾਂ ਇਕ ਫੋਟੋ ਹੈ, ਜਿਸ ਵਿਚ ਕੁਝ ਬਿਜਲੀ ਦੇ ਬੱਲਬ ਹਨ, ਜਿਨ੍ਹਾਂ ਤੋਂ ਰਾਤ ਕਾਰਣ ਤਾਰਿਆਂ ਦਾ ਭੁਲੇਖਾ ਪੈਂਦਾ ਹੈ ਤੇ ਇਨ੍ਹਾਂ ਤਾਰਿਆਂ ਦੀ ਲੋਅ ਵਿਚ ਦੋ ਸਿਤਾਰੇ ਖੜ੍ਹੇ ਹਨ, ਜਿਨ੍ਹਾਂ ਵਿਚ ਸਟਾਰ ਬਣਨ ਦੀ ਸੰਭਾਵਨਾ ਹੈ। ਸਿਰਫ ਸੰਭਾਵਨਾ ਹੈ, ਚਾਹਤ ਨਹੀਂ। ਚਾਹਤ ਇਸ ਕਰਕੇ ਨਹੀਂ ਹੈ, ਕਿਉਂਕਿ ਦੋਹਾਂ ਨੇ ਅਜਿਹੀ ਖ਼ਾਸ ਕਮਾਈ ਕੀਤੀ ਹੈ, ਜਿਸ ਦੀ ਕੀਮਤ ਬਜ਼ਾਰ ਵਿਚ ਕੱਖ ਤੋਂ ਵੱਧ ਕੁਝ ਵੀ ਨਹੀਂ ਹੈ। ਪਰ ਜੇ ਇਹ ਸਿਤਾਰੇ ਉਸ ਕੱਖ ਜਹੀ ਕਮਾਈ ਨੂੰ ਵੀ ਗੁਆ ਬਹਿਣ ਤਾਂ ਇਹ ਅਸਲੋਂ ਹੀ ਕੱਖੋਂ ਹੌਲ਼ੇ ਹੋ ਜਾਣਗੇ।
ਇਨ੍ਹਾਂ ਦੀ ਉਹ ਕਮਾਈ ਸੁਹਿਰਦਤਾ ਹੈ, ਜਿਹੜੀ ਅੱਜਕਲ ਬਹੁਤ ਘੱਟ ਨਜਰ ਆਉਂਦੀ ਹੈ। ਇਸ ਕਰਕੇ ਕਿਸੇ ਸੁਹਿਰਦ ਨੂੰ ਕੋਈ ਵੀ ਸਿਆਣਾ ਨਹੀਂ ਸਮਝਦਾ। ਅਗਰ ਫਿਰ ਵੀ ਕਿਸੇ ਨੇ ਸੁਹਿਰਦਤਾ ਦੇ ਸਾਖਸ਼ਾਤ ਦਰਸ਼ਣ ਕਰਨੇ ਹੋਣ ਤਾਂ ਉਹ ਇਨ੍ਹਾਂ ਨੂੰ ਮਿਲ ਸਕਦਾ ਹੈ। ਕੋਈ ਮੰਨੇ ਜਾ ਨਾ ਮੰਨੇ, ਮੇਰਾ ਮੰਨਣਾ ਹੈ ਕਿ ਜੇ ਅਸੀਂ ਅੱਜ ਦੇ ਵਿਸ਼ਵ ਨੂੰ ਭਵਿੱਖ ਦੀ ਭਿਅੰਕਰ ਖੱਡ ਵਿਚ ਡਿਗਣੋਂ ਬਚਾਉਣਾ ਹੈ ਤਾਂ ਸਾਨੂੰ ਸੁਹਿਰਦ ਹੋਣਾ ਪਵੇਗਾ। ਇਹਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੈ।
