ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 1)
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ੴ ਸਤਿ ਗੁਰ ਪ੍ਰਸਾਦਿ ॥
“ੴ”
” ਦਾ ਭਾਵ-ਅਰਥ !
ਗੁਰੂ ਸਾਹਿਬ ਦੀ ਬਖਸ਼ਿਸ਼ , ਪ੍ਰਭੂ , ਪਰਮਾਤਮਾ ਦਾ ਸ਼ਾਬਦਿਕ ਚਿਤ੍ਰ , ਜਿਸ ਨੂੰ ਸਿੱਖ , ਮੂਲ ਮੰਤ੍ਰ ਕਹਿੰਦੇ ਹਨ , ਕਿਉਂਕਿ ਗੁਰਮਤਿ ਵਿਚ ਮੰਤ੍ਰ ਦੇ ਕਿਸੇ ਵੀ ਰੂਪ ਦਾ ਕੋਈ ਵਿਧਾਨ ਨਹੀਂ ਹੈ , ਇਸ ਲਈ ਕੁਝ ਸਿੱਖ , ਮੰਤ੍ਰ ਦੀ ਵਿਆਖਿਆ , ਮੁਢਲਾ ਉਪਦੇਸ਼ ਵੀ ਕਰਦੇ ਹਨ । ਪਰ ਇਹ ਸਿੱਖੀ ਦੇ ਸਿਧਾਂਤ ਤੇ ਖਰਾ ਨਹੀਂ ਉਤਰਦਾ । ਜਦ ਤਕ ਸੂਝਵਾਨ ਸਿੱਖ ਇਸ ਵਿਚ , ਸਹੀ ਸੋਧ ਨਹੀਂ ਕਰ ਲੈਂਦੇ , ਤਦ ਤੱਕ ਇਸ ਨੂੰ ਆਪਾਂ ਸ਼ਾਬਦਿਕ ਚਿਤ੍ਰ ਹੀ ਕਹਾਂਗੇ , ਕਿਉਂਕਿ ਗੁਰੂ ਸਾਹਿਬ ਨੇ ਸ਼ਬਦਾਂ ਨਾਲ , ਉਸ ਪ੍ਰਭੂ ਦਾ , ਜਿਸ ਦਾ ਕੋਈ ਰੂਪ-ਰੇਖ-ਰੰਗ ਨਹੀਂ ਹੈ , ਅਜਿਹਾ ਚਿਤ੍ਰ ਖਿਚਿਆ ਹੈ , ਜਿਸ ਆਸਰੇ ਅਸੀਂ ਸਹਿਜੇ ਹੀ ਪਰਮਾਤਾਮਾ ਅਤੇ ਉਸ ਦੀ ਕਿਰਤ ਵਿਚਲੇ ਫਰਕ ਨੂੰ ਪਛਾਣ ਸਕਦੇ ਹਾਂ ।
ੴ = ਇਸ ਤੋਂ ਗੁਰਬਾਣੀ ਦੀ ਸ਼ੁਰੂਆਤ ਹੁੰਦੀ ਹੈ, ਇਹ ਦੋ ਅੱਖਰਾਂ ਦਾ ਸੁਮੇਲ ਹੈ,
“ ੧" ”ਅਤੇ “ਓ ” (ਓਅੰਕਾਰ)
੧ = ਅਕਾਲ ਪੁਰਖ, ਕਰਤਾ ਪੁਰਖ, ਜਿਸ ਨੇ ਸ੍ਰਿਸ਼ਟੀ ਦੀ ਇਹ ਸਾਰੀ ਖੇਡ ਰਚੀ ਹੈ, ਆਪਣੇ ਅੰਦਰੋਂ ਹੀ ਪੈਦਾ ਕੀਤੀ ਹੈ । ਹਰ ਵੇਲੇ ਉਸ ਦੀ ਪਾਲਣਾ, ਦੇਖ-ਭਾਲ ਕਰਦਾ ਹੈ । ਇਸ ਦਾ ਅੰਤ ਕਰਨ ਦੀ ਸਮਰਥਾ ਵੀ, ਸਿਰਫ ਤੇ ਸਿਰਫ ਉਸ “੧ ” ਵਿਚ ਹੀ ਹੈ । ਇਸ ਕੰਮ ਵਿਚ ਉਸ ਦਾ ਕੋਈ ਭਾਈਵਾਲ, ਕੋਈ ਸਲਾਹ-ਕਾਰ ਜਾਂ ਕੋਈ ਕਾਰਿੰਦਾ ਵੀ ਨਹੀਂ ਹੈ । ਇਹ ਸਾਰਾ ਕੰਮ ਕਰਨ ਵਾਲਾ ਕੇਵਲ ਉਹ ਆਪ ਹੀ ਆਪ ਹੈ । ਅਗਿਆਨਤਾ ਵੱਸ ਬੰਦਿਆਂ ਨੇ ਉਸ ਦੇ ਨਾਵਾਂ ਦੇ ਆਧਾਰ ਤੇ ਉਸ ਵਿਚ ਵੀ ਵੰਡੀਆਂ ਪਾਈਆਂ ਹੋਈਆਂ ਹਨ , ਜਿਸ ਤੋਂ ਬਚਣ ਲਈ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ ।
ਗੁਰਬਾਣੀ ਵਿਚ ਉਸ ਦੇ ਸਾਰੇ ਨਾਮ ਪਰਵਾਨ ਹਨ , ਪਰ ਬੰਦਿਆਂ ਨੂੰ ਰੱਬ ਕਰ ਕੇ ਮੰਨਣ ਤੋਂ ਗੁਰਬਾਣੀ ਸਖਤੀ ਨਾਲ ਵਰਜਦੀ ਹੈ , ਜਿਵੇਂ ਸਾਰੀ ਸ੍ਰਿਸ਼ਟੀ ਵਿਚ ਰਮੇ ਹੋਏ ਰਾਮ ਨੂੰ ਤਾਂ ਗੁਰਬਾਣੀ ਪੂਰੀ ਮਾਨਤਾ ਦੇਂਦੀ ਹੈ , ਪਰ ਦਸ਼ਰਥ ਪੁਤ੍ਰ ਰਾਮ ਨੂੰ , ਰੱਬ ਵਜੋਂ ਮਾਨਤਾ ਨਹੀਂ ਦੇਂਦੀ ।
ਗੁਰਬਾਣੀ ਵਿਚਲੀ ਇਕ ਬਹੁਤ ਹੀ ਛੋਟੀ ਜਿਹੀ ਤੁਕ , ਦਸ਼ਰਥ ਪੁਤ੍ਰ ਰਾਮ ਅਤੇ ਸਰਬ-ਵਿਆਪਕ ਰਾਮ ਵਿਚਲੇ ਜ਼ਮੀਨ ਆਸਮਾਨ ਦੇ ਫਰਕ ਨੂੰ ਪੂਰੀ ਤਰ੍ਹਾਂ ਉਜਾਗਰ ਕਰਦੀ ਹੈ , ਪਤਾ ਨਹੀਂ ਸਾਡੇ ਪਰਚਾਰਕ , ਅਜਿਹੀਆਂ ਚੀਜ਼ਾਂ ਨੂੰ ਕਿਉਂ ਨਹੀਂ ਜਨਤਕ ਕਰਨਾ ਚਾਹੁੰਦੇ ?
ਤੁਕ ਇਵੇਂ ਹੈ
ਰਾਮਾ ਰਮ ਰਾਮੈ ਅੰਤੁ ਨ ਪਾਇਆ ॥ (੧੩੧੯ )
ਹਰ ਥਾਂ ਵਿਆਪਕ , ਰਮੇ ਹੋਏ ਰਾਮ ਦਾ , (ਦਸ਼ਰਥ ਪੁਤ੍ਰ) ਰਾਮ ਨੇ ਅੰਤ ਨਹੀਂ ਪਾਇਆ ।
(ਜੇ ਪਾਇਆ ਹੁੰਦਾ ਤਾਂ ਸਰੂਪ-ਨਖਾਂ ਨਾਲ ਬਦ-ਤਮੀਜ਼ੀ ਕਰਨ ਦੀ ਹਿੱਮਤ ਨਾ ਪੈਂਦੀ)
ਇਸ ਦਾ ਹੀ ਇਕ ਰੂਪ ਇਹ ਵੀ ਹੈ ,
ਰਾਮਾ ਰਮ ਰਾਮੋ ਰਾਮੁ ਰਵੀਜੈ ॥
