ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 2)
ਇਸ ਤੋਂ ਅੱਗੇ ਰੱਬ ਦੀ ਪਛਾਣ ਦੱਸੀ ਹੈ,
ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ੴ ਬਾਰੇ ਆਪਾਂ ਵਿਚਾਰਿਆ ਹੈ, ਅੱਗੇ ਅੱਖਰ ਹੈ "ਸਤਿ" ਅਰਥ ਹੈ ਸੱਚ, ਸਦਾ ਕਾਇਮ ਰਹਣ ਵਾਲਾ। ਇਹ ਸਤਿ ਦੋਵੇਂ ਪਾਸੇ ਲਗਦਾ ਹੈ, ੴ ਨਾਲ ਵੀ ਅਤੇ 'ਨਾਮੁ ' ਨਾਲ ਵੀ, ਨਾਮੁ ਉਸ ਪ੍ਰਭੂ ਦਾ ਹੁਕਮ ਅਤੇ ਰਜ਼ਾ ਹੈ, ਇਹ ਵੀ ਪ੍ਰਭੂ ਵਾਙ ਹੀ, ਸਦਾ ਕਾਇਮ ਰਹਣ ਵਾਲਾ ਹੈ। ਅੱਗੇ ਅੱਖਰ ਹੈ, 'ਕਰਤਾ ਪੁਰਖੁ ' ਕਰਤਾ ਦਾ ਮਤਲਬ ਹੈ, ਸਭ ਕੁਝ ਕਰਨ ਵਾਲਾ। ਪੁਰਖ ਬਾਰੇ, ਗੁਰਬਾਣੀ ਇਵੇਂ ਸੇਧ ਦਿੰਦੀ ਹੈ.
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ (591)
ਪੂਰਾ ਸਲੋਕ ਇਵੇਂ ਹੈ,
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥
ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ ॥
ਪੂਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ ॥
ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ ॥
ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ ॥
ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ ਨਾ ਆਵੈ ਨਾ ਜਾਈ ॥
ਅਨਦਿਨੁ ਸੇਵਕੁ ਸੇਵਾ ਕਰੇ ਹਰਿ ਸਚੇ ਕੇ ਗੁਣ ਗਾਈ ॥
ਨਾਨਕੁ ਵੇਖਿ ਵਿਗਸਿਆ ਹਰਿ ਸਚੇ ਕੀ ਵਡਿਆਈ ॥2॥
ਇਸ ਸੰਸਾਰ ਵਿਚ ਇਕੋ-ਇਕ ਪਰਮਾਤਮਾ ਹੀ ਸਭ ਦਾ ਪਤੀ ਹੈ, ਸੰਸਾਰ ਦੇ ਸਾਰੇ ਜੀਵ ਉਸ ਦੀਆਂ ਜਨਾਨੀਆਂ ਹਨ। ਪਰਮਾਤਮਾ ਪਤੀ, ਸਾਰੇ ਘਟਾਂ ਨੂੰ ਭੋਗਦਾ ਹੈ, ਹਰ ਸਰੀਰ ਵਿਚ ਪਰਮਾਤਮਾ ਵਿਆਪਕ ਹੈ, ਤੇ ਸਭ ਤੋਂ ਨਿਰਲੇਪ ਵੀ ਹੈ। ਦੁਨਿਆਵੀ ਗਿਣਤੀ-ਮਿਣਤੀ ਦੇ ਹਿਸਾਬ ਨਾਲ ਉਸ ਅਲੱਖ ਪ੍ਰਭੂ ਦੀ ਕੋਈ ਸੋਝੀ ਨਹੀਂ ਪੈਂਦੀ।
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ, ਉਸ ਅਲੱਖ ਪ੍ਰਭੂ ਦੀ ਸੋਝੀ ਕਰਾਈ, ਉਸ ਨੂੰ ਗੁਰੂ ਦੇ ਸ਼ਬਦ ਰਾਹੀਂ, ਪਰਮਾਤਮਾ ਬਾਰੇ ਸਮਝ ਪੈ ਗਈ। ਜਿਨ੍ਹਾਂ ਮਨੁੱਖਾਂ ਨੇ ਸ਼ਬਦ ਦੀ ਸਿਖਿਆ ਅਨੁਸਾਰ ਆਪਣੀ ਹਉਮੈ ਦਾ ਖਾਤਮਾ ਕੀਤਾ ਹੈ, ਜੋ ਸਿਰਫ ਪ੍ਰਭੂ ਪੁਰਖ ਨੂੰ ਜਪਦੇ ਹਨ,ਉਹ,
