ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 24)
ਸੁਣਿਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ ॥
ਸੁਣਿਐ ਜੋਗ ਜੁਗਤਿ ਤਨਿ ਭੇਦ ॥ ਸੁਣਿਐ ਸਾਸਤ ਸਿਮ੍ਰਿਤਿ ਵੇਦ ॥
ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥9॥
ਹੇ ਨਾਨਕ, ਨਾਮ ਨਾਲ ਪ੍ਰੀਤ ਕਰਨ ਵਾਲੇ, ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, ਕਿਉੰ ਜੋ ਰੱਬ ਦੀ ਸਿਫਤ-ਸਾਲਾਹ ਸੁਣਨ ਕਰ ਕੇ ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸ਼ਬਦ ਗੁਰੂ ਦਾ ਉਪਦੇਸ਼ ਸੁਣਨ ਨਾਲ ਆਮ ਬੰਦਾ ਵੀ ਸ਼ਿਵ, ਬ੍ਰਹਮਾ ਅਤੇ ਇੰਦਰ ਦੀ ਬਰਾਬਰੀ ਕਰਨ ਜੋਗਾ ਹੋ ਜਾਂਦਾ ਹੈ। ਗੁਰ ਦੀ ਸਿਖਿਆ ਸੁਣਨ ਨਾਲ ਮੰਦਾ ਬੰਦਾ ਵੀ ਮੂੰਹੋਂ ਰੱਬ ਦੀ ਵਡਿਆਈ ਕਰਨ ਲੱਗ ਜਾਂਦਾ ਹੈ। ਸ਼ਬਦ ਗੁਰੂ ਦਾ ਉਪਦੇਸ਼ ਸੁਣਨ ਨਾਲ ਸਾਧਾਰਨ ਬੰਦੇ ਨੂੰ ਵੀ ਪਰਮਾਤਮਾ ਨਾਲ ਜੋਗ ਦੀ ਜੁਗਤ, ਮਿਲਣ ਦਾ ਢਂਗ ਪਤਾ ਲੱਗ ਜਾਂਦਾ ਹੈ। ਸ਼ਬਦ ਗੁਰੂ ਆਸਰੇ ਹੀ , ਵੇਦਾਂ, ਸਿਮ੍ਰਿਤੀਆਂ ਅਤੇ ਸ਼ਾਸਤਰਾਂ ਦੀ ਅਸਲੀਅਤ ਦਾ ਪਤਾ ਲਗਦਾ ਹੈ।9।
ਸੁਣਿਐ ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥
ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨੁ ॥
ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥10॥
ਸ਼ਬਦ ਗੁਰੂ ਦੇ ਉਪਦੇਸ਼ ਨੂੰ ਸੁਣ-ਸਮਝ ਕੇ ਹੀ, ਬੰਦੇ ਨੂੰ ਸਤੁ, ਪਰਮਾਤਮਾ ਬਾਰੇ ਗਿਆਨ ਹੁੰਦਾ ਹੈ, ਉਸ ਵਿਚ ਸੰਤੋਖ ਪੈਦਾ ਹੁੰਦਾ ਹੈ। ਸ਼ਬਦ ਗੁਰੂ ਦਾ ਗਿਆਨ ਰੂਪੀ ਉਪਦੇਸ਼ ਸੁਣਨ ਨਾਲ, ਉਹ ਕੁਝ ਪ੍ਰਾਪਤ ਹੁੰਦਾ ਹੈ, ਜੋ ਅਠਾਹਟ ਤੀਰਥਾਂ ਦੇ ਇਸ਼ਨਾਨ ਨਾਲ ਵੀ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਗੁਰਬਾਣੀ ਦਾ ਸ਼ਬਦ ਹੈ,
