ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 11)
ਸੋ ਮੁਕਤਾ ਸੰਸਾਰਿ ਜਿ ਗੁਰਿ ਉਪਦੇਸਿਆ ॥
ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ ॥
ਤਿਸ ਕਾ ਦਰਸਨੁ ਦੇਖਿ ਜਗਤੁ ਨਿਹਾਲੁ ਹੋਇ ॥
ਜਨ ਕੈ ਸੰਗਿ ਨਿਹਾਲੁ ਪਾਪਾ ਮੈਲੁ ਧੋਇ ॥
ਅੰਮ੍ਰਿਤੁ ਸਾਚਾ ਨਾਉ ਓਥੈ ਜਾਪੀਐ ॥
ਮਨ ਕਉ ਹੋਇ ਸੰਤੋਖੁ ਭੁਖਾ ਧ੍ਰਾਪੀਐ ॥
ਜਿਸੁ ਘਟਿ ਵਸਿਆ ਨਾਉ ਤਿਸੁ ਬੰਧਨ ਕਾਟੀਐ ॥
ਗੁਰ ਪਰਸਾਦਿ ਕਿਨੈ ਵਿਰਲੈ ਹਰਿ ਧਨੁ ਖਾਟੀਐ ॥5॥ 519
ਜਿਸ ਮਨੁੱਖ ਨੂੰ ਗੁਰ ਨੇ, ਸ਼ਬਦ ਗੁਰੂ ਨੇ ਉਪਦੇਸ਼ ਦਿੱਤਾ ਹੈ, ਉਹ ਸੰਸਾਰ ਦੇ ਵਿਚ ਰਹਿੰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੈ, ਉਸ ਦੀ ਬਿਪਤਾ ਦੂਰ ਹੋ ਜਾਂਦੀ ਹੈ, ਉਸ ਦੇ ਫਿਕਰ ਮਿਟ ਜਾਂਦੇ ਹਨ। ਉਸ ਦੇ ਦਰਸ਼ਨ ਕਰ ਕੇ, ਉਸ ਦੇ ਸਿਧਾਂਤ ਦੀ ਸਮਝ ਆਉਣ ਨਾਲ ਸਾਰਾ ਜਗਤ ਨਿਹਾਲ ਹੋ ਜਾਂਦਾ ਹੈ, ਉਸ ਜਨ ਦੀ ਸੰਗਤ ਵਿਚ ਜੀਵ, ਪਾਪਾਂ ਦੀ ਮੈਲ ਧੋ ਕੇ ਨਿਹਾਲ ਹੁੰਦਾ ਹੈ। ਉਸ ਦੀ ਸੰਗਤ ਵਿਚ ਅਮਰ ਕਰਨ ਵਾਲਾ, ਪ੍ਰਭੂ ਦਾ ਅੰਮ੍ਰਿਤੁ-ਨਾਮ ਸਿਮਰੀਦਾ ਹੈ, ਤ੍ਰਿਸ਼ਨਾ ਦਾ ਮਾਰਿਆ ਬੰਦਾ ਵੀ ਓਥੇ ਰੱਜ ਜਾਂਦਾ ਹੈ, ਉਸ ਦੇ ਮਨ ਨੂੰ ਸੰਤੋਖ ਆ ਜਾਂਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, ਉਸ ਦੇ ਮਾਇਆ ਵਾਲੇ ਬੰਧਨ ਕੱਟੇ ਜਾਂਦੇ ਹਨ, ਪਰ ਕਿਸੇ ਵਿਰਲੇ ਮਨੁੱਖ ਨੇ ਹੀ. ਸ਼ਬਦ ਗੁਰੂ ਦੀ ਕਿਰਪਾ ਨਾਲ ਨਾਮ-ਧਨ ਖੱਟਿਆ ਹੈ।5।
ਅਮਰ ਜੀਤ ਸਿੰਘ ਚੰਦੀ (ਚਲਦਾ)