ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 3)
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥
ਸਭ ਤੋਂ ਪਹਿਲਾਂ, ਸਮਝਣ ਦੀ ਗੱਲ ਹੈ ਕਿ ਇਹ ਸਾਰੀਆਂ ਆਤਮਕ ਗਿਆਨ ਦੀਆਂ ਗੱਲਾਂ ਹਨ, ਜਿਨ੍ਹਾਂ ਦਾ ਸਬੰਧ ਮਨ ਨਾਲ ਹੈ, ਮਨ ਹੀ ਇਸ ਦਾ ਖਿਲਾੜੀ ਹੈ, ਸੰਸਾਰ ਇਸ ਦੀ ਕਰਮ-ਭੂਮੀ ਹੈ, ਸਰੀਰ ਇਸ ਖੇਡ ਦਾ ਮੈਦਾਨ ਹੈ।
ਖਿਲਾੜੀ ਲਈ ਅਲੱਗ ਕਾਨੂਨ ਹੁੰਦੇ ਹਨ, ਮੈਦਾਨ ਲਈ ਅਲੱਗ ਕਾਨੂਨ ਹਨ, ਅਤੇ ਕਰਮ-ਭੂਮੀ ਲਈ ਅਲੱਗ ਕਾਨੂਨ ਹਨ, ਜਿਨ੍ਹਾਂ ਨੂੰ ਆਪਸ ਵਿਚ ਰਲ-ਗੱਡ ਨਹੀਂ ਕੀਤਾ ਜਾ ਸਕਦਾ।
ਸੋਚ ਕਰਨ ਨਾਲ, ਸਰੋਵਰਾਂ ਜਾਂ ਤੀਰਥਾਂ ਤੇ ਨਹਾਉਣ ਨਾਲ ਸਰੀਰ ਤਾਂ ਸਾਫ ਹੋ ਸਕਦਾ ਹੈ, ਪਰ ਏਦਾਂ ਲੱਖਾਂ ਵਾਰੀ ਨਹਾਉਣ ਨਾਲ ਵੀ ਮਨ ਦੀ ਮੈਲ ਦੂਰ ਨਹੀਂ ਕੀਤੀ ਜਾ ਸਕਦੀ, ਜਿਵੇਂ ਪਰਮਾਤਮਾ ਨੂੰ ਯਾਦ ਕਰਨ ਨਾਲ, ਉਸ ਦੀ ਰਜ਼ਾ ਵਿਚ ਚੱਲਣ ਨਾਲ, ਮਨ ਦੀ ਮੈਲ ਤਾਂ ਸਾਫ ਹੋ ਸਕਦੀ ਹੈ, ਪਰ ਉਸ ਦਾ ਸਰੀਰ ਦੀ ਸਫਾਈ ਨਾਲ ਕੋਈ ਲੈਕਾ-ਦੇਕਾ ਨਹੀਂ ਹੈ।
ਇਵੇਂ ਹੀ ਚੁੱਪ ਕਰ ਰਹਣ ਨਾਲ, ਘੰਟਿਆਂ ਬੱਧੀ ਮੌਨ ਧਾਰਨ ਨਾਲ, ਮੂੰਹ ਬੰਦ ਕਰ ਰੱਖਣ ਨਾਲ, ਜਾਂ ਗੂੰਗਾ ਹੋ ਕੇ, ਮਨ ਨੂੰ ਚੁੱਪ ਨਹੀਂ ਰੱਖਿਆ ਜਾ ਸਕਦਾ।
ਸਰੀਰ ਭੁੱਖਾ ਹੋਵੇ ਤਾਂ ਰੋਟੀ ਖਾਣ ਨਾਲ ਰੱਜਿਆ ਜਾ ਸਕਦਾ ਹੈ, ਪਰ ਜੇ ਮਨ ਭੁੱਖਾ ਹੋਵੇ ਤਾਂ ਉਸ ਦੀ ਭੁੱਖ ਤਦ ਤੱਕ ਨਹੀਂ ਲੱਥ ਸਕਦੀ, ਜਦ ਤੱਕ ਉਸ ਨੂੰ ਸੰਤੋਖ ਨਾ ਆਵੇ, ਭਾਵੇਂ ਉਸ ਲਈ ਦੁਨੀਆ ਦੀ ਸਾਰੀ ਦੌਲਤ ਇਕੱਠੀ ਕਰ ਲਈ ਜਾਵੇ,
ਬੰਦੇ ਵਿਚ ਲੱਖ ਚਤਰਾਈਆਂ ਹੋਣ ਤਾਂ ਇਕ ਵੀ ਮਨ ਦੇ ਕੰਮ ਨਹੀਂ ਆ ਸਕਦੀ। ਕਿਉਂਕਿ ਮਨ ਦਾ ਆਪਣਾ ਟੀਚਾ ਹੈ, ਅਤੇ ਉਹ ਹੈ ਰੱਬ ਦੀ ਹਜ਼ੂਰੀ ਵਿਚ ਸਚਿਆਰ ਹੋਣਾ, ਜਿਸ ਦੇ ਆਪਣੇ ਨਿਯਮ ਹਨ।
