ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 21)
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥
ਗੁਰਾ ਇਕ ਦੇਹਿ ਬੁਝਾਈ ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥6॥
ਮੈਂ ਤੀਰਥ ਤੇ ਜਾ ਕੇ ਤਦ ਹੀ ਇਸ਼ਨਾਨ ਕਰਾਂ, ਜੇ ਇਵੇਂ ਕਰਨ ਨਾਲ ਪਰਮਾਤਮਾ ਖੁਸ਼ ਹੋ ਜਾਵੇ, ਜੇ ਇਵੇਂ ਕਰਨ ਨਾਲ ਪ੍ਰਭੂ ਖੁਸ਼ ਨਹੀਂ ਹੁੰਦਾ ਤਾਂ ਮੈਂ ਤੀਰਥ ਤੇ ਇਸ਼ਨਾਨ ਕਰ ਕੇ ਕੀ ਲਾਹਾ ਲਵਾਂਗਾ ? ਪਰਮਾਤਮਾ ਦੀ ਪੈਦਾ ਕੀਤੀ ਹੋਈ, ਜਿਤਨੀ ਵੀ ਦੁਨੀਆ ਮੈਂ ਵੇਖਦਾ ਹਾਂ, ਇਸ ਵਿਚ ਅਕਾਲ-ਪੁਰਖ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ, ਕੋਈ ਕੁਝ ਨਹੀਂ ਲੈ ਸਕਦਾ। ਜੇ ਗੁਰ, ਸ਼ਬਦ ਗੁਰੂ ਦੀ ਇਕ ਸਿਖਿਆ ਸੁਣ ਲਈ ਜਾਵੇ, (ਸੁਣਨ ਬਾਰੇ 8 ਵੀਂ 9 ਵੀਂ 10 ਵੀਂ ਅਤੇ 11 ਵੀਂ ਪਉੜੀ ਵਿਚ ਵਿਸਤਾਰ ਨਾਲ ਜਾਣਾਂਗੇ, ਫਿਲਹਾਲ ਏਨਾ ਹੀ ਬਹੁਤ ਹੈ ਕਿ ਜਿਸ ਗੱਲ ਨੂੰ ਕੰਨ ਸੁਣ ਕੇ ਦਿਮਾਗ ਤੱਕ ਅਪੜਾ ਦੇਣ, ਉਹੀ ਸੁਣਿਆ ਹੈ, ਜੋ ਦਿਮਾਗ ਤੱਕ ਨਾ ਅਪੜੇ ਉਹ ਸੁਣੇ ਵਿਚ ਨਹੀਂ ਆਉਂਦਾ) ਤਾਂ ਮਨੁੱਖ ਦੀ ਅਕਲ ਵਿਚ ਰਤਨ, ਜਵਾਹਰ ਤੇ ਮੋਤੀ ਉਪਜ ਪੈਂਦੇ ਹਨ, ਆਤਮਕ ਗੁਣ, ਪੈਦਾ ਹੋ ਜਾਂਦੇ ਹਨ। ਸ਼ਬਦ ਗੁਰੂ ਨੇ ਮੈਨੂੰ ਇਕ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ ਕਿ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਕਰਤਾਰ ਹੀ ਹੈ, ਮੈਂ ਉਸ ਨੂੰ ਕਦੀ ਭੁੱਲਾਂ ਨਾ, ਸਦਾ ਯਾਦ ਰੱਖਾਂ।6।
ਅਮਰ ਜੀਤ ਸਿੰਘ ਚੰਦੀ (ਚਲਦਾ)