ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 9)
ਗਉੜੀ ਗੁਆਰੇਰੀ ਮਹਲਾ 5 ॥
ਜਿਸੁ ਮਨਿ ਵਸੈ ਤਰੈ ਜਨੁ ਸੋਇ ॥ ਜਾ ਕੈ ਕਰਮਿ ਪਰਾਪਤਿ ਹੋਇ॥
ਦੂਖੁ ਰੋਗੁ ਕਛੁ ਭਉ ਨ ਬਿਆਪੈ ॥ ਅੰਮ੍ਰਿਤ ਨਾਮੁ ਰਿਦੈ ਹਰਿ ਜਾਪੈ ॥1॥
ਪਾਰਬ੍ਰਹਮ ਪਰਮੇਸੁਰੁ ਧਿਆਈਐ ॥ ਗੁਰ ਪੂਰੇ ਤੇ ਇਹ ਮਤਿ ਪਾਈਐ ॥1॥ ਰਹਾਉ ॥
ਕਰਣ ਕਰਾਵਨਹਾਰ ਦਇਆਲ ॥ ਜੀਅ ਜੰਤ ਸਗਲੇ ਪ੍ਰਤਿਪਾਲ ॥
ਅਗਮ ਅਗੋਚਰ ਸਦਾ ਬੇਅੰਤਾ॥ ਸਿਮਰਿ ਮਨਾ ਪੂਰੇ ਗੁਰ ਮੰਤਾ ॥2॥
ਜਾ ਕੀ ਸੇਵਾ ਸਰਬ ਨਿਧਾਨੁ ॥ ਪ੍ਰਭ ਕੀ ਪੂਜਾ ਪਾਈਐ ਮਾਨੁ ॥
ਜਾ ਕੀ ਟਹਲ ਨ ਬਿਰਥੀ ਜਾਇ ॥ ਸਦਾ ਸਦਾ ਹਰਿ ਕੇ ਗੁਣ ਗਾਇ ॥3॥
ਕਰਿ ਕਿਰਪਾ ਪ੍ਰਭ ਅੰਤਰਜਾਮੀ ॥ ਸੁਖ ਨਿਧਾਨ ਹਰਿ ਅਲਖ ਸੁਆਮੀ ॥
ਜੀਅ ਜੰਤ ਤੇਰੀ ਸਰਣਾਈ ॥ ਨਾਨਕ ਨਾਮੁ ਮਿਲੈ ਵਡਿਆਈ ॥4॥25॥94॥ 184
ਹੇ ਭਾਈ, ਅਕਾਲ-ਪੁਰਖ, ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ਸਿਮਰਨ ਦੀ ਸੂਝ ਪੂਰੇ ਗੁਰੂ ਪਾਸੋਂ ਮਿਲਦੀ ਹੈ।1।ਰਹਾਉ।
ਜਿਸ ਪ੍ਰਭੂ ਦੀ ਬਖਸ਼ਿਸ਼ ਨਾਲ, ਉਸ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ, ਉਹ ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਵੱਸ ਜਾਂਦਾ ਹੈ, ਉਹ ਦੁੱਖਾਂ, ਰੋਗਾਂ, ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਸੰਸਾਰ ਦਾ ਕੋਈ ਦੁੱਖ ਕੋਈ ਰੋਗ, ਕੋਈ ਡਰ ਉਸ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ, ਕਿਉਂਕਿ ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ, ਪ੍ਰਭੂ ਦਾ ਅੰਮ੍ਰਿਤੁ ਨਾਮ, ਆਪਣੇ ਹਿਰਦੇ ਵਿਚ ਜਪਦਾ ਰਹਿੰਦਾ ਹੈ।1।
ਹੇ ਮੇਰੇ ਮਨ, ਪੂਰੇ ਗੁਰ ਦੇ ਉਪਦੇਸ਼ ਉੱਤੇ ਤੁਰ ਕੇ ਉਸ ਪਰਮਾਤਮਾ ਨੂੰ ਸਿਮਰ, ਜੋ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ, ਜੋ ਜੀਵਾਂ ਕੋਲੋਂ ਸਭ ਕੁਝ ਕਰਵਾਉਣ ਦੀ ਤਾਕਤ ਰੱਖਦਾ ਹੈ, ਜੋ ਦਇਆ ਦਾ ਘਰ ਹੈ, ਜੋ ਸਾਰੇ ਜੀਵ-ਜੰਤਾਂ ਦੀ ਪਾਲਣਾ ਕਰਦਾ ਹੈ, ਜੋ ਅਪਹੁੰਚ ਹੈ, ਜਿਸ ਤੱਕ ਮਨੁੱਖ ਦੀਆਂ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਸ ਦੇ ਗੁਣਾਂ ਦਾ ਕਦੇ ਅੰਤ ਨਹੀਂ ਪੈ ਸਕਦਾ।2।
ਹੇ ਭਾਈ, ਸਦਾ-ਸਦਾ ਪ੍ਰਭੂ ਦੇ ਗੁਣ ਗਾਉਂਦਾ ਰਹ, ਜਿਸ ਦੀ ਸੇਵਾ ਭਗਤੀ ਵਿਚ ਹੀ ਜਗਤ ਦੇ ਸਾਰੇ ਖਜ਼ਾਨੇ ਹਨ, ਜਿਸ ਹਰੀ ਦੀ ਪੂਜਾ ਕੀਤਿਆਂ, ਹਰ ਥਾਂ ਆਦਰ-ਮਾਣ ਮਿਲਦਾ ਹੈ, ਤੇ ਜਿਸ ਦੀ ਕੀਤੀ ਹੋਈ ਸੇਵਾ ਨਿਸਫਲ ਨਹੀਂ ਜਾਂਦੀ।3।
ਹੇ ਨਾਨਕ, ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ, ਹੇ ਅੰਤਰਜਾਮੀ ਪ੍ਰਭੂ, ਹੇ ਸੁਖਾਂ ਦੇ ਖਜ਼ਾਨੇ ਪ੍ਰਭੂ, ਹੇ ਅਦ੍ਰਿਸ਼ਟ ਸਵਾਮੀ। ਸਾਰੇ ਜੀਅ-ਜੰਤ ਤੇਰੀ ਸਰਨ ਵਿਚ ਹਨ, ਤੇਰੇ ਹੀ ਆਸਰੇ ਹਨ, ਮੈਂ ਵੀ ਤੇਰੀ ਸਰਨ ਆਇਆ ਹਾਂ, ਮਿਹਰ ਕਰ, ਮੈਨੂੰ ਤੇਰਾ ਨਾਮ ਮਿਲ ਜਾਏ, ਤੇਰਾ ਨਾਮ ਹੀ ਮੇਰੇ ਵਾਸਤੇ ਵਡਿਆਈ ਹੈ।4।25।
ਅਮਰ ਜੀਤ ਸਿੰਘ ਚੰਦੀ (ਚਲਦਾ)