ਸਰਵਜੀਤ ਸਿੰਘ ਸੈਕਰਾਮੈਂਟੋ
ਇੱਕੀਵੀਂ ਸਦੀ ਅਤੇ ‘ਨਾਨਕਸ਼ਾਹੀ ਕੈਲੰਡਰ’
Page Visitors: 69
ਇੱਕੀਵੀਂ ਸਦੀ ਅਤੇ ‘ਨਾਨਕਸ਼ਾਹੀ ਕੈਲੰਡਰ’
ਸਰਵਜੀਤ ਸਿੰਘ ਸੈਕਰਾਮੈਂਟੋ
ਕੈਲੰਡਰ ਵਿਗਿਆਨ ਦਾ ਆਰੰਭ ਵੀ, ਇਸ ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਕਦੇ ਇਨਸਾਨ ਨੂੰ ਵੀ
ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਗਿਆਨ ਸੀ। ਖਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁੰਨਿਆ
ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁੰਨਿਆ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆਂ
ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿੱਚ ਕਿੰਨੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ
ਅਧਾਰਤ ਕੈਲੰਡਰ ਹੀ ਹੋਂਦ ਵਿੱਚ ਆਇਆ ਸੀ। ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿੱਚ ਵਾਧਾ
ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ
ਵਿੱਚ ਪ੍ਰਚੱਲਤ ਹੈ। ਹਿੰਦੂ ਧਰਮ ਵਿੱਚ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਪ੍ਰਚੱਲਤ ਹੈ। ਭਾਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ ਫਿਰ
ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ। “Today each of the major religions has its own calendar
which is used to programme its religious ceremonies, and it is almost as true to say that
each calendar has its religion.” (E.G.Richards, Mapping Time: The Calendar and Its
History)
ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ:- ਇਸ ਕੈਲੰਡਰ ਵਿੱਚ ਚੰਦ ਅਤੇ ਸੂਰਜੀ ਕੈਲੰਡਰ ਇਕੱਠੇ ਚਲਦੇ ਹਨ। ਚੰਦ ਧਰਤੀ ਦੇ ਦੁਆਲੇ
ਘੁੰਮਦਾ ਹੈ ਇਹ ਚੱਕਰ 29.53 ਦਿਨ ਵਿੱਚ ਪੂਰਾ ਕਰਦਾ ਹੈ। ਚੰਦ ਦੇ ਸਾਲ ਵਿਚ 12 ਮਹੀਨੇ ਅਤੇ 354.37 ਦਿਨ ਹੁੰਦੇ ਹੈ। ਧਰਤੀ
ਸੂਰਜ ਦੇ ਦੁਆਲੇ ਘੁੰਮਦੀ ਹੈ ਇਸ ਦਾ ਇਕ ਚੱਕਰ 365.2422 ਦਿਨ ਵਿਚ ਪੂਰਾ ਹੁੰਦਾ ਹੈ ਇਸ ਨੂੰ ਰੁੱਤੀ ਸਾਲ (Tropical
year) ਕਹਿੰਦੇ ਹਨ। ਇਸ ਤੋਂ ਸਪੱਸ਼ਟ ਹੈ ਕੇ ਚੰਦ ਦਾ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਹੁਣ ਜਦੋਂ ਇਕ