ਸਾਧੂ ਸਾਧ ਸਾਧ ਜਨ ਨੀਕੇ ਮਿਲਿ ਸਾਧੂ ਹਰਿ ਰੰਗੁ ਕੀਜੈ ॥1॥ ਰਹਾਉ ॥ (੧੩੨੪)
ਹੇ ਭਾਈ ਸਿਰਫ ਤੇ ਸਿਰਫ ਉਸ ਰਾਮ ਨੂੰ ਸਿਮਰਨਾ ਚਾਹੀਦਾ ਹੈ , ਜੋ ਰਮਿਆ ਹੋਇਆ (ਸਰਬ-ਵਿਆਪਕ) ਹੈ । ਹੇ ਭਾਈ ਸਾਧੂ ਜਨਾਂ , ਸਤ-ਸੰਗੀਆਂ ਨੂੰ ਮਿਲ ਕੇ , ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਨਣਾ ਚਾਹੀਦਾ ਹੈ ।
ਓ = ਓਅੰਕਾਰ = ਇਹ ਸੰਸਾਰ, ਉਸ ਕਰਤਾ-ਪੁਰਖ ਵਿਚੋਂ ਪੈਦਾ ਹੋਣ ਕਾਰਨ, ਉਸ ਦਾ ਆਪਣਾ ਹੀ ਆਕਾਰ, ਉਸ ਦਾ ਆਪਣਾ ਹੀ ਰੂਪ ਹੈ । ਦੁਨੀਆਂ ਦੇ ਸਾਰੇ ਧਰਮਾਂ ਵਿਚ, ਦੁਨੀਆਂ ਦੀਆਂ ਸਾਰੀਆਂ ਬੋਲੀਆਂ ਵਿਚ, ਇਕ ਦੀ ਗੱਲ ਤਾਂ ਹੈ, ਪਰ ਉਸ ਦੇ ਪਛਾਣ ਸਰੂਪ, ਕੋਈ ਸੋਝੀ ਨਹੀਂ ਹੈ । ਇਹ ਮਾਣ, ਬਾਬਾ ਨਾਨਕ ਜੀ ਨੇ, ਸਿਰਫ਼ ਤੇ ਸਿਰਫ਼ ਦੁਨੀਆਂ ਦੇ ਇਕੋ-ਇਕ ਸਾਂਝੇ ਧਰਮ, ਅਤੇ ਪੰਜਾਬੀ ਬੋਲੀ ਨੂੰ ਹੀ ਬਖਸ਼ਿਆ ਹੈ, ਕਿ ਉਨ੍ਹਾਂ ਕੋਲ “ “ ੴ ” ਲਫ਼ਜ਼ ਹੈ, ਜੋ ਪਰਮਾਤਮਾ ਅਤੇ ਉਸ ਦੀ ਪੈਦਾ ਕੀਤੀ, ਸਾਰੀ ਸ੍ਰਿਸ਼ਟੀ ਨੂੰ ਆਪਣੀ ਪਿਆਰ ਗਲਵੱਕੜੀ ਵਿਚ ਲੈਣ ਦੇ ਸਮਰੱਥ ਹੈ ।
ਦੋਵੇਂ ਇਕ ਦੂਸਰੇ ਦੇ ਪੂਰਕ ਹਨ , “੧ ” ਤੋਂ ਬਗੈਰ “ ਓ ” (ਓਅੰਕਾਰ) ਦਾ ਕੋਈ ਵਜੂਦ ਨਹੀਂ ਅਤੇ “ਓ “ (ਓਅੰਕਾਰ”) ਤੋਂ ਬਗੈਰ “੧ ” ਦੀ ਕੋਈ ਪਛਾਣ ਨਹੀਂ। ਇਸ ਰਾਹੀਂ ਬੰਦਾ, ਉਸ ਰੂਪ-ਰੰਗ ਤੋਂ ਬਾਹਰੇ ਵਾਹਿਗੁਰੂ ਨੂੰ ਪਰਤੱਖ ਮਹਿਸੂਸ ਕਰ ਸਕਦਾ ਹੈ ।ਅਨੇਕਾਂ ਰੂਪਾਂ ਵਿਚ ਉਸ ਨੂੰ ਵੇਖ ਵੀ ਸਕਦਾ ਹੈ ।
