ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 8)
ਸਲੋਕ ਮਃ 3 ॥
ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥
ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥
ਹੁਕਮੁ ਭੀ ਤਿਨ੍ਾ ਮਨਾਇਸੀ ਜਿਨ੍ ਕਉ ਨਦਰਿ ਕਰੇਇ ॥
ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥1॥
ਰੈਣਿ ਸਬਾਈ ਜਲਿ ਮੁਈ ਕੰਤ ਨ ਲਾਇਓ ਭਾਉ ॥
ਨਾਨਕ ਸੁਖਿ ਵਸਨਿ ਸੁੋਹਾਗਣੀ ਜਿਨ੍ ਪਿਆਰਾ ਪੁਰਖੁ ਹਰਿ ਰਾਉ ॥2॥
ਪਉੜੀ ॥
ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ ॥
ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ ॥
ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ ॥
ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ ॥
ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ ॥6॥ (510)
ਸਭ, ਜੀਵ ਇਸਤ੍ਰੀਆਂ ਦਾ ਖਸਮ, ਇਕ ਪਰਮਾਤਮਾ ਹੈ ਜੋ ਸਦਾ ਹੀ ਇਨ੍ਹਾਂ ਦੇ ਅੰਗ-ਸੰਗ ਰਹਿੰਦਾ ਹੈ,
ਪਰ ਹੇ ਨਾਨਕ, ਜੋ ਜੀਵ-ਇਸਤ੍ਰੀ ਉਸ ਦਾ ਹੁਕਮ ਨਹੀਂ ਮੰਨਦੀ, ਉਸ ਦੀ ਰਜ਼ਾ ਵਿਚ ਨਹੀਂ ਚਲਦੀ. ਉਸ ਨੂੰ ਉਹ ਖਸਮ ਹਿਰਦੇ-ਘਰ ਵਿਚ ਵਸਦਾ ਹੋਇਆ ਵੀ, ਕਿਤੇ ਦੂਰ ਵਸਦਾ ਜਾਪਦਾ ਹੈ। ਹੁਕਮ ਵੀ ਉਨ੍ਹਾਂ ਜੀਵ-ਇਸਤ੍ਰੀਆਂ ਤੋਂ ਮਨਾਉਂਦਾ ਹੈ, ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਜਿਸ ਨੇ ਹੁਕਮ ਮੰਨ ਕੇ, ਸੁਖ ਹਾਸਲ ਕੀਤਾ ਹੈ, ਉਹ ਇਸਤ੍ਰੀ ਪ੍ਰੇਮ ਵਾਲੀ ਸੁਹਾਗਣ ਹੋ ਜਾਂਦੀ ਹੈ।1।
ਜਿਸ ਜੀਵ ਇਸਤ੍ਰੀ ਨੇ ਪ੍ਰਭੂ-ਕੰਤ ਨਾਲ ਪਆਿਰ ਨਾ ਕੀਤਾ, ਉਹ ਜ਼ਿੰਦਗੀ ਰੂਪ, ਸਾਰੀ ਰਾਤ ਸੜ ਮੁਈ, ਉਸ ਦੀ ਸਾਰੀ ਉਮਰ ਦੁੱਖਾਂ ਵਿਚ ਲੰਘੀ। ਪਰ ਹੇ ਨਾਨਕ, ਜਿਨ੍ਹਾਂ ਦਾ ਖਸਮ, ਪਿਆਰਾ ਅਕਾਲ-ਪੁਰਖ ਹੈ, ਉਹ ਭਾਗਾਂ ਵਾਲੀਆਂ, ਸੁਖ ਨਾਲ ਸੌਂਦੀਆਂ ਹਨ, ਉਹ ਆਪਣੀ ਉਮਰ, ਸੁਖ ਨਾਲ ਗੁਜ਼ਾਰਦੀਆਂ ਹਨ।2।
ਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਹੈ, ਇਕ ਪਰਮਾਤਮਾ ਹੀ, ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਜੀਵਾਂ ਦੇ ਕਰਮਾਂ ਦੀ ਵਿੱਧ ਬਨਾਉਣ ਵਾਲਾ ਉਹ ਪ੍ਰਭੂ, ਕਿਸੇ ਚਤਰਾਈ, ਸਿਆਣਪ ਨਾਲ ਨਹੀਂ ਲੱਭਦਾ। ਉਹ ਸਿਰਫ, ਸ਼ਬਦ ਗੁਰੂ ਦੇ ਸ਼ਬਦ ਦੁਆਰਾ, ਹਿਰਦੇ ਵਿਚ ਵਸਦਾ ਹੈ, ਤੇ ਸੌਖਾ ਹੀ ਪਛਾਣਿਆ ਜਾ ਸਕਦਾ ਹੈ।
ਜੋ ਮਨੁੱਖ ਪ੍ਰਭੂ ਦੇ ਨਾਮ-ਅੰਮ੍ਰਿਤੁ ਦੇ ਸਰੋਵਰ ਵਿਚ ਨਹਾਉਂਦਾ ਹੈ, ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ, ਇਹ ਉਸ ਵੱਡੇ ਦੀ ਵਡਿਆਈ ਹੈ ਕਿ ਜੀਵ ਪਾਸੋਂ, ਗੁਰੂ ਦੀ ਰਾਹੀਂ, ਆਪਣੀ ਸਿਫਤ-ਸਾਲਾਹ ਕਰਵਉਂਦਾ ਹੈ।6।
ਅਮਰ ਜੀਤ ਸਿੰਘ ਚੰਦੀ (ਚਲਦਾ)