ਸਾਲ ਵਿੱਚ 11 ਦਿਨ ਅਤੇ ਦੋ ਸਾਲਾ ਵਿਚ 22 ਦਿਨ , ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਤਾ ਚੰਦ ਦੇ ਸਾਲ ਵਿੱਚ
ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਉਸ ਸਾਲ, ਚੰਦ ਦੇ ਸਾਲ ਦੇ 13 ਮਹੀਨੇ ਅਤੇ 384 ਦਿਨ ਹੁੰਦੇ ਹਨ। ਅਜੇਹਾ 19 ਸਾਲ
ਵਿਚ 7 ਵਾਰ ਕੀਤਾ ਜਾਂਦਾ ਹੈ। ਇਸ ਸਾਲ (ਸੰਮਤ 2080 ਬਿਕ੍ਰਮੀ) ਵੀ ਚੰਦ ਦੇ ਸਾਲ ਦੇ 13 ਮਹੀਨੇ ਹਨ ਇਸ ਸਾਲ ਸਾਵਣ ਦੇ ਦੋ
ਮਹੀਨੇ ਹਨ। ਤੇਰਵੇਂ ਮਹੀਨੇ ਨੂੰ ਮਲ ਮਾਸ ਕਿਹਾ ਜਾਂਦਾ ਹੈ ਇਸ `ਚ ਕੋਈ ਸ਼ੁਭ ਕੰਮ ਨਹੀ ਕੀਤਾ ਜਾਂਦਾ। ਇਸ ਮਹੀਨੇ ਤੋਂ ਪਿਛੋਂ ਆਉਣ
ਵਾਲੇ ਦਿਹਾੜੇ 18/19 ਦਿਨ, ਪਿਛਲੇ ਸਾਲ ਤੋਂ ਪੱਛੜ ਕੇ ਮਨਾਏ ਜਾਂਦੇ ਹਨ। ਜਿਵੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ
ਸੁਦੀ 7 ਮੁਤਾਬਕ ਪਿਛਲੇ ਸਾਲ 29 ਦਸੰਬਰ ਨੂੰ ਮਨਾਇਆ ਗਿਆ ਸੀ। ਉਸ ਤੋਂ ਅੱਗਲਾ ਦਿਹਾੜਾ ਇਸ ਤੋਂ 11 ਦਿਨ ਪਹਿਲਾ ਭਾਵ
18 ਦਸੰਬਰ ਨੂੰ ਆਉਣਾ ਚਾਹੀਦਾ ਸੀ ਪਰ ਨਹੀਂ। ਕਿਉਂਕਿ ਇਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਹਨ ਇਸ ਲਈ ਹੁਣ ਇਹ
ਦਿਹਾੜਾ 17 ਜਨਵਰੀ 2024 ਨੂੰ ਆਵੇਗਾ। ਉਸ ਤੋਂ ਅੱਗਲਾ ਗੁਰਪੁਰਬ, ਇਸ ਤੋਂ 11 ਦਿਨ ਪਹਿਲਾ ਭਾਵ 6 ਜਨਵਰੀ 2025
ਅਤੇ ਉਸ ਤੋਂ ਅਗਲਾ 27 ਦਸੰਬਰ 2025 ਨੂੰ ਆਵੇਗਾ। ਸੰਮਤ 2083 ਬਿ: (2026 ਈ:) ਵਿੱਚ ਜੇਠ ਦਾ ਮਹੀਨਾ ਦੋ ਵਾਰੀ
ਆਵੇਗਾ। ਇਸ ਕਾਰਨ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ 15 ਜਨਵਰੀ 2027 ਈ: ਨੂੰ ਆਵੇਗਾ। ਇਸ ਕੈਲੰਡਰ ਮੁਤਾਬਕ ਇਕ ਦਿਨ
ਵਿੱਚ, ਚੰਦ ਦਿਆਂ ਦੋ ਤਿੱਥਾਂ (ਦਿਨ) ਜਾਂ ਦੋ ਦਿਨਾਂ ਵਿੱਚ ਚੰਦ ਦੀ ਇਕ ਤਿੱਥ, ਅਕਸਰ ਹੀ ਆ ਜਾਂਦੀਆਂ ਹਨ। ਜਿਵੇ 14 ਜਨਵਰੀ
(2024 ਈ:) ਚੰਦ ਦੀ ਪੋਹ ਵਦੀ 3 ਅਤੇ 4 ਇਕ ਦਿਨ ਹੀ ਹਨ। ਇਸ ਕਾਰਨ ਇਸ ਸਾਲ ਇਹ ਦਿਹਾੜਾ ਮੱਸਿਆ ਤੋਂ 7 ਵੇਂ ਦਿਨ
ਨਹੀਂ, 6ਵੇਂ ਮਨਾਇਆ ਜਾਵੇਗਾ। ਇਸ ਤੋਂ ਉਲਟ ਜਨਵਰੀ 29 ਅਤੇ 30 ਨੂੰ ਦੋਵੇਂ ਦਿਨ ਮਾਘ ਵਦੀ 4 ਹੋਵੇਗੀ। ਅਜੇਹਾ ਹਰ ਮਹੀਨੇ
ਹੁੰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਚੰਦ ਦੇ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ ਤੇੜੇ ਹੀ ਕਰਨਾ ਪੈਣਾ ਹੈ
ਤਾਂ ਕਿਉਂ ਨਾ ਸੂਰਜੀ ਕੈਲੰਡਰ ਹੀ ਵਰਤ ਲਿਆ ਜਾਵੇ?
ਸੂਰਜੀ ਬਿਕ੍ਰਮੀ ਕੈਲੰਡਰ:- ਗੁਰੂ ਕਾਲ ਵੇਲੇ ਪ੍ਰਚੱਲਤ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ ਸੀ। ਸਾਲ ਦੀ ਇਹ
ਲੰਬਾਈ ਰੁੱਤੀ ਸਾਲ ਦੀ ਲੰਬਾਈ (365.2422 ਦਿਨ) ਤੋਂ ਲੱਗ ਭੱਗ 24 ਮਿੰਟ ਵੱਧ ਹੋਣ ਕਾਰਨ ਇਹ 60 ਸਾਲ ਪਿਛੋਂ ਇਕ ਦਿਨ
ਦਾ ਫਰਕ ਪੈ ਜਾਂਦਾ ਸੀ। ਨਵੰਬਰ 1964 ਵਿੱਚ ਸਾਲ ਦੀ ਇਸ ਲੰਬਾਈ `ਚ ਸੋਧ ਕਰਕੇ, ਸਾਲ ਦੀ ਲੰਬਾਈ 365.2563 ਦਿਨ
ਕਰ ਦਿੱਤੀ ਗਈ । ਹੁਣ ਵੀ ਸਾਲ ਦੀ ਇਹ ਲੰਬਾਈ ਵੀ ਰੁੱਤੀ ਸਾਲ ਤੋਂ ਲੱਗ ਭੱਗ 20 ਮਿੰਟ ਵੱਧ ਹੈ। ਹੁਣ ਇਹ 72 ਸਾਲ ਪਿਛੋਂ ਰੁੱਤੀ
ਸਾਲ ਤੋਂ ਇਕ ਦਿਨ ਦਾ ਫਰਕ ਪੈ ਜਾਵੇਗਾ। ਇਸ ਕੈਲੰਡਰ ਦੇ ਮਹੀਨੇ ਦਾ ਅਰੰਭ (ਸੰਗਰਾਂਦ) ਉਸ ਦਿਨ ਹੁੰਦਾ ਹੈ ਜਦੋਂ ਸੂਰਜ ਇਕ
ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਮਹੀਨਿਆਂ ਦੇ ਅਰੰਭ ਦਾ ਦਿਨ ਅਤੇ ਦਿਨਾਂ ਦੀ ਗਿਣਤੀ, ਹਰ ਸਾਲ ਬਦਲਦੇ ਰਹਿੰਦੇ
ਹਨ। ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸੂਰਜ ਦੇ ਚੜਨ ਵੇਲੇ ਹੁੰਦਾ ਹੈ।
ਨਾਨਕਸ਼ਾਹੀ ਕੈਲੰਡਰ:- ਇਹ ਸੂਰਜੀ ਕੈਲੰਡਰ ਹੈ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਜੋ ਰੁੱਤੀ ਸਾਲ
(365.2422 ਦਿਨ) ਦੇ ਬਹੁਤ ਹੀ ਨੇੜੇ ਹੈ। ਹੁਣ ਇਹ ਰੁੱਤੀ ਸਾਲ ਤੋਂ ਲੱਗ ਭੱਗ 3200 ਸਾਲ ਪਿਛੋਂ ਇਕ ਦਿਨ ਦਾ ਫਰਕ ਪਵੇਗਾ।
ਇਸ ਦੇ ਮਹੀਨਿਆਂ ਦੇ ਅਰੰਭ ਅਤੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ, ਸਦਾ ਵਾਸਤੇ ਹੀ ਪੱਕੇ ਹਨ ਜਿਨ੍ਹਾਂ ਦਾ ਸੂਰਜ ਦੇ ਰਾਸ਼ੀ ਪ੍ਰਵੇਸ਼
ਨਾਲ ਕੋਈ ਵੀ ਸਬੰਧ ਨਹੀ ਹੈ। ਨਾਨਕ ਸ਼ਾਹੀ ਕੈਲੰਡਰ ਦੇ ਦਿਨ ਦਾ ਅਰੰਭ ਰਾਤ 12 ਵਜੇ ਤੋਂ ਹੁੰਦਾ ਹੈ। ਇਹ ਕੈਲੰਡਰ ਪੂਰੀ ਤਰ੍ਹਾਂ
ਗੁਰਬਾਣੀ ਤੇ ਅਧਾਰਿਤ ਹੈ।
ਨਾਨਕਸ਼ਾਹੀ ਕੈਲੰਡਰ, ਕਨੇਡਾ ਨਿਵਾਸੀ ਸਿੱਖ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਜੀ ਨੇ ਬਹੁਤ ਹੀ ਮਿਹਨਤ ਨਾਲ ਬਣਾਇਆ ਸੀ
