ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਰਾਜ ਬਿਨਾ ਨਹਿ ਧਰਮ ਚਲੈ ਹੈਂ !
ਰਾਜ ਬਿਨਾ ਨਹਿ ਧਰਮ ਚਲੈ ਹੈਂ !
Page Visitors: 11147

 

      ਰਾਜ  ਬਿਨਾ  ਨਹਿ  ਧਰਮ  ਚਲੈ  ਹੈਂ ! 
     ਇਹ ਪੂਰੀ ਤੁਕ ਇਵੇਂ ਕਹੀ ਜਾਂਦੀ ਹੈ , ਰਾਜ ਬਿਨਾ ਨਹਿ ਧਰਮ ਚਲੈ ਹੈਂ । ਧਰਮ ਬਿਨਾ ਸਭ ਦਲੈ ਮਲੈ ਹੈਂ । ਸਿੱਖਾਂ ਵਿਚ ਇਹ ਟੋਟਕਾ ਬਹੁਤ ਪ੍ਰਚਲਤ ਹੈ , ਇਸ ਦਾ ਮੂਲ ਸ੍ਰੋਤ ਕੀ ਹੈ ? ਘੱਟੋ-ਘੱਟ ਇਸ ਦੀ ਜਾਣਕਾਰੀ ਮੈਨੂੰ ਤਾਂ ਨਹੀਂ ਹੈ । (ਜੇ ਕੋਈ ਵੀਰ-ਭੈਣ ਇਸ ਬਾਰੇ ਮੇਰੀ ਮਦਦ ਕਰ ਦੇਵੇ ਤਾਂ ਮੈਂ ਉਸ ਦਾ ਬਹੁਤ ਧੰਨਵਾਦੀ  ਹੋਵਾਂਗਾ)
     ਆਉ ਅੱਜ ਇਸ ਬਾਰੇ ਹੀ ਵਿਚਾਰ ਕਰਦੇ ਹਾਂ ।
   ਸਭ ਤੋਂ ਪਹਿਲਾਂ ਇਹ ਗੱਲ ਵਿਚਾਰਨ ਵਾਲੀ ਹੈ ਕਿ ਗੁਰੂ ਸਾਹਿਬਾਂ ਦੇ ਸਮੇ (1469-1708)  ਗੁਰੂ ਸਾਹਿਬਾਂ ਨੇ ਇਸ ਤਰ੍ਹਾਂ ਦਾ ਕੋਈ ਉਪਰਾਲਾ ਨਹੀਂ ਕੀਤਾ , ਨਾ ਹੀ ਗੁਰੂ ਗ੍ਰੰਥ ਸਾਹਿਬ ਵਿਚ , ਇਸ ਆਸ਼ੇ ਦੀ ਕੋਈ ਸੇਧ ਦਿੱਤੀ ਹੈ , ਸਵਾਂ ਗੁਰੂ ਗ੍ਰੰਥ ਸਾਹਿਬ ਵਿਚ ਇਸ ਆਸ਼ੇ ਦੇ ਉਲਟ , ਇਕ ਤੁਕ ਜ਼ਰੂਰ ਹੈ ,

                ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥ (534)
   ਅਕਾਲੀਆਂ ਨੂੰ ਇਕੋ ਸਟੇਜ ਤੇ , ਦੋਵਾਂ ਤੁਕਾਂ ਨੂੰ ਲੈ ਕੇ , ਦੋ ਬੁਲਾਰਿਆਂ ਵਲੋਂ ਆਪਣੀ  ਵਿਦਵਤਾ ਸਥਾਪਤ ਕਰਨ ਲਈ , ਇਕ ਦੂਸਰੇ ਦੀ ਖਿਚਾਈ ਕਰਦੇ ਸੁਣਿਆ ਹੈ ।
