ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 7)
ਆਸਾ ਮਹਲਾ 5 ॥
ਅੰਮ੍ਰਿਤੁ ਨਾਮੁ ਤੁਮ੍ਹਾਰਾ ਠਾਕੁਰ ਏਹੁ ਮਹਾ ਰਸੁ ਜਨਹਿ ਪੀਓ ॥
ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਬਿਨਾਸਿਓ ਭਰਮੁ ਬੀਓ ॥1॥
ਦਰਸਨੁ ਪੇਖਤ ਮੈ ਜੀਓ ॥
ਸੁਨਿ ਕਰਿ ਬਚਨ ਤੁਮ੍ਹਾਰੇ ਸਤਿਗੁਰ ਮਨੁ ਤਨੁ ਮੇਰਾ ਠਾਰੁ ਥੀਓ ॥1॥ ਰਹਾਉ ॥
ਤੁਮ੍ਹਰੀ ਕ੍ਰਿਪਾ ਤੇ ਭਇਓ ਸਾਧਸੰਗੁ ਏਹੁ ਕਾਜੁ ਤੁਮ੍ ਆਪਿ ਕੀਓ ॥
ਦਿੜੁ ਕਰਿ ਚਰਣ ਗਹੇ ਪ੍ਰਭ ਤੁਮ੍ਰੇ ਸਹਜੇ ਬਿਖਿਆ ਭਈ ਖੀਓ ॥2॥
ਸੁਖ ਨਿਧਾਨ ਨਾਮੁ ਪ੍ਰਭ ਤੁਮਰਾ ਏਹੁ ਅਬਿਨਾਸੀ ਮੰਤ੍ਰੁ ਲੀਓ ॥
ਕਰਿ ਕਿਰਪਾ ਮੋਹਿ ਸਤਿਗੁਰਿ ਦੀਨਾ ਤਾਪੁ ਸੰਤਾਪੁ ਮੇਰਾ ਬੈਰੁ ਗੀਓ ॥3॥
ਧੰਨੁ ਸੁ ਮਾਣਸ ਦੇਹੀ ਪਾਈ ਜਿਤੁ ਪ੍ਰਭਿ ਅਪਨੈ ਮੇਲਿ ਲੀਓ ॥
ਧੰਨੁ ਸੁ ਕਲਿਜੁਗੁ ਸਾਧਸੰਗਿ ਕੀਰਤਨੁ ਗਾਈਐ ਨਾਨਕ ਨਾਮੁ ਅਧਾਰੁ ਹੀਓ ॥4॥8॥ 382
ਹੇ ਸਤਿਗੁਰ, (ਸ਼ਬਦ ਗੁਰੂ) ਤੇਰਾ ਦਰਸ਼ਨ ਕਰ ਕੇ, ਤੇਰਾ ਸਿਧਾਂਤ ਸਮਝ ਕੇ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ, ਤੇਰੇ ਬਚਨ ਸੁਣ ਕੇ ਮੇਰਾ ਮਨ, ਮੇਰਾ ਤਨ ਠੰਡਾ-ਠਾਰ ਹੋ ਜਾਂਦਾ ਹੈ ।1।ਰਹਾਉ।
