ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ
ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ॥………
………॥ ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ॥4॥14॥ਪੰਨਾ 19॥
ਇਹ ਸ਼ਬਦ ਸਿਰੀ ਰਾਗੁ ਮਹਲਾ 1 ਦਾ ਹੈ। ਭਾਵ ਅਰਥ ਅਤੇ ਵਿਆਖਿਆ ਥਲੇ ਦਰਜ ਹਨ:-
ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥
ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ ॥
ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ॥1॥
ਜਦ ਦੇਹ ਵਿਚੋਂ ਜਿੰਦ ਨਿਕਲ ਜਾਂਦੀ ਹੈ ਤਾਂ ਜੀਵਨ ਸਤਾ ਰੂਪੀ ਅਗ ਬੁਝ ਜਾਂਦੀ ਹੈ, ਧੂੰਆਂ ਨਹੀਂ ਨਿਕਲਦਾ ਭਾਵ ਸਾਹ ਨਹੀਂ ਆਉਂਦਾ। ਜੀਵਨ ਸਤਾ ਤੋਂ ਸਖਣੀ ਦੇਹ ਡਰਾਵਣੀ ਲਗਣ ਲਗ ਪੈਂਦੀ ਹੈ। ਪੰਜੇ (ਪੰਜੇ ਕੀ ਹਨ? ਥਲੇ ਬਿਆਨ ਹੈ) ਦੁਖੀ ਹੋਕੇ ਰੋਂਦੇ ਹਨ ਕਿ ਜੀਵ ਦੇ ਦ੍ਵੇਤ ਭਾਵ ਵਿਚ ਲਗੇ ਰਹਿਣ ਕਾਰਨ ਅਸੀਂ ਵੀ ਵਿਅਰਥ ਗਏ।1।
ਮੂੜੇ ਰਾਮੁ ਜਪਹੁ ਗੁਣ ਸਾਰਿ॥ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ॥1॥ਰਹਾਉ॥
ਹੇ ਮੂਰਖ! ਨਾਮ ਜਪ, ਪ੍ਰਭੂ ਦੇ ਗੁਣ ਸੰਭਾਲ, ਪ੍ਰਭੂ ਦੇ ਗੁਣ ਗਾ । ਮੋਹਣੀ ਮਾਇਆ ਅਤੇ ਮਮਤਾ, ਹਉਮੈ ਅਤੇ ਅਹੰਕਾਰ ਸਾਰੀ ਸ੍ਰਿਸ਼ਟੀ ਨੂੰ ਠਗੀ ਜਾ ਰਹੇ ਹਨ।1।ਰਹਾਉ।
ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ ॥
ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ॥
ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਲਗਿ॥2॥