ਪੁਰਖ ਨਾਲ ਇਕ-ਮਿਕ ਹੋ ਕੇ, ਆਪ ਵੀ ਪੁਰਖ ਹੋ ਜਾਂਦੇ ਹਨ।
ਉਸ ਗਿਆਨ ਇੰਦਰਿਆਂ ਦੀ ਸਮਝ ਤੋਂ ਬਾਹਰੇ ਪ੍ਰਭੂ ਦਾ ਕੋਈ ਸਰੀਕ ਨਹੀਂ ਹੈ, ਨਾ ਕੋਈ ਦੁਖੀ ਕਰਨ ਵਾਲਾ, ਉਸ ਦਾ ਵੈਰੀ ਹੈ। ਉਸ ਦਾ ਰਾਜ, ਸਦਾ ਅਟੱਲ ਹੈ, ਨਾ ਉਹ ਜੰਮਦਾ ਹੈ, ਨਾ ਮਰਦਾ ਹੈ।
ਸੱਚਾ ਸੇਵਕ ਉਸ ਸਚੇ ਹਰੀ ਦੀ ਸਿਫਤ-ਸਾਲਾਹ ਕਰ ਕੇ, ਹਰ ਵੇਲੇ ਉਸ ਦਾ ਸਿਮਰਨ ਕਰਦਾ ਹੈ, ਨਾਨਕ ਵੀ ਉਸ ਸੱਚੇ ਦੀ ਵਡਿਆਈ ਵੇਖ ਕੇ ਖੁਸ਼ ਹੋ ਰਿਹਾ ਹੈ।2।
ਨਿਰਭਉ
ਉਸ ਨੂੰ ਕਿਸੇ ਦਾ ਡਰ ਨਹੀਂ ਹੈ।
ਨਿਰਵੈਰੁ
ਉਸ ਨੂੰ ਕਿਸੇ ਨਾਲ ਵੈਰ ਨਹੀਂ, ਕਿਸੇ ਨਾਲ ਦੁਸ਼ਮਣੀ ਨਹੀਂ।
ਅਕਾਲ ਮੂਰਤਿ
ਉਸ ਦੀ ਹੋਂਦ ਤੇ, ਕਾਲ ਦਾ, ਸਮੇ ਦਾ ਕੋਈ ਅਸਰ ਨਹੀਂ ਪੈਂਦਾ।
ਅਜੂਨੀ
ਜੂਨਾਂ ਤੋਂ ਰਹਿਤ, ਜੋ ਜਨਮ ਵਿਚ ਨਹੀਂ ਆਉਂਦਾ।
ਸੈਭੰ
ਆਪਣੇ-ਆਪ ਤੋਂ ਹੋਣ ਵਾਲਾ, ਜਿਸ ਦਾ ਪ੍ਰਕਾਸ਼, ਆਪਣੇ-ਆਪ ਤੋਂ ਹੋਇਆ ਹੈ।
ਗੁਰ ਪ੍ਰਸਾਦਿ ॥
ਜਿਸ ਬਾਰੇ ਗਿਆਨ, ਗੁਰ, ਸ਼ਬਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਇਸ ਮਗਰੋਂ ਸ਼ੁਰੂ ਹੁੰਦੀ ਹੈ "ਜਪੁ" ਦੀ ਬਾਣੀ, ਜਿਸ ਨੂੰ ਆਦਰ ਨਾਲ "ਜਪੁ-ਜੀ-ਸਾਹਿਬ" ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਇਹ ਸਮਝਾਇਆ ਹੈ ਕਿ, ਜਪੁ ਕਿਸ ਦਾ ਕਰਨਾ ਹੈ।
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥
ਇਹ ਸਮਝਾਇਆ ਹੈ ਕਿ ਜਪੁ ਉਸ ਦਾ ਕਰਨਾ ਹੈ, ਜੋ ਮੁੱਢ ਤੋਂ ਹੋਂਦ ਵਾਲਾ ਹੈ। ਜੋ ਜੁਗਾਂ, ਸਮੇ ਦੇ ਸ਼ੁਰੂ ਹੋਣ ਵੇਲੇ ਵੀ ਹੋਂਦ ਵਾਲਾ ਸੀ । ਜੋ ਅੱਜ ਵੀ ਹੋਂਦ ਵਾਲਾ ਹੈ, ਅਤੇ ਆਉਣ ਵਾਲੇ ਸਮੇਂ ਵਿਚ ਵੀ ਹੋਂਦ ਵਾਲਾ ਹੀ ਹੋਵੇਗਾ। ( ਯਾਨੀ ਸਿੱਖਾਂ ਨੇ ਸਿਰਫ "ਅਕਾਲ-ਪੁਰਖ" ਦਾ ਜਪੁ ਕਰਨਾ ਹੈ, ਮਨੋਂ ਅਕਾਲ-ਪੁਰਖ ਨੂੰ ਯਾਦ r`Kxw ਹੈ।) ਅੱਗੇ ਗੁਰ (ਸ਼ਬਦ ਗੁਰੂ ਦੀ) ਬਾਣੀ ਸ਼ੁਰੂ ਹੁੰਦੀ ਹੈ।
ਅਮਰ ਜੀਤ ਸਿੰਘ ਚੰਦੀ (ਚਲਦਾ)