  ਰਾਜ ਦੇ ਬੱਲ ਤੇ ਹੋਰ ਧਰਮਾਂ ਵਿਚ ਤਾਂ ਵਾਧਾ ਹੋ ਸਕਦਾ ਹੈ , ਪਰ ਸਿੱਖੀ ਵਿਚ ਨਹੀਂ । ਸਿੱਖੀ ਦਾ ਦੂਸਰੇ ਧਰਮਾਂ ਨਾਲੋਂ ਵੱਖਰਾ ਸਿਧਾਂਤ ਹੈ , ਗੁਰਮਤਿ ਸਿੱਖਾਂ ਦੀ ਗਿਣਤੀ ਦੀ ਗੱਲ ਨਹੀਂ ਕਰਦੀ , ਬਲਕਿ ਗੁਣਾਂ ਦੀ ਗੱਲ ਕਰਦੀ ਹੈ । ਗੁਰਮਤਿ ਕਿਤੇ ਵੀ ਦੂਸਰੇ ਧਰਮਾਂ ਵਾਲਿਆਂ ਨੂੰ , ਰਾਜ-ਬਲ ਨਾਲ ਜਾਂ ਹੋਰ ਕਿਸੇ ਧੌਂਸ ਨਾਲ ਸਿੱਖ ਬਨਾਉਣ ਦੀ ਗੱਲ ਨਹੀਂ ਕਰਦੀ , ਬਲਕਿ ਗੁਰਮਤਿ ਤਾਂ ਕਹਿੰਦੀ ਹੈ ,

                  ਭੈ ਕਾਹੂ ਕਉ ਦੇਤ ਨਹਿ   ਨਹਿ ਭੈ ਮਾਨਤ ਆਨ ॥ (1427)  
   ਗੁਰਮਤਿ ਅਨੁਸਾਰ ਤਾਂ ਸਿੱਖੀ , ਦੂਸਰੇ ਧਰਮਾਂ ਵਾਙ , ਕੋਈ ਕਰਮ-ਕਾਂਡੀ ਧਰਮ ਨਹੀਂ ਹੈ , ਬਲਕਿ ਪ੍ਰਭੂ ਦੇ ਸਿਰਜੇ ਕਾਨੂਨ ਅਨੁਸਾਰ ਸਿੱਖੀ , ਸਾਰੀ ਦੁਨੀਆ ਦਾ ਇਕੋ-ਇਕ ਧਰਮ ਹੈ । ਜਿਸ ਵਿਚ ਕੋਈ ਕਰਮ-ਕਾਂਡ ਨਹੀਂ , ਕੋਈ ਵਹਿਮ-ਭਰਮ ਨਹੀਂ , ਕੋਈ ਵਿਖਾਵਾ , ਕੋਈ ਆਡੰਬਰ ਨਹੀਂ । ਕਿਸੇ ਨਾਲ ਕੋਈ ਵੈਰ-ਵਿਰੋਧ , ਦੁਸ਼ਮਣੀ  ਨਹੀਂ । ਓਸੇ ਆਸਰੇ ਤਾਂ ਗੁਰਬਾਣੀ ਕਿਸੇ ਨੂੰ , ਭਾਵੇਂ ਮੌਜੂਦਾ ਸਮੇ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ , ਚੰਗਾ ਇੰਸਾਨ ਬਣਨ ਦੀ ਗੱਲ ਕਰਦੀ ਹੈ । ਜੇ ਇਕ ਬੰਦਾ ਚੰਗਾ ਇੰਸਾਨ ਬਣ ਜਾਂਦਾ ਹੈ ਤਾਂ , ਉਹ ਆਪਣੇ-ਆਪ ਹੀ ਸਮਾਜ ਦਾ ਇਕ ਨਰੋਇਆ ਅੰਗ , ਸਿੱਖ ਬਣ ਜਾਂਦਾ ਹੈ । ਜੇ ਉਹ ਚੰਗਾ ਇੰਸਾਨ ਨਹੀਂ ਹੈ ਤਾਂ ਉਹ ਸਿੱਖ ਨਹੀਂ ਹੋ ਸਕਦਾ , ਭਾਵੇਂ ਉਸ ਦਾ ਭੇਖ ਕੁਝ ਵੀ ਹੋਵੇ ਭਲੀ-ਭਾਂਤ ਸੋਚਿਆ ਜਾ ਸਕਦਾ ਹੈ ਕਿ ਇਕ ਬੰਦੇ ਨੂੰ ਜ਼ਬਰਦੱਸਤੀ ਚੰਗਾ ਇੰਸਾਨ ਨਹੀਂ ਬਣਾਇਆ ਜਾ ਸਕਦਾ , ਯਾਨੀ ਸਿੱਖ ਨਹੀਂ ਬਣਾਇਆ ਜਾ ਸਕਦਾ । ਇਵੇਂ ਇਸ ਇਕ ਟੋਟਕੇ ਨੇ ਸਿੱਖੀ ਦੇ ਬਹੁਤ ਸਾਰੇ ਅਸੂਲਾਂ ਤੇ ਪਾਣੀ ਫੇਰ ਰੱਖਿਆ ਹੈ ।
   ਇਤਿਹਾਸ ਗਵਾਹ ਹੈ ਕਿ ਜਦ ਤਕ ਸਿੱਖਾਂ ਕੋਲ ਰਾਜ ਨਹੀਂ ਸੀ ਤਦ ਤੱਕ ਪਰਚਾਰਕਾਂ ਦੀ ਬੋਲੀ ਵਿਚ ਸਿੱਖ ਪੱਕੇ ਸਨ , ਇਕਦੂਸਰੇ ਤੇ ਜਾਨ ਵਾਰਨ ਵਾਲੇ ਚੰਗੇ ਇੰਸਾਨ ਸਨ । ਤਕਰੀਬਨ ਤਿੰਨ ਸੌ ਸਾਲ (1770 ਤਕ) ਇਕ ਵੀ ਸਿੱਖ ਸਿੱਖੀ ਤੋਂ ਨਹੀਂ ਥਿੜਕਿਆ । ਪਰ ਰਾਜ ਹੱਥ ਆਉਂਦਿਆਂ ਹੀ , ਉਹੀ ਸਿੱਖ ਇਕ ਦੂਜੇ ਤੇ ਜਾਨ ਵਾਰਨ ਵਾਲੇ ਨਾ ਰਹਿ ਕੇ , ਇਕ ਦੂਜੇ ਦੀ ਜਾਨ ਲੈਣ ਵਾਲੇ ਬਣ ਗਏ । ਫਿਰ ਨਿਘਾਰ ਦੀ ਅਜਿਹੀ ਲਹਿਰ ਚੱਲੀ ਕਿ , ਰੁਕਣ ਦਾ ਨਾਂ ਹੀ ਨਹੀਂ ਲੈ ਰਹੀ । ਪ੍ਰਕਾਸ਼ ਸਿੰਘ ਬਾਦਲ ਇਕ ਚੰਗਾ ਸਿੱਖ ਸੀ , ਪਰ ਰਾਜ ਦਾ ਚਸਕਾ ਲਗਦਿਆਂ ਹੀ , ਦੂਸਰਿਆਂ ਦੇ ਟੇਟੇ ਚੜ੍ਹ ਕੇ ਸਿੱਖਾਂ ਦਾ ਹੀ ਦੁਸ਼ਮਣ ਬਣ ਗਿਆ । ਉਸ ਦੀ ਛਤਰ-ਛਾਇਆ ਹੇਠ ਅਕਾਲੀ ਦਲ , ਜੋ ਸਿੱਖਾਂ ਦੇ ਹੱਕਾਂ ਦੀ ਰਖਵਾਲੀ ਕਰਨ ਵਾਲੀ ਪਾਰਟੀ ਸੀ , ਸਿੱਖਾਂ ਨੂੰ ਖਤਮ ਕਰਨ ਵਾਲੀ ਪਾਰਟੀ ਬਣ ਗਈ । ਐਸ. ਜੀ. ਪੀ. ਸੀ. ਜੋ ਗੁਰਦਵਾਰਿਆਂ ਦੀ , ਗੁਰਬਾਣੀ ਦੀ , ਸਿੱਖ ਇਤਿਹਾਸ ਦੀ ਕਸਟੋਡੀਅਨ ਸੀ , ਉਸ ਦੀ ਛਤਰ ਛਾਇਆ ਹੇਠ , ਕਾਰ-ਸੇਵਾ ਦੇ ਨਾਮ ਥੱਲੇ ਸਾਰੇ ਇਤਿਹਾਸਿਕ ਗੁਰਦਵਾਰਿਆਂ ਦੀ ਦਿੱਖ ਵਿਗਾੜ ਕੇ ਉਨ੍ਹਾਂ ਨੂੰ ਬੇਜਾਨ ਮਕਬਰੇ ਬਣਾ ਦਿੱਤਾ ਹੈ । ਗੁਰਬਾਣੀ ਸਿਧਾਂਤ ਨੂੰ ਖਤਮ ਕਰਨ ਲਈ ਪੰਜਾਬ ਵਿਚ ਹੀ ਹਜ਼ਾਰਾਂ ਸਾਧਾਂ ਦੇ ਡੇਰੇ ਖੜੇ ਕਰ ਦਿੱਤੇ ਗਏ ਹਨ , ਸਾਰੇ ਰਾਜ ਕਰਨ ਵਾਲੇ , ਵੋਟਾਂ ਪਿੱਛੇ ਗੁਰਬਾਣੀ ਨੂੰ ਪਿੱਠ ਦੇ ਕੇ , ਇਨ੍ਹਾਂ ਡੇਰਿਆਂ ਦੀਆਂ ਹਾਜ਼ਰੀਆਂ ਭਰਦੇ ਹਨ । ਬਾਦਲ ਦੇ ਯਾਰਾਂ ਨੂੰ ਖੁਸ਼ ਕਰਨ ਲਈ , ਐਸ. ਜੀ. ਪੀ. ਸੀ . ਆਪ ਹੀ ਅਜਿਹਾ ਇਤਿਹਾਸ ਛਾਪ ਰਹੀ ਹੈ , ਜੋ ਆਉਣ ਵਾਲੇ ਸਮੇ ਵਿਚ , ਸਿੱਖਾਂ ਲਈ ਸ਼ਰਮ ਦਾ ਕਾਰਨ ਬਣੇਗਾ । ਗੁਰਬਾਣੀ ਤੋਂ ਅਗਿਆਨ ਸਿੱਖ , ਸਿੱਖੀ ਤੋਂ ਭਗੌੜੇ ਹੋ ਰਹੇ ਹਨ ।ਇਹ ਨਿਘਾਰ ਕਿੱਥੋਂ ਤਕ ਚੱਲੇਗਾ ? ਕੁਝ ਵੀ ਕਿਹਾ ਨਹੀਂ ਜਾ ਸਕਦਾ ।ਇਹ ਸਭ ਰਾਜ ਦੀਆਂ ਹੀ ਤਾਂ ਬਰਕਤਾਂ ਹਨ ।
    ਦੁਨੀਆ ਦੇ ਵਿਚਾਰ-ਵਾਨਾਂ ਨੇ , ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਸਮਝ ਕੇ ਇਹ ਸਿੱਟਾ ਕੱਢ ਲਿਆ ਹੈ ਕਿ,
ਸਿੱਖੀ ਸਾਰੀ ਦੁਨੀਆ ਦਾ ਹੋਣ ਵਾਲਾ ਇਕੋ-ਇਕ ਧਰਮ ਹੈ , ਪਰ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਰੁਮਾਲੇ-ਦਰ-ਰੁਮਾਲੇ ਪਾ ਕੇ , ਬ੍ਰਾਹਮਣ ਵਾਙ ਇਸ ਨੂੰ ਵੀ ਅਖੌਤੀ ਸੰਤਾਂ-ਮਹਾਂਪੁਰਸ਼ਾਂ , ਬ੍ਰਹਮਗਿਆਨੀਆਂ ਦੇ ਪੜ੍ਹਨ ਦੀ ਵਸਤ ਬਣਾ ਦਿੱਤਾ ਹੈ । ਗੁਰਬਾਣੀ ਤੋਂ ਅਗਿਆਨਤਾ ਕਾਰਨ , ਸਿੱਖਾਂ ਨੂੰ ਕੋਈ ਜੋ ਵੀ ਕੁਝ ਪੜ੍ਹਾਈ ਜਾਂਦਾ ਹੈ ਉਸ ਨੂੰ ਹੀ ਗੁਰਮਤਿ ਸਮਝ ਕੇ ਸੱਤ-ਬਚਨ ਕਹੀ ਜਾਂਦੇ ਹਨ । ਜਿਸ ਮਾਇਆ ਨੂੰ ਗੁਰੂ ਸਾਹਿਬ ਨੇ ਗੁਰਮਤਿ ਥੁਲੇ ਦੱਬਿਆ ਸੀ , ਅੱਜ ਸਿੱਖਾਂ ਨੇ ਉਸੇ ਹੀ ਮਾਇਆ ਥੱਲੇ ਗੁਰਮਤਿ ਨੂੰ ਦੱਬ ਰੱਖਿਆ ਹੈ । ਸਾਡੇ ਲਈ ਸਿੱਖੀ ਵੀ ਦੂਸਰੇ ਧਰਮਾਂ ਵਾਙ , ਇਕ ਕਰਮ-ਕਾਂਡੀ ਧਰਮ ਹੀ ਬਣ ਗਿਆ ਹੈ , ਗੁਰਮਤਿ ਦੇ ਵਿਸ਼ਾਲ ਫਲਸਫੇ ਦੇ ਹੁੰਦਿਆਂ , ਅਸੀਂ ਅੱਡੀਆਂ ਚੁੱਕ-ਚੁੱਕ ਕੇ , ਪੰਥ ਨੂੰ ਇਕ ਕੌਮ ਸਾਬਤ ਕਰਨ ਦਾ ਟਿੱਲ ਲਾ ਰਹੇ ਹਾਂ , ਏਸੇ ਦਾ ਨਤੀਜਾ ਹੈ ਕਿ ਅਸੀਂ ਸਿੱਖੀ ਨੂੰ ਅੱਜ ਦੀ ਦਲਦਲ ਵਿਚੋਂ ਕੱਢਣ ਤੋਂ ਅਸਮਰੱਥ ਹਾਂ , ਸਿੱਖੀ ਦੀ ਬੇੜੀ ਸਾਡੇ ਵੇਖਦਿਆਂ ਹੀ ਡੁਬਦੀ ਜਾ ਰਹੀ ਹੈ ਅਤੇ ਅਸੀਂ ਉਸ ਨੂੰ ਬਚਾਉਣ ਦਾ ਕੋਈ ਹੀਲਾ ਕਰਨ ਦੇ ਨਾ-ਅਹਿਲ ਹਾਂ । ਕਿਉਂਕਿ ਸਾਡੇ ਦਿਮਾਗ ਵਿਚ , ਕਿਸੇ ਨੇ ਇਕ ਗੱਲ ਭਰ ਦਿੱਤੀ ਹੈ ਕਿ ਸਾਡੀਆਂ ਮੁਸ਼ਕਲਾਂ ਦਾ ਇਕੋ ਹੱਲ ਹੈ , “ ਰਾਜ ” , ਉਸ ਤੋਂ ਬਿਨਾ ਧਰਮ ਚੱਲ ਹੀ ਨਹੀਂ ਸਕਦਾ , ਅਤੇ ਇਸ ਰਾਜ ਲਈ ਅਸੀਂ ਹਰ ਸਿਧਾਂਤ-ਹੀਣ ਬੰਦੇ ਦਾ ਸਾਥ ਦੇ ਰਹੇ ਹਾਂ , ਨਹੀਂ ਤਾ ਏਨੇ ਦਿਨ ਆਰ. ਐਸ. ਐਸ. ਦੀ ਘਰ ਵਾਲੀ ਦਾ ਰਾਜ ਚੱਲਣ ਦੀ ਕੋਈ ਤੁਕ ਹੀ ਨਹੀਂ ਸੀ ।
   ਹਿੰਦੂਆਂ ਨੂੰ ਬਾਰਾਂ ਸੌ ਸਾਲ ਦੀ ਗੁਲਾਮੀ ਤੋਂ ਬਚਾਉਣ ਵਾਲੇ , ਗੁਰੂ ਦੇ ਸਿੱਖ ਅੱਜ ਆਪ ਗੁਲਾਮੀ ਤੋਂ ਬਚਣ ਲਈ ਹਿੰਦੂਆਂ ਦੇ ਥੱਲੇ ਲੱਗੇ ਪਏ ਹਨ , ਹਿੰਦੂਆਂ ਨੂੰ ਬਚਾਉਣ ਲਈ ਗੁਰੂ ਸਾਹਿਬ ਨੇ ਕੇਹੜਾ ਰਾਜ ਸਥਾਪਤ ਕੀਤਾ ਸੀ ?
