ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 22)
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥7॥
ਜੇ ਕਿਸੇ ਮਨੁੱਖ ਦੀ ਉਮਰ ਚਾਰ ਜੁਗਾਂ ਜਿੰਨੀ ਹੋ ਜਾਵੇ, ਏਨੀ ਹੀ ਨਹੀਂ, ਜੇ ਇਸ ਤੋਂ ਵੀ ਦਸ ਗੁਣਾ ਵੱਧ ਹੋ ਜਾਵੇ, ਜੇ ਉਹ ਸਾਰੇ ਸੰਸਾਰ ਵਿਚ ਵੀ ਪਰਗਟ ਹੋ ਜਾਏ, ਸੰਸਾਰ ਵਿਚ ਵੀ ਨਸ਼ਹੂਰ ਹੋ ਜਾਵੇ, ਹਰੇਕ ਮਨੁੱਖ, ਉਸ ਦੇ ਪਿੱਛੇ ਲੱਗ ਕੇ ਤੁਰੇ। ਉਸ ਦੀ ਗੱਲ ਮੰਨੇ।
(ਚਾਰ ਜੁਗਾਂ ਦੀ ਇਕ ਚੌਕੜੀ ਕਹੀ ਜਾਂਦੀ ਹੈ, ਜਿਸ ਵਿਚ ਸਤਿ ਜੁਗ = 17,28, 000, ਸਾਲ, ਤ੍ਰੇਤਾ ਜੁਗ = 12,96,000 ਸਾਲ, ਦੁਆਪਰ ਜੁਗ = 8,64,000 ਸਾਲ ਅਤੇ ਕਲ ਜੁਗ = 4,32,000 ਸਾਲ । ਕੁਲ= 43,12,000 ਸਾਲ ਬਣਦੇ ਹਨ, ਇਸ ਦਾ ਦਸ ਗੁਣਾ = 4.31.20,000 ਚਾਰ ਕ੍ਰੋੜ, 31 ਲੱਖ, 20 ਹਜ਼ਾਰ ਸਾਲ ਬਣ ਜਾਂਦੀ ਹੈ। ਇਸ ਦਾ ਇਹ ਮਤਲਬ ਨਹੀਂ ਕਿ ਉਮਰ ਦੇ ਲਿਹਾਜ਼ ਨਾਲ ਬੰਦੇ ਦੀ ਲਿਆਕਤ ਵਧਦੀ ਜਾਂਦੀ ਹੈ, ਇਸ ਦਾ ਮਤਲਬ ਹੈ ਕਿ ਉਮਰ ਜ਼ਿਆਦਾ ਹੋਣ ਨਾਲ ਬੰਦੇ ਦੀ ਲਿਆਕਤ ਦਾ ਕੋਈ ਸਬੰਧ ਨਹੀਂ।)
ਜੇ ਬੰਦੇ ਦੀ ਗਲ ਸਾਰੀ ਸ੍ਰਿਸ਼ਟੀ ਦੇ ਬੰਦੇ ਵੀ ਮੰਨਣ ਤਾਂ ਵੀ ਉਸ ਨੂੰ ਸਿਆਣਾ ਨਹੀਂ ਕਿਹਾ ਜਾ ਸਕਦਾ। ਇਵੇਂ ਹੀ ਜੇ ਉਹ ਚੰਗਾ ਨਾਮਣਾ ਖੱਟ ਕੇ, ਸਾਰੇ ਸੰਸਾਰ ਵਿਚ ਸੋਭਾ ਖੱਟ ਲਵੇ, ਤਾਂ ਵੀ ਉਸ ਨੂੰ ਅਕਲ-ਮੰਦ ਨਹੀਂ ਕਿਹਾ ਜਾ ਸਕਦਾ, ਕਿੳਂਕਿ ਜੇ ਉਸ ਤੇ ਅਕਾਲ-ਪੁਰਖ ਦੀ ਮਿਹਰ ਨਹੀਂ ਹੋਈ, ਤਾਂ ਉਹ ਉਸ ਬੰਦੇ ਵਰਗਾ ਹੈ, ਜਿਸ ਨੂੰ ਕੋਈ ਪੁੱਛਦਾ ਹੀ ਨਹੀਂ । ਸਵਾਂ ਅਜਿਹਾ ਮਨੁੱਖ ਪ੍ਰਭੂ ਦੀ ਨਜ਼ਰ ਵਿਚ ਇਕ ਮਾਮੂਲੀ ਕੀੜਾ ਭਰ ਹੈ, ਅਕਾਲ-ਪੁਰਖ ਉਸ ਨੂੰ ਦੋਸ਼ੀ ਥਾਪ ਕੇ, ਉਸ ਤੇ ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਹੁਕਮ, ਪਰਮਾਤਮਾ ਦੀ ਰਜ਼ਾ ਨੂੰ ਭੁੱਲਣ ਦਾ ਦੋਸ਼ ਲਾਉਂਦਾ ਹੈ।
ਹੇ ਨਾਨਕ, ਅਕਾਲ-ਪੁਰਖ ਗੁਣ-ਹੀਨ ਮਨੁੱਖ ਵਿਚ ਗੁਣ ਪੈਦਾ ਕਰ ਦਿੰਦਾ ਹੈ, ਗੁਣੀ ਮਨੁੱਖਾਂ ਨੂੰ ਵੀ ਪ੍ਰਭੂ ਹੀ ਗੁਣ ਬਖਸ਼ਦਾ ਹੈ।
ਇਹੋ ਜਿਹਾ ਹੋਰ ਕੋਈ ਨਜ਼ਰ ਨਹੀਂ ਆਉਂਦਾ ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਸਕਦਾ ਹੋਵੇ। ਪ੍ਰਭੂ ਦੀ ਮਿਹਰ ਦੀ ਨਜ਼ਰ ਹੀ ਉਸ ਨੂੰ ਉੱਚਾ ਕਰ ਸਕਦੀ ਹੈ, ਲੰਮੀ ਉਮਰ ਤੇ ਜਗਤ ਦੀ ਸੋਭਾ ਉਸ ਦਾ ਕੁਝ ਨਹੀਂ ਸਵਾਰ ਸਕਦੀ।7।
ਅਮਰ ਜੀਤ ਸਿੰਘ ਚੰਦੀ (ਚਲਦਾ)