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨ॥ (136)
ਅਠਾਹਠ ਤੀਰਥਾਂ ਤੋਂ ਮਿਲਣ ਵਾਲਾ ਸਾਰਾ ਪੁੰਨ, ਜੀਅ ਤੇ ਦਇਆ ਕਰਨ ਨਾਲ ਮਿਲ ਜਾਂਦਾ ਹੈ, ਏਥੇ ਦਿੱਤਾ ਲਫਜ਼ "ਜੀਅ" ਕਿਸੇ ਜੀਵ-ਜੰਤੂ ਲਈ ਨਹੀਂ ਬਲਕਿ ਜੀਵ ਦੇ ਅੰਦਰ ਟਿਕਿਆ ਪਰਮਾਤਮਾ ਦਾ ਜੀਅ ਹੈ, ਯਾਨੀ ਤੁਸੀਂ ਆਪਣੇ ਮਨ ਤੇ ਦਯਾ ਕਰ ਕੇ ਉਸ ਨੂੰ ਵਿਕਾਰਾਂ ਪਿੱਛੇ ਭਟਕਣੋਂ ਰੋਕ ਲਵੋਂ ਤਾਂ ਤੁਹਾਨੂੰ ਏਨਾ ਪੁੰਨ ਮਿਲ ਜਾਵੇਗਾ ਕਿ ਤੁਸੀਂ ਪ੍ਰਭੂ ਨੂੰ ਮਿਲ ਜਾਵੋਂਗੇ । ਜਦ ਕਿ ਤੀਰਥ ਇਸ਼ਨਾਨ ਦਾ ਅਜਿਹਾ ਫਲ, ਕਿਸੇ ਵੇਦ-ਸ਼ਾਸਤ੍ਰ ਵਿਚ ਨਹੀਂ ਲਿਖਿਆ ਹੋਇਆ। ਸਿੱਖਾਂ ਵਿਚਲੇ ਅਰਧ-ਬ੍ਰਾਹਮਣ, 90 % ਤੋਂ ਜ਼ਿਆਦਾ ਕਿਸੇ ਜਾਨਵਰ ਤੇ ਤਰਸ ਕਰਨ ਦੀ ਗੱਲ ਕਰਦੇ ਹਨ। ਮੈਂ ਤਾਂ ਇਹ ਸੋਚਦਾ ਸੀ ਕਿ ਇਹ ਲੋਕ ਬ੍ਰਾਹਮਣਾ ਦੇ ਅਠਾਹਠ ਤੀਰਥਾਂ ਦੇ ਇਸ਼ਨਾਨ ਦਾ ਮਖੌਲ ਬਣਾ ਰਹੇ ਹਨ, ਪਰ ਬ੍ਰਾਹਮਣ ਤਾਂ ਇਕ ਬੱਕਰੇ ਜਾਂ ਇਕ ਕੁੱਕੜ ਤੇ ਦਯਾ ਕਰਨ ਨਾਲ ਅਠਾਹਠ ਤੀਰਥਾਂ ਦੇ ਇਸ਼ਨਾਨ ਦਾ ਪੁੰਨ ਦੇਣ ਨੂੰ ਰਾਜ਼ੀ ਹੈ। ਇਨ੍ਹਾਂ ਨੇ ਇਹ ਇਸ਼ਨਾਨ ਏਨਾ ਸਸਤਾ ਕਰ ਦਿੱਤਾ ਤਾਂ, ਕੋਈ ਤੀਰਥਾਂ ਤੇ ਇਸ਼ਨਾਨ ਕਰਨ ਕਿਉਂ ਜਾਵੇਗਾ ?
ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨੁ ॥
ਮਨੁੱਖ ਦੁਨਿਆਵੀ ਵਿਦਿਆ ਪੜ੍ਹ ਕੇ ਜੋ ਆਦਰ ਪਾਉਂਦੇ ਹਨ, ਉਹ ਆਦਰ ਭਗਤ-ਜਨਾਂ ਨੂੰ ਸ਼ਬਦ ਗੁਰੂ ਦਾ ਉਪਦੇਸ਼ ਸੁਣ ਕੇ ਉਸ ਵਿਚ ਧਿਆਨ ਜੋੜ ਕੇ ਮਿਲ ਜਾਂਦਾ ਹੈ।
ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥10॥
ਹੇ ਨਾਨਕ, ਰੱਬ ਦੇ ਭਗਤਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, ਕਿਉੰ ਜੋ ਰੱਬ ਦੀ ਸਿਫਤ-ਸਾਲਾਹ ਸੁਣਨ ਕਰ ਕੇ ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ।10।
ਅਮਰ ਜੀਤ ਸਿੰਘ ਚੰਦੀ (ਚਲਦਾ)