ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 12)
ਗੁਰਮਤਿ ਮਨਿ ਅੰਮ੍ਰਿਤੁ ਵੁਠੜਾ ਮੇਰੀ ਜਿੰਦੁੜੀਏ ਮੁਖਿ ਅੰਮ੍ਰਿਤ ਬੈਣ ਅਲਾਏ ਰਾਮ ॥
ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੁੜੀਏ ਮਨਿ ਸੁਣੀਐ ਹਰਿ ਲਿਵ ਲਾਏ ਰਾਮ ॥
ਚਿਰੀ ਵਿਛੁੰਨਾ ਹਰਿ ਪ੍ਰਭੁ ਪਾਇਆ ਗਲਿ ਮਿਲਿਆ ਸਹਜਿ ਸੁਭਾਏ ਰਾਮ ॥
ਜਨ ਨਾਨਕ ਮਨਿ ਅਨਦੁ ਭਇਆ ਹੈ ਮੇਰੀ ਜਿੰਦੁੜੀਏ ਅਨਹਤ ਸਬਦ ਵਜਾਏ ਰਾਮ ॥2॥ 538
ਹੇ ਮੇਰੀ ਸੋਹਣੀ ਜਿਹੀ ਜਿੰਦੇ, ਸ਼ਬਦ ਗੁਰੂ ਦੀ ਮੱਤ ਦੀ ਬਰਕਤ ਨਾਲ ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਅੰਮ੍ਰਿਤੁ ਆ ਵਸਦਾ ਹੈ, ਉਹ ਮਨੁੱਖ ਆਪਣੇ ਮੂੰਹ ਨਾਲ ਆਤਮਕ ਜੀਵਨ ਦੇਣ ਵਾਲੀ ਬਾਣੀ ਸਦਾ ਉਚਾਰਦਾ ਰਹਿੰਦਾ ਹੈ। ਹੇ ਜਿੰਦੇ, ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖਾਂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ, ਪਰਮਾਤਮਾ ਦੇ ਚਰਨਾਂ ਨਾਲ ਸੁਰਤ ਜੋੜ ਕੇ ਉਹ ਬਾਣੀ,ਧਿਆਨ ਨਾਲ, ਮਨ ਲਗਾ ਕੇ ਸੁਣਨੀ ਚਾਹੀਦੀ ਹੈ, ਜਿਹੜਾ ਮਨੁੱਖ ਸੁਣਦਾ ਹੈ, ਉਸ ਨੂੰ ਚਿਰ ਦਾ ਵਿਛੜਿਆ ਹੋਇਆ ਪਰਮਾਤਮਾ ਆ ਮਿਲਦਾ ਹੈ, ਆਤਮਕ ਅਡੋਲਤਾ ਤੇ ਪ੍ਰੇਮ ਦੇ ਕਾਰਨ, ਉਸ ਦੇ ਗਲ ਆ ਲਗਦਾ ਹੈ।
ਹੇ ਦਾਸ ਨਾਨਕ ਆਖ, ਹੇ ਮੇਰੀ ਸੋਹਣੀ ਜਿੰਦੜੀਏ, ਉਸ ਮਨੁੱਖ ਦੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਹ ਆਪਣੇ ਅੰਦਰ, ਇਕ-ਰਸ ਸਿਫਤ-ਸਾਲਾਹ ਦੀ ਬਾਣੀ ਦਾ ਮਾਨੋ ਵਾਜਾ ਵਜਾਉਂਦਾ ਰਹਿੰਦਾ ਹੈ।3।
ਅਮਰ ਜੀਤ ਸਿੰਘ ਚੰਦੀ (ਚਲਦਾ)