ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 16)
ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥
ਅੰਮ੍ਰਿਤੁ ਹਰਿ ਕਾ ਨਾਮੁ ਸਾਧਸੰਗਿ ਰਾਵੀਐ ਜੀਉ ॥
ਭਜੁ ਸੰਗਿ ਸਾਧੂ ਇਕੁ ਅਰਾਧੂ ਜਨਮ ਮਰਨ ਦੁਖ ਨਾਸਏ ॥
ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ ॥
ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ ॥
ਬਿਨਵੰਤਿ ਨਾਨਕ ਧਾਰਿ ਕਿਰਪਾ ਸਦਾ ਹਰਿ ਗੁਣ ਗਾਵੀਐ ॥1॥ 691
ਹੇ ਭਾਈ, ਸਤਿਗੁਰ, ਸ਼ਬਦ ਗੁਰੂ, ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਜਿਸ ਦੀ ਸੰਗਤ ਵਿਚ ਰਹਿ ਕੇ, ਪਰਮਾਤਮਾ ਦੀ ਸਿਫਤ-ਸਾਲਾਹ ਕੀਤੀ ਜਾ ਸਕਦੀ ਹੈ। ਗੁਰੂ ਦੀ ਸੰਗਤ ਵਿਚ ਆਤਮਕ ਜੀਵਨ ਦੇਣ ਵਾਲਾ, ਪ੍ਰਭੂ ਦਾ ਅੰਮ੍ਰਿਤੁ ਨਾਮ, ਸਿਮਰਿਆ ਜਾ ਸਕਦਾ ਹੈ। ਹੇ ਭਾਈ, ਗੁਰੂ ਦੀ ਸੰਗਤ ਵਿਚ ਜਾਹ, ਓਥੇ ਇਕ ਪ੍ਰਭੂ ਦਾ ਸਿਮਰਨ ਕਰ, ਸਿਮਰਨ ਦੀ ਬਰਕਤ ਨਾਲ, ਜਨਮ-ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ। ਜਿਸ ਮਨੁੱਖ ਦੇ ਮੱਥੇ ਤੇ, ਧੁਰ ਦਰਗਾਹ ਤੋਂ ਸਿਮਰਨ ਕਰਨ ਵਾਸਤੇ ਬਖਸ਼ਿਸ਼ ਦਾ ਲੇਖ ਲਿਖਿਆ ਹੁੰਦਾ ਹੈ, ਓਹੀ ਸਦਾ-ਥਿਰ ਹਰ-ਨਾਮ, ਸਿਮਰਨ ਦੀ ਸਿਖਿਆ ਗ੍ਰਹਣ ਕਰਦਾ ਹੈ, ਉਸ ਦੀ ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ। ਹੇ ਭਾਈ, ਸਿਮਰਨ ਦੀ ਬਰਕਤ ਨਾਲ, ਸਾਰੇ ਡਰ, ਸਾਰੇ ਭਰਮ ਨਾਸ ਹੋ ਜਾਂਦੇ ਹਨ, ਮਨ ਵਿਚ ਬੱਝੀ ਹੋਈ, ਜਮ ਦੇ ਡਰ ਦੀ ਗੰਢ ਖੁਲ੍ਹ ਜਾਂਦੀ ਹੈ, ਆਤਮਕ ਮੌਤ ਸਹੇੜਨ ਵਾਲੇ ਰਸਤੇ ਤੇ ਬਿਲਕੁਲ ਨਹੀਂ ਤੁਰੀਦਾ।
ਨਾਨਕ ਬੇਨਤੀ ਕਰਦਾ ਹੈ, ਹੇ ਪ੍ਰਭੂ , ਮਿਹਰ ਕਰ ਕਿ ਅਸੀਂ ਜੀਵ, ਸਦਾ ਤੇਰੀ ਸਿਫਤ-ਸਾਲਾਹ ਕਰਦੇ ਰਹੀਏ।1।
ਵਡਭਾਗੀ ਸੇ ਕਾਢੀਅਹਿ ਪਿਆਰੇ ਸੰਤਸੰਗਤਿ ਜਿਨਾ ਵਾਸੋ ॥
ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥
ਜਨਮ ਮਰਣ ਦੁਖੁ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ ॥
ਤਿਨਾ ਪਰਾਪਤਿ ਦਰਸਨੁ ਨਾਨਕ ਜੋ ਪ੍ਰਭ ਅਪਣੇ ਭਾਣੇ ॥3॥ 802
ਹੇ ਭਾਈ, ਜਿਨ੍ਹਾਂ ਮਨੁੱਖਾਂ ਦਾ ਬਹਣ-ਖਲੋਣ, ਸਦਾ ਸੰਤ-ਜਨਾਂ ਦੀ ਸੰਗਤ ਵਿਚ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾ ਸਕਦੇ ਹਨ। ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਹੀ ਆਤਮਕ ਜੀਵਨ ਦੇਣ ਵਾਲਾ, ਅੰਮ੍ਰਿਤੁ ਨਾਮ ਸਿਮਰਿਆ ਜਾ ਸਕਦਾ ਹੈ, ਅਤੇ ਮਨ ਵਿਚ ਉੱਚੇ ਆਤਮਕ ਜੀਵਨ ਦਾ ਚਾਨਣ, ਗਿਆਨ ਪੈਦਾ ਹੁੰਦਾ ਹੈ। ਹੇ ਭਾਈ ਗੁਰਮੁਖਾਂ ਦੀ ਸੰਗਤ ਵਿਚ ਹੀ ਸਾਰੀ ਉਮਰ ਦਾ ਦੁੱਖ ਕੱਟਿਆ ਜਾ ਸਕਦਾ ਹੈ, ਅਤੇ ਜਮਰਾਜ ਦੀ ਧੌਂਸ ਵੀ ਮੁਕ ਜਾਂਦੀ ਹੈ।
ਪਰ ਹੇ ਨਾਨਕ, ਗੁਰਮੁਖਾਂ ਦਾ ਦਰਸ਼ਨੁ, (ਇਹ ਦਰਸ਼ਨੁ ਵੀ ਇਕੋ ਇਕ ਹੈ) ਜ਼ਿੰਦਗੀ ਜੀਉਣ ਦੇ ਫਲਸਫੇ, ਦਾ ਗਿਆਨ ਵੀ ਉਨ੍ਹਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ, ਜੋ ਆਪਣੇ ਪਰਮਾਤਮਾ ਨੂੰ ਪਿਆਰੇ ਲਗਦੇ ਹਨ ।3।
ਅਮਰ ਜੀਤ ਸਿੰਘ ਚੰਦੀ (ਚਲਦਾ)