ਇਸ ਬਾਰੇ ਹੀ ਗੁਰੂ ਸਾਹਿਬ ਸੇਧ ਦਿੰਦੇ ਹਨ ਕਿ, ਹੇ ਨਾਨਕ, ਇਹ ਅਸੂਲ ਤਾਂ ਬੰਦੇ ਲਈ ਧੁਰ ਤੋਂ ਹੀ ਰੱਬ ਵਲੋਂ ਲਿਖਿਆ ਹੋਇਆ ਹੈ ਕਿ ਬੰਦਾ ਰਜ਼ਾ ਦੇ ਮਾਲਕ ਰੱਬ ਦੀ ਰਜ਼ਾ ਵਿਚ ਚੱਲੇ। ਇਸ ਤੋਂ ਇਲਾਵਾ ਸਚਿਆਰ ਹੋਣ ਦਾ ਕੋਈ ਹੋਰ ਢੰਗ ਨਹੀਂ ਹੈ।
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥2॥
ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਸਾਰੇ ਸਰੀਰ ਬਣਦੇ ਹਨ, ਪਰ ਇਸ ਹੁਕਮ ਬਾਰੇ ਕੁੱਛ ਖੁਲਾਸਾ ਨਹੀਂ ਕੀਤਾ ਜਾ ਸਕਦਾ, ਇਸ ਦੇ ਨਿਯਮਾਂ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਪਰਮਾਤਮਾ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਪੈਦਾ ਹੁੰਦੇ ਹਨ, ਅਤੇ ਰੱਬ ਦੇ ਹੁਕਮ ਅਨੁਸਾਰ ਹੀ, ਜੀਵਾਂ ਨੂੰ ਪ੍ਰਭੂ ਦੀ ਦਰਗਾਹ ਵਿਚ ਵਡਿਆਈ ਮਿਲਦੀ ਹੈ।
ਰੱਬ ਦੇ ਹੁਕਮ ਅਨੁਸਾਰ ਹੀ ਕੋਈ ਮਨੁੱਖ ਚੰਗਾ ਅਤੇ ਕੋਈ ਮਨੁੱਖ ਮਾੜਾ ਬਣ ਜਾਂਦਾ ਹੈ। ਉਸ ਦੇ ਹੁਕਮ ਅਨੁਸਾਰ ਹੀ ਬੰਦੇ ਦੁੱਖ ਤੇ ਸੁਖ ਭੋਗਦੇ ਹਨ। ਹੁਕਮ ਵਿਚ ਹੀ, ਅਕਾਲ ਪੁਰਖ ਦੇ ਦਰ ਤੋਂ, ਕਦੀ ਬੰਦਿਆਂ ਤੇ ਬਖਸ਼ਿਸ਼ ਹੁੰਦੀ ਹੈ ਤੇ ਉਸ ਦੇ ਹੁਕਮ ਵਿਚ ਹੀ ਕਈ ਮਨੁੱਖ, ਨਿੱਤ ਜਨਮ-ਮਰਨ ਦੇ ਗੇੜ ਵਿਚ ਭਵਾਏ ਜਾਂਦੇ ਹਨ।
ਹਰੇਕ ਜੀਵ ਪ੍ਰਭੂ ਦੇ ਹੁਕਮ ਵਿਚ ਹੀ ਹੈ, ਕੋਈ ਜੀਵ, ਰੱਬ ਦੇ ਹੁਕਮ ਤੋਂ ਬਾਹਰ, ਹੁਕਮ ਤੋਂ ਬਾਗੀ ਨਹੀਂ ਹੋ ਸਕਦਾ । ਹੇ ਨਾਨਕ, ਜੇ ਕੋਈ ਬੰਦਾ ਅਕਾਲ-ਪੁਰਖ ਦੇ ਹੁਕਮ ਨੂੰ ਸਮਝ ਲਵੇ, ਤਾਂ ਫਿਰ ਉਹ ਰੱਬ ਤੋਂ ਵੱਖਰੀ ਆਪਣੀ ਹੋਂਦ ਦੀ ਕੋਈ ਗੱਲ ਨਹੀਂ ਕਰਦਾ।2।
