ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 10)
ਜੋ ਤੁਧੁ ਭਾਵੈ ਸੋ ਪਰਵਾਨਾ ਸੂਖੁ ਸਹਜੁ ਮਨਿ ਸੋਈ ॥
ਕਰਣ ਕਾਰਣ ਸਮਰਥ ਅਪਾਰਾ ਅਵਰੁ ਨਾਹੀ ਰੇ ਕੋਈ ॥1॥
ਤੇਰੇ ਜਨ ਰਸਕਿ ਰਸਕਿ ਗੁਣ ਗਾਵਹਿ ॥
ਮਸਲਤਿ ਮਤਾ ਸਿਆਣਪ ਜਨ ਕੀ ਜੋ ਤੂੰ ਕਰਹਿ ਕਰਾਵਹਿ ॥1॥ ਰਹਾਉ ॥
ਅੰਮ੍ਰਿਤੁ ਨਾਮੁ ਤੁਮਾਰਾ ਪਿਆਰੇ ਸਾਧਸੰਗਿ ਰਸੁ ਪਾਇਆ ॥
ਤ੍ਰਿਪਤਿ ਅਘਾਇ ਸੇਈ ਜਨ ਪੂਰੇ ਸੁਖ ਨਿਧਾਨੁ ਹਰਿ ਗਾਇਆ ॥2॥
ਜਾ ਕਉ ਟੇਕ ਤੁਮ੍ਾਰੀ ਸੁਆਮੀ ਤਾ ਕਉ ਨਾਹੀ ਚਿੰਤਾ ॥
ਜਾ ਕਉ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ॥3॥
ਭਰਮ ਮੋਹ ਧ੍ਰੋਹ ਸਭਿ ਨਿਕਸੇ ਜਬ ਕਾ ਦਰਸਨੁ ਪਾਇਆ ॥
ਵਰਤਣਿ ਨਾਮੁ ਨਾਨਕ ਸਚੁ ਕੀਨਾ ਹਰਿ ਨਾਮੇ ਰੰਗਿ ਸਮਾਇਆ ॥4॥1॥40॥ 380
ਹੇ ਪ੍ਰਭੂ, ਤੇਰੇ ਜਨ, ਤੇਰੇ ਦਾਸ, ਮੁੜ-ਮੁੜ ਕੇ ਸਵਾਦ ਨਾਲ ਤੇਰੇ ਗੁਣ ਗਾਉਂਦੇ ਰਹਿੰਦੇ ਹਨ। ਜੋ ਕੁਝ ਤੂੰ ਆਪ ਕਰਦਾ ਹੈਂ, ਜੋ ਜੀਵਾਂ ਕੋਲੋਂ ਕਰਵਾਉਂਦਾ ਹੈਂ, ਉਸ ਨੂੰ ਸਿਰ-ਮੱਥੇ ਤੇ ਮੰਨਣਾ ਹੀ ਤੇਰੇ ਦਾਸਾਂ ਵਾਸਤੇ ਸਿਆਣਪ ਹੈ, ਆਤਮਕ ਜੀਵਨ ਲਈ ਸੇਧ, ਸਲਾਹ ਅਤੇ ਫੈਸਲਾ ਹੈ।1।ਰਹਾਉ।
ਹੇ ਪਰਮਾਤਮਾ, ਜੋ ਕੁਝ ਤੈਨੂੰ ਚੰਗਾ ਲਗਦਾ ਹੈ, ਉਹ ਤੇਰੇ ਸੇਵਕਾਂ ਨੂੰ ਸਿਰ-ਮੱਥੇ ਤੇ ਪ੍ਰਵਾਨ ਹੁੰਦਾ ਹੈ, ਤੇਰੀ ਰਜ਼ਾ ਹੀ, ਉਨ੍ਹਾਂ ਦੇ ਮਨ ਵਿਚ ਆਨੰਦ ਤੇ ਆਤਮਕ ਅਡੋਲਤਾ ਪੈਦਾ ਕਰਦੀ ਹੈ। ਹੇ ਪ੍ਰਭੂ, ਤੇਰੇ ਦਾਸ ਤੈਨੂੰ ਹੀ ਸਭ ਕੁਝ ਕਰਨ ਅਤੇ ਜੀਵਾਂ ਪਾਸੋਂ ਕਰਵਉਣ ਦੀ ਤਾਕਤ ਰੱਖਣ ਵਾਲਾ ਮੰਨਦੇ ਹਨ, ਤੂੰ ਹੀ ਉਨ੍ਹਾਂ ਦੀ ਨਿਗਾਹ ਵਿਚ ਬੇਅੰਤ ਹੈਂ। ਹੇ ਭਾਈ, ਪਰਮਾਤਮਾਂ ਦੇ ਦਾਸਾਂ ਨੂੰ, ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿਸਦਾ।1।