    ਗੁਰਮਤਿ ਸਥਾਪਤ ਕਰਨ ਲਈ ਗੁਰਮਤਿ ਦੀ ਸੋਝੀ ਹੋਣੀ ਜ਼ਰੂਰੀ ਹੈ , ਗੁਰਮਤਿ ਦੀ ਸੋਝੀ ਤਦ ਹੀ ਹੁੰਦੀ ਹੈ , ਜੇ ਮਨ ਵਿਚੋਂ ਹਉਮੈ-ਹੰਕਾਰ ਦੂਰ ਹੋਵੇ , ਅੱਜ ਤਾਂ ਸਾਡੇ ਵਿਚ ਹਉਮੈ-ਹੰਕਾਰ ਤੋਂ ਛੁੱਟ ਹੋਰ ਕੁਝ ਹੈ ਹੀ ਨਹੀਂ । ਜਿਸ ਆਸਰੇ ਅੱਜ ਵਿਦਵਾਨਾਂ ਨੂੰ ਰਾਜ ਤੋਂ , ਖਾਲਿਸਤਾਨ ਤੋਂ ਇਲਾਵਾ ਕੁਝ ਸੁਝਦਾ ਹੀ ਨਹੀਂ ਹੈ , ਖਾਲੀ ਰਾਜ ਹਾਸਲ ਕਰਨ ਦੀਆਂ ਬਹਿਸਾਂ ਹੋ ਰਹੀਆਂ ਹਨ , ਅਤੇ ਸਿੱਖ ਅਜਿਹੇ ਹੀ ਵਿਦਵਾਨਾਂ ਦੇ ਰਹਿਮ ਤੇ ਹਨ ।     
    ਸੰਭਲੋ ਰਾਜ ਦੀ ਮਿਰਗ-ਮਰੀਚਕਾ ਤੋਂ ਬਾਹਰ ਨਿਕਲੋ , ਬਹੁਤ ਨੌਜਵਾਨ ਮਰਵਾ ਲਏ ਹਨ , ਹੁਣ ਤਾਂ ਗੁਰਮਤਿ ਦੀ ਸਿਖਿਆ ਅਨੁਸਾਰ ਸਮਾਜ ਦੇ ਨਵ-ਨਿਰਮਾਣ ਦੀ ਸਾਰ ਲਵੋ ।
    ਗੁਰੂ ਸਾਹਿਬ ਨੇ ਠੀਕ ਹੀ ਕਿਹਾ ਹੈ ਕਿ ਜੇ ਤੇਰੇ ਚਰਨਾਂ ਨਾਲ ਪ੍ਰੀਤ ਨਹੀਂ , ਜਿਸ ਆਸਰੇ ਅਸੀਂ ਚੰਗਾ ਇੰਸਾਨ ਬਣਨਾ ਹੈ , ਤਾਂ ਰਾਜ ਦੀ , ਮੁਕਤੀ ਦੀ ਚਾਹ ਕਰ ਕੇ ਵੀ ਕੀ ਹੋਵੇਗਾ ? ਗੁਰੂ ਸਾਹਿਬ ਨੇ ਪਰਮਾਤਮਾ ਦੀ ਮਿਹਰ ਦਾ ਇਕੋ-ਇਕ ਟਕਾਣਾ ਦੱਸਿਆ ਹੈ ,

                ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ    (15)
    ਗੁਰੂ ਸਾਹਿਬ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੈ , ਤੁਸੀਂ ਅੱਜ ਵੀ ਨੀਚਾਂ ਨੂੰ ਸੰਭਾਲਣ ਲਈ ਸਮਰੱਥ ਹੋ , ਬੱਸ ਆਪਣੇ ਆਪ ਨੂੰ ਪਛਾਨਣ ਅਤੇ ਮੈਂ ਨੂੰ ਤਿਆਗਣ ਦੀ ਲੋੜ ਹੈ । ਸ਼ੇਰ ਕੁਝ ਦਿਨ ਭੇਡਾਂ ਵਿਚ ਰਹਿਣ ਨਾਲ , ਭੇਡ ਨਹੀਂ ਬਣ ਜਾਂਦਾ । ਤੁਹਾਡੇ ਕੋਲ ਉਹ ਸਿਧਾਂਤ ਹੈ , ਜੋ ਦੁਨੀਆ ਨੂੰ ਬਚਾਉਣ ਦੇ ਸਮਰੱਥ ਹੈ । ਰਾਜ ਦੀ ਝਾਕ ਛੱਡ ਕੇ , ਉਸ ਸਿਧਾਂਤ ਨੂੰ ਸਮਝੋ ਅਤੇ ਦੁਨੀਆ ਵਿਚ ਲਾਗੂ ਕਰਨ ਲਈ ਹੰਭਲਾ ਮਾਰੋ , ਇਹੀ ਤੁਹਾਡਾ ਫਰਜ਼ ਹੈ , ਗੁਰੂ ਸਾਹਿਬ ਦਾ ਇਹੋ ਹੀ ਸੰਦੇਸ਼ ਹੈ ।
                                                    ਅਮਰ ਜੀਤ ਸਿੰਘ ਚੰਦੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.