ਹੇ ਠਾਕੁਰ, ਹੇ ਪਰਮਾਤਮਾ ਤੇਰਾ ਅੰਮ੍ਰਿਤੁ ਨਾਮ ਜੀਵਨ ਦੇਣ ਵਾਲਾ ਜਲ ਹੈ, ਗੁਰੂ ਦੀ ਮਦਦ ਨਾਲ, ਇਹ ਸ੍ਰੇਸ਼ਟ ਰਸ, ਤੇਰੇ ਕਿਸੇ ਦਾਸ ਨੇ ਹੀ ਪੀਤਾ ਹੈ। ਜਿਸ ਨੇ ਪੀਤਾ, ਉਸ ਦੇ ਜਨਮਾਂ-ਜਨਮਾਂਤਰਾਂ ਦੇ ਡਰ ਅਤੇ ਕੀਤੇ ਵਿਕਾਰਾਂ ਦੇ ਭਾਰ ਮੁਕ ਗਏ, ਉਸ ਦੇ ਅੰਦਰੋਂ ਪਾਪ ਨਾਸ ਹੋ ਗਿਆ, ਉਸ ਦੇ ਅੰਦਰੋਂ, ਮਾਇਆ ਦੀ ਭਟਕਣਾ, ਦੂਰ ਹੋ ਗਈ ।1।
ਹੇ ਪ੍ਰਭੂ, ਤੇਰੀ ਮਿਹਰ ਨਾਲ ਮੈਨੂ ਸਤ-ਸੰਗਤ, ਹਾਸਲ ਹੋਈ, ਇਹ ਸੋਹਣਾ ਕੰਮ ਤੂੰ ਆਪ ਹੀ ਕੀਤਾ। ਹੇ ਪ੍ਰਭੂ, ਗੁਰੂ ਦੀ ਸਿਖਿਆ ਅਨੁਸਾਰ, ਮੈਂ ਤੇਰੇ ਚਰਨ ਘੁੱਟ ਕੇ ਫੜ ਲਏ, ਮੈਂ ਆਤਮਕ ਅਡੋਲਤਾ ਵਿਚ ਟਿਕ ਗਿਆ, ਤੇ ਮੇਰੇ ਅੰਦਰੋਂ ਮਾਇਆ ਦਾ ਜ਼ੋਰ ਖਤਮ ਹੋ ਗਿਆ ਹੈ।2।
ਹੇ ਸੁਖਾਂ ਦੇ ਖਜ਼ਾਨੇ ਪ੍ਰਭੂ, ਕਦੇ ਨਾ ਖਤਮ ਹੋਣ ਵਾਲਾ ਤੇਰਾ ਨਾਮ ਮੰਤ੍ਰ, ਮੈਂ ਜਪਣਾ ਸ਼ੁਰੂ ਕਰ ਦਿੱਤਾ, ਤੇਰਾ ਇਹ ਨਾਮ-ਮੰਤ੍ਰ , ਮੇਰੇ ਤੇ ਮਿਹਰ ਕਰ ਕੇ ਮੈਨੂੰ ਸਤਿਗੁਰਿ, ਸ਼ਬਦ-ਗੁਰੂ ਨੇ ਦਿੱਤਾ, ਜਿਸ ਦੀ ਬਰਕਤ ਨਾਲ ਮੇਰੇ ਅੰਦਰੌਂ, ਹਰੇਕ ਕਿਸਮ ਦਾ ਦੁੱਖ-ਕਲੇਸ਼ ਤੇ ਵੈਰ-ਵਿਰੋਧ ਦੂਰ ਹੋ ਗਿਆ।3।
ਹੇ ਨਾਨਕ ਆਖ, ਮੈਨੂੰ ਭਾਗਾਂ ਵਾਲਾ ਮਨੁੱਖਾ ਸਰੀਰ ਮਿਲਿਆ, ਜਿਸ ਦੀ ਬਰਕਤ ਨਾਲ ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਿਆ। ਲੋਕ ਕਲਜੁਗ ਦੀ ਨਿੰਦਾ ਕਰਦੇ ਹਨ, ਪਰ ਇਹ ਕਲਜੁਗ ਵੀ ਮੁਬਾਰਕ ਹੈ, ਜੇ ਸਤ-ਸੰਗਤ ਵਿਚ ਟਿਕ ਕੇ ਪਰਮਾਤਮਾ ਦੀ ਕੀਰਤੀ, ਪਰਮਾਤਮਾ ਦੀ ਵਡਿਆਈ ਕੀਤੀ ਜਾਵੇ, ਤੇ ਜੇ ਪਰਮਾਤਮਾ ਦਾ ਨਾਮ, ਹਿਰਦੇ ਦਾ ਆਸਰਾ ਬਣਿਆ ਰਹੇ।4।8।
ਅਮਰ ਜੀਤ ਸਿੰਘ ਚੰਦੀ (ਚਲਦਾ)