ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 15)
ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ ॥
ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ ॥1॥
ਪ੍ਰਭ ਜੀ ਕੋ ਨਾਮੁ ਜਪਤ ਮਨ ਚੈਨ ॥
ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ ॥1॥ਰਹਾਉ ॥
ਜਾਪ ਤਾਪ ਭ੍ਰਮਨ ਬਸੁਧਾ ਕਰਿ ਉਰਧ ਤਾਪ ਲੈ ਗੈਨ ॥
ਇਹ ਬਿਧਿ ਨਹੀ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ ॥2॥
ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ ਤਿਨਿ ਪਾਇਓ ਜਿਸੁ ਕਿਰਪੈਨ ॥
ਸਾਧਸੰਗਿ ਰੰਗਿ ਪ੍ਰਭ ਭੇਟੇ ਨਾਨਕ ਸੁਖਿ ਜਨ ਰੈਨ॥3॥ 674
ਹੇ ਭਾਈ, ਪਰਮਾਤਮਾ ਦਾ ਨਾਮ ਜਪਿਆਂ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ, ਸਾਰੇ ਲੋਕ ਕਈ ਤਰੀਕਿਆਂ ਨਾਲ ਉਸ ਪਰਮਾਤਮਾ ਨੂੰ ਲੱਭਦੇ ਹਨ, ਪਰ ਸਿਮਰਨ ਤੋਂ ਬਗੈਰ ਉਸ ਨੂੰ ਲੱਭਣਾ ਔਖਾ ਹੈ, ਨਹੀਂ ਲੱਭਦਾ।1।ਰਹਾਉ।
ਹੇ ਭਾਈ, ਲੋਕ ਦੇਵ-ਪੂਜਾ ਕਰਦੇ ਹਨ, ਵਰਤ ਰੱਖਦੇ ਹਨ, ਮੱਥੇ ਤੇ ਤਿਲਕ ਲਾਉਂਦੇ ਹਨ, ਤੀਰਥਾਂ ਤੇ ਇਸ਼ਨਾਨ ਕਰਦੇ ਹਨ, ਬੜੇ ਦਾਨ-ਪੁੰਨ ਕਰਦੇ ਹਨ, ਮਿੱਠੇ ਬੋਲ ਬੋਲਦੇ ਹਨ, ਪਰ ਅਜਹੀ ਕਿਸੇ ਵੀ ਜੁਗਤ ਨਾਲ ਮਾਲਕ-ਪ੍ਰਭੂ ਖੁਸ਼ ਨਹੀਂ ਹੁੰਦਾ।1।
ਹੇ ਭਾਈ, ਜਪ ਤਪ ਕਰ ਕੇ, ਸਾਰੀ ਧਰਤੀ ਦੇ ਚੱਕਰ ਲਾ ਕੇ, ਸਿਰ ਭਾਰ, ਤਪ ਕਰ ਕੇ, ਪ੍ਰਾਣ, ਦਸਮ ਦੁਆਰ ਚੜ੍ਹਾ ਕੇ, ਜੋਗ-ਮੱਤ ਦੀਆਂ ਜੁਗਤੀਆਂ ਕਰਦੇ ਹਨ, ਜੈਨ-ਮਤ ਦੀਆਂ ਜੁਗਤੀਆਂ ਕਰਦੇ ਹਨ, ਪਰ ਇਨ੍ਹਾਂ ਤਰੀਕਿਆਂ ਨਾਲ ਵੀ, ਮਾਲਕ-ਪ੍ਰਭੂ ਨਹੀਂ ਪਤੀਜਦਾ।2।
ਹੇ ਭਾਈ ਪਰਮਾਤਮਾ ਦਾ ਨਾਮ, ਅੰਮ੍ਰਿਤੁ ਨਾਮ,ਆਤਮਕ ਜੀਵਨ ਦੇਣ ਵਾਲਾ ਹੈ, ਪਰਮਾਤਮਾ ਦੀ ਸਿਫਤ ਸਾਲਾਹ, ਇਕ ਐਸਾ ਪਦਾਰਥ ਹੈ, ਜਿਸ ਦਾ ਕੋਈ ਮੁੱਲ ਨਹੀਂ ਪੈ ਸਕਦਾ, ਇਹ ਦਾਤ ਉਸ ਮਨੁੱਖ ਨੇ ਹਾਸਲ ਕੀਤੀ ਹੈ, ਜਿਸ ਉੱਤੇ ਪ੍ਰਭੂ ਦੀ ਕਿਰਪਾ ਹੈ।
ਹੇ ਨਾਨਕ ਆਖ, ਹੇ ਭਾਈ, ਗੁਰੂ ਦੀ ਸੰਗਤ ਦੀ ਰਾਹੀਂ, ਪ੍ਰੇਮ ਰੰਗ ਵਿਚ ਜੁੜ ਕੇ ਜਿਸ ਮਨੁੱਖ ਨੂੰ ਪ੍ਰਭੂ ਜੀ ਮਿਲੇ ਹਨ, ਉਸ ਮਨੁੱਖ ਦੀ ਜੀਵਨ-ਰਾਤ, ਜ਼ਿੰਦਗੀ, ਸੁਖ-ਆਨੰਦ ਵਿਚ ਬੀਤਦੀ ਹੈ।3।
ਹਰ ਥਾਂ ਪ੍ਰਭੂ ਦੇ ਨਾਮ ਨੂੰ ਹੀ ਅੰਮ੍ਰਿਤੁ ਕਿਹਾ ਹੈ, ਅਤੇ ਨਾਮ ਨੂੰ ਜਪਣ ਦਾ ਵੇਲਾ, ਹਰ ਉਹ ਸਾਹ ਹੈ, ਜੋ ਸਾਨੂੰ ਪ੍ਰਭੂ ਕੋਲੋਂ ਮਿਲਿਆ ਹੈ, ਕਬੀਰ ਜੀ ਇਵੇਂ ਸੇਧ ਦਿੰਦੇ ਹਨ,
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥
ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥5॥1॥9॥ (1159)
ਕਬੀਰ ਆਖਦਾ ਹੈ, ਹੇ ਭਾਈ, ਮੈਂ ਤੈਨੂੰ ਕਈ ਤਰੀਕਿਆਂ ਨਾਲ ਕੂਕ-ਕੂਕ ਕੇ ਦੱਸ ਰਿਹਾ ਹਾਂ, ਤੇਰੀ ਮਰਜ਼ੀ ਹੈ, ਇਹ ਮਨੁੱਖਾ ਜਨਮ ਦੀ ਬਾਜ਼ੀ, ਜਿੱਤ ਕੇ ਜਾਹ, ਚਾਹੇ ਹਾਰ ਕੇ ਜਾਹ । ਤੂੰ ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲੈ, ਪ੍ਰਭੂ ਨੂੰ ਮਿਲਣ ਦਾ ਇਹ ਮਨੁੱਖਾ ਜਨਮ ਹੀ ਮੌਕਾ ਹੈ, ਇਹੀ ਵਾਰੀ ਹੈ, ਏਥੋਂ ਖੁਂਝ ਕੇ ਸਮਾ ਨਹੀਂ ਮਿਲਣਾ।5।1।9।
ਅਮਰ ਜੀਤ ਸਿੰਘ ਚੰਦੀ (ਚਲਦਾ)