ਜੋ ਬੰਦਾ, ਗੁਰਬਾਣੀ ਦੇ ਇਸ ਪਹਿਲੇ ਅੱਖਰ ਦਾ ਸਿਧਾਂਤ ਸਮਝ ਲਵੇਗਾ, ਉਸ ਨੂੰ ਸੋਝੀ ਹੋ ਜਾਵੇਗੀ ਕਿ ਜਦ ਹਰ ਕਿਸੇ ਵਿਚ ਉਹ ਆਪ ਹੀ ਵਰਤ ਰਿਹਾ ਹੈ, ਤਾਂ ਫਿਰ ਪਰਾਇਆ ਕੌਣ ਹੈ? ਫਿਰ ਠੱਗੀ ਕਿਸ ਨਾਲ ਮਾਰੀ ਜਾ ਸਕਦੀ ਹੈ? ਡਰਾਇਆ ਕਿਸ ਨੂੰ ਜਾ ਸਕਦਾ ਹੈ? ਡਰਨ ਦੀ ਕਿਸ ਤੋਂ ਲੋੜ ਹੈ? ਬੰਦੇ ਅਤੇ ਪਰਮਾਤਮਾ ਦੇ ਵਿਚਾਲੇ, ਪੁਜਾਰੀ, (ਜਿਨ੍ਹਾਂ ਕੋਲੋਂ ਅਸੀਂ ਰੱਬ ਅੱਗੇ ਅਰਦਾਸਾਂ ਕਰਵਾਉਂਦੇ ਹਾਂ, ਜਿਨ੍ਹਾਂ ਦੀ ਅਸੀਂ ਰੱਬ ਕੋਲ ਸਫਾਰਸ਼ ਪਵਾਉਂਦੇ ਹਾਂ, ਇਸ ਆਧਾਰ ਤੇ ਹੀ ਅਸੀਂ ਜਿਨ੍ਹਾਂ ਦੀ ਪੂਜਾ ਕਰਦੇ ਹਾਂ) ਕਿਥੋਂ ਆ ਗਏ ?
ਫਿਰ ਅਸੀਂ, ਕਿਸੇ ਨੂੰ ਨੀਵਾਂ ਅਤੇ ਕਿਸੇ ਨੂੰ ਉੱਚਾ, ਕਿਸ ਆਧਾਰ ਤੇ ਸਮਝਦੇ ਹਾਂ? ਅਸੀਂ ਕਿਸੇ ਨਾਲ ਨਫਰਤ ਕਿਸ ਆਧਾਰ ਤੇ ਕਰਦੇ ਹਾਂ? ਇਸ ਓਅੰਕਾਰ ਦੀ ਸੋਝੀ ਤੋਂ ਬਗੈਰ, ਬੰਦਾ ਉਸ ਪ੍ਰਭੂ ਵਲੋਂ ਅਗਿਆਨਤਾ ਵੱਸ, ਆਕਾਰਾਂ ਦੇ ਚੱਕਰ, ਆਕਾਰਾਂ ਦੀ ਪੂਜਾ ਵਿਚ ਹੀ ਫਸਿਆ ਪਿਆ ਹੈ ।
“ ੴ “ ਦੇ ਫਲਸਫੇ ਨੂੰ ਸਮਝੇ ਬਗੈਰ ਅਸੀਂ ਗੁਰਬਾਣੀ ਦੇ ਦਰਸ਼ਨ, ਗੁਰਬਾਣੀ ਦੇ ਫਲਸਫੇ, ਗੁਰਬਾਣੀ ਦੇ ਸਿਧਾਂਤ ਨੂੰ ਨਹੀਂ ਸਮਝ ਸਕਦੇ ।
ਇਸ ਨੂੰ ਸਮਝਣ ਨਾਲ ਅਸੀਂ ਕਦੀ ਵੀ, ਵਿਅਕਤੀ ਪੂਜਾ ਨਾਲ, ਆਕਾਰਾਂ ਦੀ ਪੂਜਾ ਨਾਲ ਨਹੀਂ ਜੁੜ ਸਕਦੇ। ਅਸੀਂ ਕਰਮ-ਕਾਂਡਾਂ ਨਾਲ, ਵਿਖਾਵੇ ਦੀ ਪੂਜਾ ਨਾਲ ਨਹੀਂ ਜੁੜ ਸਕਦੇ ।
ਗੁਰਬਾਣੀ ਨੂੰ ਅਗਾਂਹ ਸਮਝਣ ਲਈ ਜ਼ਰੂਰੀ ਹੈ ਕਿ ਅਸੀਂ ਗੁਰਬਾਣੀ ਦੇ ਇਸ ਪਹਿਲੇ ਅੱਖਰ ਨੂੰ ਚੰਗੀ ਤਰ੍ਹਾਂ ਸਮਝ ਲਈਏ । ਭਾਵੇਂ ਇਸ ਵਿਚ ਹੀ ਸਾਰੀ ਉਮਰ ਲੰਘ ਜਾਵੇ ।
ਅਮਰ ਜੀਤ ਸਿੰਘ ਚੰਦੀ (ਚਲਦਾ)