ਅਤੇ ਲੱਗ-ਭੱਗ ਇਕ ਦਹਾਕੇ ਦੀ ਸੋਚ ਵਿਚਾਰ ਤੋਂ ਪਿਛੋਂ ਸ਼੍ਰੋਮਣੀ ਕਮੇਟੀ ਨੇ 2003 ਈ: ਵਿੱਚ ਇਹ ਕੈਲੰਡਰ ਲਾਗੂ ਕੀਤਾ ਗਿਆ ਸੀ।
ਦੇਸ-ਵਿਦੇਸ਼ ਦੀਆਂ ਸੰਗਤਾਂ ਨੇ ਇਸ ਨੂੰ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਿਆ ਸੀ। ਅਚਾਨਕ ਹੀ 17 ਅਕਤੂਬਰ 2009 ਨੂੰ ਇਹ ਖ਼ਬਰ ਆ
ਗਈ ਕਿ ਇਸ ਕੈਲੰਡਰ ਵਿੱਚ ਸੋਧ ਕਰਨ ਵਾਸਤੇ ਦੋ ਮੈਂਬਰੀ (ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ) ਕਮੇਟੀ ਬਣਾਈ ਜਾ
ਰਹੀ ਹੈ। ਇਸ ਕਮੇਟੀ ਨੇ ਚਾਰ ਦਿਹਾੜੇ, ਸ਼ਹੀਦੀ ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਅਤੇ ਜੋਤੀ ਜੋਤ
ਦਿਹਾੜਾ, ਅਤੇ ਗ੍ਰੰਥ ਸਾਹਿਬ ਨੂੰ ਗੁਰ ਗੱਦੀ ਦਿਵਸ, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਭਾਵ ਵਦੀ-ਸੁਦੀ ਮੁਤਾਬਕ ਮਨਾਉਣ ਅਤੇ
ਮਹੀਨੇ ਦੇ ਅਰੰਭ ਦੀ ਤਾਰੀਖ (ਸੰਗਰਾਂਦ) ਨੂੰ ਸੂਰਜ ਦੇ ਰਾਸ਼ੀ ਪ੍ਰਵੇਸ਼ ਦੀ ਤਾਰੀਖ ਨਾਲ ਨੱਥੀ ਕਰਨ ਦੀ ਸਿਫ਼ਾਰਿਸ਼ ਕਰ ਦਿੱਤੀ।
2014 ਈ: ਵਿੱਚ ਚੁਪ ਚੁਪੀਤੇ ਹੀ, ਬਾਕੀ ਗੁਰਪੁਰਬ ਵੀ ਵਦੀ-ਸੁਦੀ ਮੁਤਾਬਕ ਕਰ ਦਿੱਤੇ ਗਏ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮਾਰਚ 2010 ਈ: ਵਿੱਚ ਜਾਰੀ ਕੀਤੇ ਗਏ ਕੈਲੰਡਰ ਦਾ ਨਾਮ ਨਾਨਕਸ਼ਾਹੀ ਹੀ ਰੱਖਿਆ
ਗਿਆ ਹੈ ਪਰ ਸਾਲ ਦੀ ਲੰਬਾਈ 365.2563 ਦਿਨ ਮੰਨੀ ਗਈ ਹੈ। ਮਹੀਨੇ ਦਾ ਅਰੰਭ ਸੂਰਜ ਦੇ ਨਵੀਂ ਰਾਸ਼ੀ `ਚ ਪ੍ਰਵੇਸ਼ ਨਾਲ,
ਜਿਸ ਕਾਰਨ ਹਰ ਸਾਲ ਤਿੰਨ-ਚਾਰ ਸੰਗਰਾਂਦਾਂ ਅਤੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਬਦਲ ਜਾਂਦੀ ਹਨ। ਕੁਝ ਦਿਹਾੜੇ ਚੰਦ ਦੇ
ਕੈਲੰਡਰ (354.37 ਦਿਨ) ਮੁਤਾਬਕ, ਕੁਝ ਦਿਹਾੜੇ ਸੂਰਜੀ ਬਿਕ੍ਰਮੀ ਕੈਲੰਡਰ (365.2563 ਦਿਨ) ਮੁਤਾਬਕ ਅਤੇ ਕੁਝ ਦਿਹਾੜੇ