ਜਿਨ੍ਹਾਂ ਨੇ ਨਿਰੀ ਦੁਨੀਆਵੀ ਕਾਰ ਵਿਚ ਲਗ ਕੇ ਨਾਮ ਵਿਸਾਰ ਦਿਤਾ ਅਤੇ ਮੇਰ ਤੇਰ ’ਚ ਪਏ ਰਹੇ, ਉਹਨਾਂ ਦੇ ਅੰਦਰ ਤ੍ਰਿਸ਼ਣਾ ਦੀ ਅਗ ਭੜਕਦੀ ਰਹੀ, ਉਹ ਆਤਮਿਕ ਮੌਤੇ ਮਰ ਗਏ। ਜਿਨ੍ਹਾਂ ਦੀ ਰਾਖੀ ਗੁਰੂ ਨੇ ਕੀਤੀ ਉਹ ਤ੍ਰਿਸ਼ਣਾ ਰੂਪੀ ਅਗ ਤੋਂ ਬਚ ਗਏ, ਬਾਕੀ ਸਾਰੇ ਧੰਦੇ ਰੂਪੀ ਠਗ ਨੇ ਠਗ ਲਏ ।2।
ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ ॥
ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ ॥
ਕਰਮਿ ਮਿਲੈ ਸਚੁ ਪਾਈੲੈ ਗੁਰਮੁਖਿ ਸਦਾ ਨਿਰੋਧੁ॥3॥
ਜੇਹੜਾ ਬੰਦਾ ਆਪਣਿਆਂ ਗਿਆਨ ਇੰਦਰਿਆਂ ਨੂੰ ਰੋਕ ਕੇ ਰ¤ਖਦਾ ਹੈ ਭਾਵ ਕੰਟਰੋਲ ਵਿਚ ਰਖਦਾ ਹੈ, ਉਸ ਨੂੰ ਪਰਮਾਤਮਾ ਦੀ ਕਿਰਪਾ ਨਾਲ ਪਰਮਾਤਮਾ ਪ੍ਰਾਪਤ ਹੋ ਜਾਂਦਾ ਹੈ। ਉਸ ਦੀ ਮਾਇਕ ਪਦਾਰਥਾਂ ਨਾਲ ਪ੍ਰੀਤ ਮੁਕ ਜਾਂਦੀ ਹੈ, ਹਉ ਮੁਕ ਜਾਂਦੀ ਹੈ, ਵੈਰ ਵਿਰੋਧ ਮੁਕ ਜਾਂਦਾ ਹੈ, ਮਾਇਕ ਦੌੜ ਭਜ ਮੁਕ ਜਾਂਦੀ ਹੈ, ਕ੍ਰੋਧ ਮੁਕ ਜਾਂਦਾ ਹੈ ।3।
ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ॥
ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ॥
ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥4॥14॥
ਹੇ ਭਾਈ! ਗੁਰੂ ਦੀ ਮਤਿ ਜੀਵ ਦੇ ਪਲੇ ਪੈ ਜਾਏ ਤਾਂ ਕੰਮ ਧੰਦਾ ਕਰਦਿਆਂ ਸਦਾ ਟਿਕੀ ਰਹਿਣ ਵਾਲੀ ਸਿਮਰਨ ਦੀ ਕਾਰ ਕਮਾ ਜੀਵ ਸਚ ਸਰੂਪ ਵਾਹਿਗੁਰੂ ਨੂੰ ਮਿਲ ਪੈਂਦਾ ਹੈ ਅਤੇ ਜਮਨ ਮਰਨ ਦੇ ਗੇੜ ਤੋਂ ਛੁਟ ਜਾਂਦਾ ਹੈ ।
ਹੇ ਨਾਨਕ! ਅਜੇਹਾ ਜੀਵ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਸਿਰੋਪਾ ਲੈ ਕੇ ਜਾਂਦਾ ਹੈ।4।14।
ਗੁਰੂ ਜੀ ਮਨੁਖ ਨੂੰ ਕਿਸ ਕਾਵ੍ਯ ਸੁੰਦਰਤਾ ਨਾਲ ਸਮਝਾਉਂਦੇ ਹਨ ਕਿ ਦੇਹ ਦਾ ਮਰਨਾ ਬਰਹਕ ਹੇ । ਸਾਰੇ ਕਾਰ ਵਿਹਾਰ, ਵੈਰ ਵਿਰੋਧ, ਪਿਆਰ ਸੰਨਬੰਧ ਦੇਹ ਕਰਕੇ ਹਨ। ਦੇਹ ਦੇ ਮਰਨ ਨਾਲ ਇਹ ਸੰਨਬੰਧ ਮੁਕ ਜਾਂਦੇ ਹਨ। ਜਿੰਨਾਂ ਚਿਰ ਦੇਹ ਹੈ ਮਨੁਖ ਇਸ ਨੂੰ ਸਦੀਵੀ ਸਮਝ ਕੇ (ਗੁਰਮਤਿ ਅਨੁਸਾਰ ਗ੍ਰਿਹਸਤ ਜੀਵਨ ਨਾਂ ਅਪਣਾ ਕੇ) ਸਾਰੀ ਉਮਰ ਚਿਤ ਬਿਰਤੀ ਧੰਦਆਿ ਵਿਚ ਫਸਾਈ ਰਖਦਾ ਹੈ । ਤ੍ਰਿਸ਼ਨਾ ਰੂਪੀ ਅਗ ਅੰਦਰ ਪਕੇ ਤੌਰ ਤੇ ਅੰਕਿਤ ਹੋ ਜਾਂਦੀ ਹੈ ਜੋ ਅਉਗਣਾਂ ਵਲ ਪ੍ਰੇਰਦੀ ਹੈ। ਅਉਗਣਾਂ ਦਾ ਫਲ ਭੁਗਤਨਾ ਪੈਂਦਾ ਹੈ:-
ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ ਪੰਨਾ 953॥ ਅਤੇ,
ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥ ਪੰਨਾ 473॥
ਹੇ ਜੀਵ ! ਜੇ ਚਾਹੁੰਦਾ ਹੈਂ ਕਿ ਸਜ਼ਾ ਨਾਂ ਝਲਣੀ ਪਵੈ ਤਾਂ ਗੁਰੂ ਨੂੰ ਮਿਲ, ਨਾਮ ਪ੍ਰਾਪਤ ਕਰ, ਨਾਮ ਦਾ ਅਭਿਆਸ ਕਰ, ਇੰਦਰਿਆਂ ਨੂੰ ਨਿਰੁਧ ਕਰ (ਅਉਗਣਾਂ ਤੋਂ ਵਰਜ ਕੇ ਰਖ), ਆਤਮ ਲਖਤਾ ਵਿਚ ਆ, ਫਿਰ ਪਰਮਾਤਮਾ ਲਖਤਾ ਪ੍ਰਾਪਤ ਹੋਵੇਗੀ, ਜਨਮ ਮਰਨ ਹੀ ਨਹੀਂ ਮੁਕੇਗਾ ਬਲਕਿ ਸਦੀਵੀ ਆਨੰਦ ਪ੍ਰਾਪਤ ਹੋਵੇਗਾ।
ਦੇਹ ਬਿਨਸਨ ਤੇ ਸਕੇ ਸੰਨਬੰਧੀ ਰੋਂਦੇ ਹਨ, ਪੰਜ:- ਕਾਮ, ਕ੍ਰੋਧ, ਲੋਭ, ਮੋਹ, ਅੰਹਕਾਰ ਵੀ ਰੋਂਦੇ ਹਨ ਕਿਉਂਕਿ ਜੀਵ ਨੇ ਦੂਜੇ ਭਾਵ ਵਿਚ ਰਹਿ ਕੇ ਇਨ੍ਹਾਂ ਪੰਜਾ ਦਾ ਪ੍ਰਯੋਜਨ ਵਿਅਰਥ ਗਵਾ ਦਿਤਾ। ਇਨ੍ਹਾਂ ਨੇ ਤਾਂ ਜੀਵ ਨੂੰ ਰੋਕਾਂ ਪਾਉਂਣੀਆ ਸਨ ਤੇ ਜੀਵ ਨੇ ਇਨ੍ਹਾਂ ਰੋਕਾਂ ਦਾ ਮੁਕਾਬਲਾ ਕਰਕੇ ਵਿਜਈ ਹੋਣਾ ਸੀ ਪਹਿਲਵਾਨ ਦੀ ਤਰ੍ਹਾਂ ਜੋ ਅਖਾੜੇ ’ਚ ਰੋਕਾਂ ਦਾ ਮੁਕਾਬਲਾ ਕਰਦਾ ਜਿਤ ਪ੍ਰਾਪਤ ਕਰਦਾ ਹੈ । ਜੇ ਕੋਈ ਅਖਾੜੇ ’ਚ ਜਾ ਕੇ ਮਲਾਂ ਦੀਆਂ ਰੋਕਾਂ ਤੋੜਦਾ ਹੋਇਆ ਕੁਸ਼ਤੀ ਹੀ ਨਾਂ ਕਰੇ ਤਾਂ ਵਿਜਯ ਕਿਸਤਰ੍ਹਾਂ ਪ੍ਰਾਪਤ ਕਰੇਗਾ ? ਇਹ ਖਿਆਲ ਪੰਜਵੇਂ ਪਾਤਸ਼ਾਹ ਨੇ ਸਪਸ਼ਟ ਕੀਤਾ ਹੈ:-
ਹਉ ਗੋਸਾਈ ਦਾ ਪਹਿਲਵਾਨੜਾ॥ਮੈ ਗੁਰ ਮਿਲਿ ਉਚ ਦੁਮਾਲੜਾ॥
ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥17॥
ਵਾਤ ਵਜਨਿ ਟੰਮਕ ਭੇਰੀਆ ॥ ਮਲ ਲਥੇ ਲੈਦੇ ਫੇਰੀਆ ॥
ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥18॥ਪੰਨਾ 74॥
ਦੇਹ ਬਿਨਸਨ ਤੇ ਪੰਜ ਇੰਦਰੇ ਵੀ ਰੋਂਦੇ ਹਨੇ । ਪੰਜ ਇੰਦਰੇ ਹਨ:-ਕੰਨ, ਖਲੜੀ, ਅਖਾਂ, ਜੀਭ, ਨਕ । ਇਨ੍ਹਾਂ ਦੁਆਰਾ ਸ਼ਬਦ, ਸਪਰਸ਼, ਰੂਪ, ਰਸ, ਗੰਧ ਦਾ ਗਿਆਨ ਪ੍ਰਾਪਤ ਹੁੰਦਾ ਹੈ । ਇਹ ਇੰਦਰੇ ਮਨ ਨੂੰ ਸਹਾਇਤਾ ਕਰਨ ਲਈ ਮਿਲੇ ਹਨ । ਮਨ ਦਾ ਮੁਖ ਕੰਮ ਹੈ ਆਪਣੇ ਆਪ ਨੂੰ ਪਛਾਣਨਾ ਅਤੇ ਗੌਣ ਕੰਮ ਹੈ ਸਰੀਰ ਨੂੰ ਕਾਇਮ ਰਖਣਾ:-
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ਪੰਨਾ 441॥
ਮੂੜ ਮਨੁਖ ਇੰਦਰਿਆਂ ਨੂੰ ਧੰਦਿਆਂ, ਤ੍ਰਿਸ਼ਨਾ, ਮੋਹ ਮਾਇਆ ਲਈ ਵਰਤਦੇ ਹਨ ਅਤੇ ਇੰਦਰਿਆਂ ਦਾ ਪ੍ਰਯੋਜਨ ਹਾਣਿ ਕਰ ਦੇਂਦੇ ਹਨ; ਇਸ ਕਰਕੇ ਪੰਜ ਇੰਦਰੇ ਵੀ ਰੋਂਦੇ ਹਨ । ਗੁਰੂ ਜੀ ਨੇ ਆਸਾ ਦੀ ਵਾਰ ’ਚ ‘ਅਉਗਣੀ ਬੰਦੇ’ ਲਈ ਫੁਰਮਾਇਆ ਹੈ:-
ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥ ਪੰਨਾ 471॥
ਇਸ ਦੇ ਵਿਪਰੀਤ ਇਸ ਸ਼ਬਦ ’ਚ ‘ਸਚ ਵਾਲੇ ਬੰਦੇ’ ਬਾਰੇ ਦਸਿਆ ਹੈ:-
ਦਰਗਹਿ ਪੈਧਾ ਜਾਇ ॥
ਭਾਵ ਰਬ ਦੇ ਦਰ ਤੇ ਸਨਮਾਨ ਨਾਲ ਜਾਂਦਾ ਹੈ।
ਭਾਈ ਵੀਰ ਸਿੰਘ ਜੀ ਲਿਖਦੇ ਹਨ:- “ਅਜ ਕਲ ਦੀ ਪਛਮ ਵਿਚ ਚਲੀ ਸਪਿਰਿਚ੍ਯੁਲਿਜ਼ਮ ਦੀ ਵਿਦ੍ਯਾ ਵਾਲੇ ਦਸਦੇ ਹਨ ਕਿ ਨੇਕ ਰੂਹਾਂ ਸਰੀਰ ਛੋੜਕੇ ਇਕ ਅਚਰਜ ਸੁੰਦਰ ਆਤਮਿਕ ਲਿਬਾਸ ਵਿਚ ਜਾਂਦੀਆਂ ਹਨ ਤੇ ਪਾਪੀ ਰੂਹਾਂ ਇਸ ਲਿਬਾਸ ਤੋਂ ਵਿਰਵੀਆਂ ‘ਨਗਨ’ ਜਾਂਦੀਆਂ ਹਨ।”
ਨੋਟ:- ਸ੍ਰੀ ਗੁਰੂ ਗ੍ਰੰਥ ਸਾਹਿਬ ਉਪਦੇਸ਼ ਕਰਦੇ ਹਨ:-
ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥ ਪੰਨਾ 255॥
ਸਾਡੇ ਵਿਚੋਂ ਕਈ ਇਸ ਦੁਬਿਧਾ ਵਿਚ ਹੀ ਰਹਿੰਦੇ ਹਨ ਕਿ ਕੀ ਨਾਮ ਜਪਨਾ ਜ਼ਰੂਰੀ ਹੈ ? ਗੁਰਬਾਣੀ ਨਾਲ ਜੁੜੀਏ! ਸਮਝ ਆ ਜਾਏਗੀ।
ਸੁਰਜਨ ਸਿੰਘ--+919041409041