ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 6)
ਹਿਰਦੈ ਸੁਣਿ ਸੁਣਿ ਮਨਿ ਅੰਮ੍ਰਿਤੁ ਭਾਇਆ ॥
ਗੁਰਬਾਣੀ ਹਰਿ ਅਲਖੁ ਲਖਾਇਆ ॥1॥
ਗੁਰਮੁਖਿ ਨਾਮੁ ਸੁਨਹੁ ਮੇਰੀ ਭੈਨਾ ॥
ਏਕੋ ਰਵਿ ਰਹਿਆ ਘਟ ਅੰਤਰਿ ਮੁਖਿ ਬੋਲਹੁ ਗੁਰ ਅੰਮ੍ਰਿਤ ਬੈਨਾ ॥1॥ ਰਹਾਉ ॥
ਮੈ ਮਨਿ ਤਨਿ ਪ੍ਰੇਮੁ ਮਹਾ ਬੈਰਾਗੁ ॥
ਸਤਿਗੁਰੁ ਪੁਰਖੁ ਪਾਇਆ ਵਡਭਾਗੁ ॥2॥
ਦੂਜੈ ਭਾਇ ਭਵਹਿ ਬਿਖੁ ਮਾਇਆ ॥
ਭਾਗਹੀਨ ਨਹੀ ਸਤਿਗੁਰੁ ਪਾਇਆ ॥3॥
ਅੰਮ੍ਰਿਤੁ ਹਰਿ ਰਸੁ ਹਰਿ ਆਪ ਪੀਆਇਆ ॥
ਗੁਰਿ ਪੂਰੈ ਨਾਨਕ ਹਰਿ ਪਾਇਆ ॥4॥ 366
ਹੇ ਮੇਰੀ ਭੈਣੋ, ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਦਾ ਨਾਮ ਸੁਣਿਆ ਕਰੋ, ਜੋ ਆਪ ਹੀ ਹਰੇਕ ਜੀਵ ਦੇ ਸਰੀਰ ਵਿਚ ਮੌਜੂਦ ਹੈ। ਹੇ ਭੈਣੋ, ਮੂੰਹ ਨਾਲ ਗੁਰੂ ਦੇ ਆਤਮਕ ਜੀਵਨ ਦੇਣ ਵਾਲੇ ਸ਼ਬਦ ਬੋਲਿਆ ਕਰੋ।ਰਹਾਉ।
ਹੇ ਭੈਣੋ, ਗੁਰੂ ਦੀ ਬਾਣੀ ਸੁਣ ਕੇ, ਜਿਸ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਅੰਮ੍ਰਿਤ) ਪਿਆਰਾ ਲੱਗਣ ਲਗ ਜਾਂਦਾ ਹੈ, ਗੁਰਬਾਣੀ ਦੀ ਬਰਕਤ ਨਾਲ ਉਹ ਮਨੁੱਖ, ਅਦ੍ਰਿਸ਼ਟ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ, ਉਸ ਦਾ ਸਿਧਾਂਤ ਜਾਣ ਜਾਂਦਾ ਹੈ।1।
ਹੇ ਭੈਣੋ, ਮੇਰੇ ਮਨ-ਤਨ, ਹਿਰਦੇ ਵਿਚ ਪ੍ਰਭੂ ਲਈ ਬਹੁਤ ਵੈਰਾਗ ਸੀ, ਲਗਨ ਸੀ, ਵੱਡੇ ਭਾਗਾਂ ਨਾਲ, ਕਰਤਾਰ ਦੀ ਮਿਹਰ ਸਦਕਾ ਮੈਨੂੰ ਉਹ ਭੀ ਮਿਲ ਗਇਆ ਹੈ।2।
ਪਰ ਹੇ ਭੈਣੋ, ਉਹ ਮਨੁੱਖ, ਜਿਨ੍ਹਾਂ ਨੂੰ ਪਰਮਾਤਮਾ ਨਹੀਂ ਮਿਲਿਆ, ਬਹੁਤ ਬਦ-ਨਸੀਬ ਹਨ, ਉਹ ਮਾਇਆ ਦੇ ਮੋਹ ਵਿਚ ਫਸ ਕੇ, ਮਾਇਆ ਲਈ ਭਟਕਦੇ ਫਿਰਦੇ ਹਨ, ਜੋ ਮਾਇਆ ਉਨ੍ਹਾਂ ਲਈ ਆਤਮਕ ਮੌਤ ਦਾ ਕਾਰਨ ਬਣਦੀ ਹੈ।3।
ਹੇ ਨਾਨਕ ਜੀਵ ਦੇ ਵੱਸ ਦੀ ਗੱਲ ਨਹੀਂ, ਪਰਮਾਤਮਾ ਨੇ ਆਪ ਹੀ ਜਿਸ ਮਨੁੱਖ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ, ਅੰਮ੍ਰਿਤ, ਹਰੀ ਦਾ ਨਾਮ-ਰਸ, ਪਿਲਾ ਦਿੱਤਾ, ਉਸ ਨੇ ਸ਼ਬਦ ਗੁਰੂ ਦੀ ਰਾਹੀਂ, ਉਸ ਪਰਮਾਤਮਾ ਨੂੰ ਲੱਭ ਲਿਆ।4।
ਪਰਮਾਤਮਾ ਦਾ ਨਾਮ-ਰਸ ਹੀ ਅੰਮ੍ਰਿਤ ਹੈ, ਉਸ ਦੇ ਨਾਲ ਹੀ ਆਤਮਕ ਜ਼ਿੰਦਗੀ ਮਿਲਦੀ ਹੈ, ਕਿਸੇ ਖਾਸ ਵੇਲੇ ਨਹੀਂ।ਉਸ ਤੋਂ ਇਲਾਵਾ ਸੰਸਾਰ ਦੀ ਹਰ ਕੋਈ ਚੀਜ਼, ਮਾਇਆ ਦਾ, ਦਿਲ ਮੋਹ ਲੈਣ ਵਾਲਾ ਝਲਕਾਰਾ ਹੀ ਹੈ, ਜੋ ਮਨੁੱਖ ਨੂੰ ਕੁਰਾਹੇ ਪਾ ਕੇ, ਪਰਮਾਤਮਾ ਤੋਂ ਦੂਰ ਕਰਦੀ ਹੈ।
ਅਮਰ ਜੀਤ ਸਿੰਘ ਚੰਦੀ (ਚਲਦਾ)