ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 14)
ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥
ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥
ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ ॥
ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥
ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥
ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥
ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥2॥ 644
ਨਾਮ ਰੂਪੀ ਅੰਮ੍ਰਿਤੁ, ਹਰੇਕ ਜੀਵ ਦੇ ਹਿਰਦੇ ਘਰ ਵਿਚ ਹੀ ਭਰਿਆ ਹੋਇਆ ਹੈ, ਪਰ ਮਨਮੁਖਾਂ ਨੂੰ ਉਸ ਦਾ ਸਵਾਦ ਨਹੀਂ ਆਉਂਦਾ। ਜਿਵੇਂ ਹਿਰਨ ਆਪਣੀ ਨਾਭੀ ਵਿਚਲੀ ਕਸਤੂਰੀ ਨੂੰ ਨਹੀਂ ਸਮਝਦਾ ਅਤੇ ਭਰਮ ਵਿਚ ਭੁਲਿਆ ਹੋਇਆ ਭਟਕਦਾ ਹੈ, ਤਿਵੇਂ ਮਨਮੁਖ ਨਾਮ-ਅੰਮ੍ਰਿਤੁ ਨੂੰ ਛੱਡ ਕੇ, ਮਾਇਆ ਰੂਪੀ ਜ਼ਹਰ ਇਕੱਠੀ ਕਰਦਾ ਹੈ, ਪਰ ਉਸ ਦੇ ਵੀ ਕੀ ਵੱਸ ? ਕਰਤਾਰ ਨੇ, ਉਸ ਦੇ ਪਿਛਲੇ ਕੀਤੇ ਅਨੁਸਾਰ, ਉਸ ਨੂੰ ਆਪ ਖੁਂਝਾਇਆ ਹੋਇਆ ਹੈ। ਵਿਰਲੇ ਗੁਰਮੁਖਾਂ ਨੂੰ ਸਮਝ ਪੈਂਦੀ ਹੈ, ਉਨ੍ਹਾਂ ਨੂੰ ਹਿਰਦੇ ਵਿਚ ਹੀ ਪਰਮਾਮਾ ਦਿਸ ਪੈਂਦਾ ਹੈ, ਉਨ੍ਹਾਂ ਦਾ ਮਨ ਤੇ ਸਰੀਰ ਠੰਡੇ-ਠਾਰ ਹੋ ਜਾਂਦੇ ਹਨ, ਤੇ ਰਸਨਾ, ਮਨ ਨਾਲ ਜਪ ਕੇ ਉਨ੍ਹਾਂ ਨੂੰ ਨਾਮ ਦਾ ਸੁਆਦ ਆ ਜਾਂਦਾ ਹੈ। ਗੁਰੂ ਦੇ ਸ਼ਬਦ ਨਾਲ ਹੀ ਨਾਮ ਦਾ ਅੰਕੁਰ ਹਿਰਦੇ ਵਿਚ ਪੁੰਗਰਦਾ ਹੈ, ਤੇ ਸ਼ਬਦ ਦੀ ਰਾਹੀਂ ਹੀ ਹਰੀ ਨਾਲ ਮੇਲ ਹੁੰਦਾ ਹੈ, ਸ਼ਬਦ ਤੋਂ ਬਿਨਾ ਸਾਰਾ ਸੰਸਾਰ, ਪਾਗਲ ਹੋਇਆ ਪਿਆ ਹੈ, ਤੇ ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ।
ਹੇ ਨਾਨਕ, ਗੁਰੂ ਦਾ ਸ਼ਬਦ ਹੀ, ਆਤਮਕ ਜੀਵਨ ਦੇਣ ਵਾਲਾ, ਅੰਮ੍ਰਿਤੁ ਹੈ, ਜੋ ਸ਼ਬਦ ਗੁਰੂ ਦੀ ਕਿਰਪਾ ਨਾਲ ਮਨੁੱਖ ਨੂੰ ਮਿਲਦਾ ਹੈ।2।
ਅਮਰ ਜੀਤ ਸਿੰਘ ਚੰਦੀ (ਚਲਦਾ)