ਸੀ: ਈ: ਕੈਲੰਡਰ (365.2425 ਦਿਨ) ਮੁਤਾਬਕ ਦਰਜ ਕੀਤੇ ਜਾਂਦੇ ਹਨ। ਬਹੁਤੇ ਦਿਹਾੜਿਆਂ ਦੇ ਪ੍ਰਵਿਸ਼ਟੇ ਤਾਂ ਨਾਨਕਸ਼ਾਹੀ
ਕੈਲੰਡਰ ਵਾਲੇ ਹੀ ਰੱਖੇ ਗਏ ਹਨ ਪਰ ਮਹੀਨੇ ਦਾ ਅਰੰਭ, ਸੂਰਜ ਦੇ ਨਵੀਂ ਰਾਸ਼ੀ `ਚ ਪ੍ਰਵੇਸ਼ ਕਰਨ ਨਾਲ ਨੱਥੀ ਹੋਣ ਕਾਰਨ
ਇਤਿਹਾਸਿਕ ਦਿਹਾੜਿਆਂ ਦੀਆਂ ਤਾਰੀਖਾਂ ਇਕ-ਦੋ ਦਿਨ ਅੱਗੜ-ਪਿੱਛੜ ਹੋ ਜਾਂਦੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ
ਸੰਮਤ 555 (2023-24 ਈ:) ਦੇ ਕੈਲੰਡਰ ਵਿੱਚ ਹੋਲਾ-ਮਹੱਲਾ ਦਰਜ ਨਹੀਂ ਹੈ।
ਹੁਣ ਇਸ ਸਵਾਲ ਪੈਦਾ ਹੁੰਦਾ ਹੈ ਕਿ ਜੇ ਹਰ ਸਾਲ ਵੱਡੇ ਸਾਹਿਬਜ਼ਾਦਾ ਦਾ ਸ਼ਹੀਦੀ ਦਿਹਾੜਾ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ
ਸ਼ਹੀਦੀ ਦਿਹਾੜਾ 13 ਪੋਹ ਨੂੰ ਮਨਾਇਆ ਜਾ ਸਕਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ 23 ਪੋਹ ਨੂੰ ਕਿਉ
ਨਹੀਂ ਮਨਾਇਆ ਜਾ ਸਕਦਾ? ਹਰ ਸਾਲ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਨੂੰ ਮਨਾਉਣ ਨਾਲ, ਗੁਰਮਤਿ ਦੇ ਕਿਹੜੇ ਸਿਧਾਂਤ
ਦੀ ਅਵੱਗਿਆ ਹੁੰਦੀ ਹੈ?
ਖਾਲਸਾ ਜੀ ਜਾਗੋ! ਕੀ ਅਸੀਂ ਸਿਰਫ ਰਾਗੀਆਂ-ਢਾਡੀਆਂ ਤੋਂ ਇਤਿਹਾਸ ਸੁਣਕੇ, ਭੂਤ ਕਾਲ ਬਾਰੇ ਹੀ ਸੋਚਦੇ/ਪਛਤਾਉਂਦੇ ਰਹਾਂਗੇ?
ਅਸੀਂ ਵਰਤਨਾਮ ਅਤੇ ਭਵਿੱਖ ਬਾਰੇ ਫਿਕਰਮੰਦ ਕਿਉਂ ਨਹੀਂ ਹੁੰਦੇ? ਕੀ ਅਸੀਂ ਫਰਜ਼ੀ ਰਾਸ਼ੀਆਂ ਨੂੰ ਮੁਖ ਰੱਖ ਕੇ ਬਣਾਏ ਕੈਲੰਡਰ ਦੇ
ਮੁਤਾਬਕ ਚਲਣਾ ਹੈ ਜਾਂ ਅਕਾਲ ਪੁਰਖ ਦੇ ਹੁਕਮ ਵਿੱਚ ਧਰਤੀ ਵੱਲੋਂ ਸੂਰਜ ਦੁਆਲੇ ਇਕ ਚੱਕਰ ਪੂਰਾ ਕਰਨ ਦੇ ਸਮੇਂ ਮੁਤਾਬਕ,
ਆਪਣੇ ਕੈਲੰਡਰ ਦਾ ਸਾਲ ਨਿਰਧਾਰਿਤ ਕਰਨਾ ਹੈ? ਅੱਜ ਸਿੱਖ ਕੌਮ ਦੁਨੀਆਂ ਭਰ ਵਿੱਚ ਫੈਲ ਚੁੱਕੀ ਹੈ। ਸਾਨੂੰ ਅਜੇਹੇ ਕੈਲੰਡਰ ਦੀ
ਲੋੜ ਹੈ ਜਿਸ ਵਿੱਚ ਸਾਡੇ ਇਤਿਹਾਸਕ ਦਿਹਾੜਿਆਂ ਦੇ ਪ੍ਰਵਿਸ਼ਟੇ (ਤਾਰੀਖਾਂ) ਸਦਾ ਵਾਸਤੇ ਹੀ ਪੱਕੇ ਹੋਣ।