ਹੇ ਪਿਆਰੇ ਪ੍ਰਭੂ, ਤੇਰਾ ਅੰਮ੍ਰਿਤ-ਮਈ ਨਾਮ, ਆਤਮਕ ਜ਼ਿੰਦਗੀ ਦੇਣ ਵਾਲਾ ਹੈ, ਸਤ-ਸੰਗਤ ਵਿਚ ਜੁੜ ਕੇ ਉਹ ਤੇਰਾ ਨਾਮ ਰਸ ਮਾਣਦੇ ਹਨ।ਹੇ ਭਾਈ, ਜਿਨ੍ਹਾਂ ਨੇ ਸੁੱਖਾਂ ਦੇ ਖਜ਼ਾਨੇ, ਹਰੀ ਦੀ ਸਿਫਤ-ਸਾਲਾਹ ਕੀਤੀ, ਉਹ ਮਨੁੱਖ ਗੁਣਾਂ ਨਾਲ ਭਰਪੂਰ ਹੋ ਗਏ, ਉਹੀ ਮਨੁੱਖ, ਮਾਇਆ ਦੀ ਤ੍ਰਿਸ਼ਨਾ ਵਲੋਂ ਰੱਜ ਗਏ, ਤ੍ਰਿਪਤ ਹੋ ਗਏ।2।
ਹੇ ਪ੍ਰਭੂ ਹੇ ਮਾਲਕ, ਜਿਨ੍ਹਾਂ ਮਨੁੱਖਾਂ ਨੂੰ, ਤੇਰਾ ਆਸਰਾ ਹੈ, ਉਨ੍ਹਾਂ ਨੂੰ ਕੋਈ ਚਿੰਤਾ ਘੇਰ ਨਹੀਂ ਸਕਦੀ। ਹੇ ਸਵਾਮੀ, ਜਿਨ੍ਹਾਂ ਤੇ ਤੇਰੀ ਮਿਹਰ ਹੁੰਦੀ ਹੈ, ਉਹ ਨਾਮ-ਧਨ ਨਾਲ ਸਾਹੂਕਾਰ ਬਣ ਗਏ। ਉਹ ਭਾਗਾਂ-ਵਾਲੇ ਬਣ ਗਏ।3।
ਹੇ ਨਾਨਕ ਆਖ, ਜਦੋਂ ਹੀ ਕੋਈ ਮਨੁੱਖ, ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ, ਪਰਮਾਤਮਾ ਦਾ ਫਲਸਫਾ ਸਮਝ ਲੈਂਦਾ ਹੈ, ਉਸ ਦੇ ਅੰਦਰੋਂ, ਭਟਕਣਾ, ਮੋਹ, ਠੱਗੀਆਂ ਆਦਿ ਸਾਰੇ ਵਿਕਾਰ ਨਿਕਲ ਜਾਂਦੇ ਹਨ। ਉਹ ਮਨੁੱਖ, ਸਦਾ ਕਾਇਮ ਰਹਣ ਵਾਲੇ ਪਰਮਤਮਾ ਦੇ ਨਾਮ ਨੂੰ, ਆਪਣੀ ਰੋਜ਼ ਦੀ ਵਰਤਣ ਬਣਾ ਲੈਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ, ਰੰਗ ਹੋ ਕੇ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ।4।1।
ਆਪਾਂ ਪਹਿਲੇ ਭਾਗਾਂ ਵਿਚ ਅਤੇ ਇਸ ਭਾਗ ਵਿਚ ਵੀ ਇਹੀ ਵੇਖਿਆ ਹੈ ਕਿ ਪ੍ਰਭੂ ਦਾ ਨਾਮ ਹੀ ਅੰਮ੍ਰਿਤੁ ਹੈ, ਅਤੇ ਭਗਤਾਂ ਨੇ ਸਾਰਾ ਕੁਝ ਉਸ ਨਾਮ ਤੋਂ ਹੀ ਪਾਇਆ ਹੈ। ਗੁਰਬਾਣੀ ਸਿੱਖ ਨੂੰ, ਹਰ ਵੇਲੇ, ਸੌਂਦਿਆਂ ਜਾਗਦਿਆਂ, ਹਰ ਗ੍ਰਾਹੀ ਦੇ ਨਾਲ, ਹਰ ਸਾਹ ਦੇ ਨਾਲ, ਪ੍ਰਭੂ ਨੂੰ ਯਾਦ ਕਰਨ ਦੀ ਤਾਕੀਦ ਕੀਤੀ ਹੈ। ਅਜਿਹੀ ਹਾਲਤ ਵਿਚ ਪੂਰੇ ਦਿਨ-ਰਾਤ ਵਿਚੋਂ ਕਿਹੜਾ ਸਮਾ ਚੰਗਾ ਮੰਨਿਆ ਜਾ ਸਕਦਾ ਹੈ, ਅਤੇ ਕਿਸ ਸਮੇ ਨੂੰ ਰੱਦ ਕੀਤਾ ਜਾ ਸਕਦਾ ਹੈ ਕਿ ਇਸ ਸਮੇ ਪ੍ਰਭੂ ਨੂੰ ਯਾਦ ਕਰਨਾ ਚੰਗਾ ਨਹੀਂ ਹੈ। ਅੱਗੇ ਹੋਰ, ਗੁਰਬਾਣੀ ਵਿਚੋਂ ਹੀ ਹੋਰ ਵਿਚਾਰਦੇ ਹਾਂ। ਅਮਰ ਜੀਤ ਸਿੰਘ ਚੰਦੀ (ਚਲਦਾ)