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ ਗਾਵੈ ਕੋ ਦਾਤਿ ਜਾਣੈ ਨੀਸਾਣੁ ॥
ਗਾਵੈ ਕੋ ਗੁਣ ਵਡਿਆਈਆ ਚਾਰ ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥
ਗਾਵੈ ਕੋ ਸਾਜਿ ਕਰੇ ਤਨੁ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥
ਗਾਵੈ ਕੋ ਜਾਪੈ ਦਿਸੈ ਦੂਰਿ ॥ ਗਾਵੈ ਕੋ ਵੇਖੈ ਹਾਦਰਾ ਹਦੂਰਿ ॥
ਕਥਨਾ ਕਥੀ ਨ ਆਵੈ ਤੋਟਿ ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥
ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ ॥
ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥3॥
ਜੇ ਕਿਸੇ ਬੰਦੇ ਵਿਚ ਤਾਕਤ ਦੀ ਸਮਰਥਾ ਹੋਵੇ ਤਾਂ ਉਹ ਰੱਬ ਦੀ ਤਾਕਤ ਦੀ ਗੱਲ ਕਰ ਕਰ ਕੇ ਉਸ ਦੀ ਸਿਫਤ-ਸਾਲਾਹ ਕਰਦਾ ਹੈ। ਜੇ ਕਿਸੇ ਬੰਦੇ ਕੋਲ ਆਰਥਿਕ ਸਮਰਥਾ ਹੋਵੇ ਤਾਂ ਉਹ ਇਨ੍ਹਾਂ ਦਾਤਾਂ ਨੂੰ ਹੀ ਰੱਬ ਦੀ ਰਹਿਮਤ ਦਾ ਨਿਸ਼ਾਨ ਸਮਝਦਾ ਹੋਇਆ, ਉਸ ਦੀਆਂ ਦਾਤਾਂ ਦੀ ਹੀ ਵਡਿਆਈ ਕਰਦਾ ਹੈ।
ਕੋਈ ਬੰਦਾ, ਰੱਬ ਦੇ ਸੋਹਣੇ ਗੁਣਾਂ, ਚੰਗੀਆਂ ਵਡਿਆਈਆਂ ਦੀਆਂ ਗੱਲਾਂ ਕਰ ਕੇ ਹੀ ਸਿਫਤ-ਸਾਲਾਹ ਕਰਦਾ ਹੈ। ਕੋਈ ਬੰਦਾ ਪੜ੍ਹਾਈ ਦੇ ਬਲ ਨਾਲ ਸ਼ਾਸਤਰਾਂ ਆਦਿਕ ਦੁਆਰਾ ਆਤਮਕ ਫਲਾਸਫੀ ਦੇ ਔਖੇ ਵਿਸ਼ਿਆਂ ਤੇ ਵਿਚਾਰ ਕਰਦਾ ਹੈ, ਉਹ ਉਸ ਨੂੰ ਹੀ ਰੱਬ ਦੀ ਮਿਹਰ ਸਮਝਦਾ ਹੈ।
ਕੋਈ ਮਨੁੱਖ, ਪ੍ਰਭੂ ਦੇ ਇਸ ਗੁਣ ਆਸਰੇ ਉਸ ਦੀ ਸਿਫਤ-ਸਾਲਾਹ ਕਰਦਾ ਹੈ ਕਿ ਰੱਬ ਸਰੀਰ ਬਣਾ ਕੇ ਫਿਰ ਉਸ ਨੂੰ ਸੁਆਹ ਕਰ ਦੇਂਦਾ ਹੈ। ਕੋਈ ਇਉਂ ਗਾਉਂਦਾ ਹੈ ਕਿ ਰੱਬ ਸਰੀਰਾਂ ਵਿਚੋਂ ਜਿੰਦਾਂ ਕੱਢ ਕੇ, ਫਿਰ ਦੂਸਰੇ ਸਰੀਰਾਂ ਵਿਚ ਪਾ ਦਿੰਦਾ ਹੈ, ਯਾਨੀ ਕਿਸੇ ਨੂੰ ਮਾਰ ਦਿੰਦਾ ਹੈ, ਕਿਸੇ ਨੂੰ ਪੈਦਾ ਕਰ ਦਿੰਦਾ ਹੈ।