ਮੇਰਾ ਵਿਸ਼ਵਾਸ ਹੈ ਕਿ ਜਦ ਇਹ ਸੁਹਿਰਦਤਾ ਸਾਡੇ ਤਾਰਿਆਂ, ਸਿਤਾਰਿਆਂ ਤੇ ਸਟਾਰਾਂ ਦੀ ਪਛਾਣ ਬਣ ਜਾਵੇਗੀ ਤਾਂ ਸਮਝੋ ਸਾਡਾ ਸਮਾਜ ਉਸ ਖੱਡ ਵੱਲ ਵਧਣੋਂ ਰੁਕ ਸਕੇਗਾ ਤੇ ਅਸੀਂ ਉਸ ਵਿਚ ਗਿਰਨ ਤੋਂ ਵੀ ਬਚ ਰਹਾਂਗੇ। ਨਹੀਂ ਤਾਂ ਸਾਡੇ ਬਚਣ ਦਾ ਕੋਈ ਰਾਹ ਨਹੀਂ ਹੈ।
ਇਸ ਫੋਟੋ ਵਿਚ ਦੋ ਸਿਤਾਰੇ ਇਸ ਤਰਾਂ ਖੜ੍ਹੇ ਹਨ, ਜਿਵੇਂ ਇਸ ਘੁੱਪ ਹਨੇਰੇ ਵਿਚ ਤਾਰਿਆਂ ਨੂੰ ਦੇਖ ਰਹੇ ਹੋਣ ਤੇ ਉਨ੍ਹਾਂ ਨੂੰ ਧਰਤੀ ‘ਤੇ ਉਤਾਰਨ ਦੀ ਕੋਈ ਵਿਓਂਤ ਬਣਾ ਰਹੇ ਹੋਣ। ਸ਼ਾਇਦ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਕਾਸ਼ ਵਾਲੇ ਤਾਰਿਆਂ ਨੂੰ ਧਰਤੀ ‘ਤੇ ਉਤਾਰਿਆ ਜਾ ਸਕਦਾ ਹੈ, ਸਿਰਫ ਖ਼ੁਦ ਸਿਤਾਰੇ ਜਾਂ ਸਟਾਰ ਬਣਕੇ ਤੇ ਸਟਾਰ ਬਣਨ ਦੀ ਪਹਿਲੀ, ਵਿਚਕਾਰਲੀ ਤੇ ਆਖ਼ਰੀ ਸ਼ਰਤ ਸਿਰਫ ਸੁਹਿਰਦਤਾ ਹੈ।
ਸੁਹਿਰਦ ਨੂੰ ਅੰਗਰੇਜ਼ੀ ਵਿਚ ਸਿਨਸੀਅਰ (sincere) ਕਿਹਾ ਜਾ ਸਕਦਾ ਹੈ, ਜਿਸਦਾ ਅਸਲ ਜਾਂ ਮੂਲ ਅਰਥ ਬੇਸ਼ੱਕ ਪਤਾ ਨਹੀਂ ਹੈ। ਪਰ ਖਿਚ ਧੂਹ ਕੇ ਸਾਰੇ ਇਸ ਦਾ ਅਰਥ ਹੋਲ੍ਹ (whole) ਕਰਦੇ ਹਨ, ਜਿਸ ਨੂੰ ਸਾਲਮ ਜਾਂ ਸਾਬਤ ਵੀ ਕਿਹਾ ਜਾ ਸਕਦਾ ਹੈ। ਅਜਿਹੇ ਸ਼ਰੀਫ ਅਤੇ ਸ਼ਾਂਤ ਚਿੱਤ ਲੋਕਾਂ ਨੂੰ ਅੰਗਰੇਜ਼ੀ ਵਿਚ ਸਰੀਨ (serene) ਕਿਹਾ ਜਾਂਦਾ ਹੈ।
ਸਰੀਨ ਤੋਂ ਚੇਤਾ ਆਇਆ ਪ੍ਰੋ ਪੂਰਨ ਸਿੰਘ ਨੇ ਆਪਣੇ ਲੇਖ ਵਿਚ ਨੌਵੇਂ ਪਾਤਸ਼ਾਹ ਲਈ ਸੌਲਮ (Solemn) ਅਤੇ ਸਰੀਨ (Serene) ਇਸਤੇਮਾਲ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਅਰਥ ਵੀ ਸਾਲਮ ਅਤੇ ਸਾਬਤ ਹੀ ਬਣਦਾ ਹੈ, ਅੱਗਿਓਂ ਜਿਸ ਨੂੰ ਇੰਨਟੈਗਰਲ (Integral) ਜਾਂ ਇੰਨਟੈਗਰਿਟੀ ( Integrity) ਨਾਲ ਜੋੜ ਕੇ ਵੀ ਸਮਝਿਆ ਜਾ ਸਕਦਾ ਹੈ। ਉਹ ਲਿਖਦੇ ਹਨ ਕਿ ਜਦ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ ਤਾਂ ਸਾਡੇ ਸਾਹਮਣੇ ਇਕ ਪਾਸੇ ਅਜਿਹੇ ਮਨੁਖ ਦੀ ਮਨੋਅਵਸਥਾ ਪ੍ਰਗਟ ਹੁੰਦੀ ਹੈ, ਜਿਸ ਦੀ ਸੁਰਤ ਪ੍ਰਭੂ ਦੇ ਚਰਨਾ ਵਿਚ ਇਸ ਕਦਰ ਚੁਭੀ ਹੋਈ ਹੈ ਕਿ ਰੱਤੀ ਭਰ ਵੀ ਇੱਧਰ ਉਧਰ ਹੋਣ ਨਾਲ ਜਿਸ ਦਾ ਮਨ ਤੜਪ ਉੱਠਦਾ ਹੈ। ਦੂਜੇ ਪਾਸੇ ਅਜਿਹੇ ਮਨੁਖ ਦੀ ਮਨੋਦਸ਼ਾ ਦਰਸਾਈ ਗਈ ਹੈ ਜਿਹਦੇ ਲਈ ਸੰਸਾਰ ਸਿਰਫ਼ ਸੁਪਨਾ ਹੈ, ਜਿਹਦਾ ਕੋਈ ਵੀ ਰਿਸ਼ਤਾ ਸੱਚਾ ਨਹੀਂ ਹੈ, ਜਿਹਨੂੰ ਹਰ ਕਿਸੇ ਨੇ ਤਿਆਗ ਦਿਤਾ ਹੈ, ਜਿਹੜਾ ਸਾਰੇ ਪਾਸਿਓਂ ਮੁਸ਼ਕਲਾਂ ਵਿਚ ਘਿਰਿਆ ਹੋਇਆ ਹੈ, ਜਿਹਨੂੰ ਕਿਤੋਂ ਵੀ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦਿੰਦੀ, ਜਿਹਦੇ ਨੇਤਰ ਹਮੇਸ਼ਾ ਨਮ ਰਹਿੰਦੇ ਹਨ ਤੇ ਜਿਹੜਾ ਏਨਾ ਇਕੱਲਾ ਤੇ ਉਦਾਸ ਮਹਿਸੂਸ ਕਰਦਾ ਹੈ ਕਿ ਪ੍ਰਭੂ ਦੇ ਬਿਨਾ ਕੋਈ ਵੀ ਉਸ ਦੀ ਸਹਾਇਤਾ ਕਰਨ ਵਾਲਾ ਨਹੀਂ ਹੈ। ਇਹ ਗੱਲ ਪੜ੍ਹਦਿਆਂ ਮਨ ਵਿਚ ਖਿਆਲ ਆਉਂਦਾ ਹੈ। ਸ਼ਾਇਦ ਸੁਹਿਰਦ, ਸਾਲਮ, ਸਾਬਤ, ਸਿਨਸੀਅਰ ਜਾਂ ਸਰੀਨ ਦੀ ਇਹੀ ਹੋਣੀ ਅਤੇ ਪਰਿਭਾਸ਼ਾ ਹੈ।
ਅਵਤਾਰ ਸਿੰਘ
ਫ਼ੋਨ: 9417518384