ਕੋਈ ਬੰਦਾ ਇਵੇਂ ਰੱਬ ਦੀ ਸਿਫਤ-ਸਾਲਾਹ ਕਰਦਾ ਹੈ ਕਿ ਪਰਮਾਤਮਾ ਬਹੁਤ ਦੂਰ ਅਸਮਾਨਾਂ ਤੇ ਰਹਿੰਦਾ ਜਾਪਦਾ ਹੈ, ਕੋਈ ਦੂਸਰਾ ਆਖਦਾ ਹੈ ਕਿ ਨਹੀਂ ਰੱਬ ਤਾਂ ਬਹੁਤ ਨੇੜੇ, ਸਭ ਥਾਈਂ ਹਾਜ਼ਰ ਹੈ, ਸਭ ਨੂੰ ਵੇਖ ਰਿਹਾ ਹੈ, ਜਿਸ ਨੂੰ ਪ੍ਰਭੂ, ਜਿਸ ਤਰ੍ਹਾਂ ਦੀ ਅਕਲ ਦਿਂਦਾ ਹੈ, ਉਹ ਉਸ ਤਰ੍ਹਾਂ ਹੀ ਉਸ ਦੀ ਵਡਿਆਈ ਕਰਦਾ ਹੈ। ਕ੍ਰੋੜਾਂ ਹੀ ਜੀਵਾਂ ਨੇ, ਬੇਅੰਤ ਵਾਰੀ ਅਕਾਲ ਪੁਰਖ ਦੇ ਹੁਕਮ ਦਾ ਵਰਣਨ ਕੀਤਾ ਹੈ, ਪਰ ਹੁਕਮ ਦੇ ਵਰਣਨ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ।
ਦੇਣ ਵਾਲਾ ਪਰਮਾਤਮਾ, ਸਾਰੇ ਜੀਵਾਂ ਨੂੰ ਰਿਜ਼ਕ ਦੇ ਰਿਹਾ ਹੈ, ਸਭ ਜੀਵ ਜੁਗਾਂ ਜੁਗਾਂ ਤੋਂ, ਸ੍ਰਿਸ਼ਟੀ ਦੇ ਹੋਂਦ ਵਿਚ ਆਉਣ ਤੋਂ ਹੀ ਰੱਬ ਦੇ ਦਿੱਤੇ ਪਦਾਰਥ ਖਾ ਰਹੇ ਹਨ, ਜੀਵ ਤਾਂ ਖਾ ਖਾ ਕੇ ਥੱਕ ਜਾਂਦੇ ਹਨ, ਪਰ ਪਰਮਾਤਮਾ ਦੇ ਪਦਾਰਥਾਂ ਵਿਚ ਕੋਈ ਘਾਟਾ ਨਹੀਂ ਪੈਂਦਾ।
ਹੁਕਮ ਵਾਲੇ ਪ੍ਰਭੂ ਦਾ ਹੁਕਮ ਹੀ, ਸੰਸਾਰ ਦੇ ਕੰਮਾਂ ਦਾ ਰਾਹ ਚਲਾ ਰਿਹਾ ਹੈ, ਹੇ ਨਾਨਕ, ਉਹ ਨਿਰੰਕਾਰ ਸਦਾ ਬੇ-ਪਰਵਾਹ ਅਤੇ ਖੁਸ਼ ਹੈ, ਉਸ ਦੀ ਨਾਮ ਰੂਪ ਸੱਤਾ ਹੀ ਸੰਸਾਰ ਦੇ ਸਾਰੇ ਵਿਹਾਰ ਚਲਾ ਰਹੀ ਹੈ।3।
ਏਥੋਂ ਤੱਕ ਗੁਰੂ ਸਾਹਿਬ ਨੇ, ਪਰਮਾਤਮਾ ਅਤੇ ਮਨ ਦੇ ਆਪਸੀ ਸਬੰਧਾਂ ਦਾ ਖੁਲਾਸਾ ਕੀਤਾ ਹੈ। ਮਨ ਨੇ ਮਾਇਆ ਦੇ ਰਾਜ ਵਿਚ ਰਹਿੰਦੇ ਹੋਏ, ਮਾਇਆ ਦੇ ਤਿੰਨਾਂ ਗੁਣਾਂ ਦਾ ਮੁਕਾਬਲਾ ਕਰਦੇ ਹੋਏ, ਇਨ੍ਹਾਂ ਸਬੰਧਾਂ ਨੂੰ ਧਿਆਨ ਵਿਚ ਰਖਦਿਆਂ, ਤਾਲ-ਮੇਲ ਬਿਠਾ ਕੇ ਆਪਣਾ ਟੀਚਾ ਪੂਰਾ ਕਰਨਾ ਹੈ।
ਅਮਰ ਜੀਤ ਸਿੰਘ ਚੰਦੀ (ਚਲਦਾ)