ਗੁਰਬਾਣੀ ਦੀ ਸਰਲ ਵਿਆਖਿਆ ਭਾਗ (28 ੳ)
ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥
ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥
ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥15॥
ਜੇ ਮਨ, ਸ਼ਬਦ ਗੁਰੂ ਦੇ ਉਪਦੇਸ਼ ਨੂੰ ਮੰਨ ਲਵੇ ਤਾਂ ਮਨੁੱਖ, ਕੂੜ ਤੋਂ ਛੁਟਕਾਰਾ ਪਾਉਣ ਦਾ ਰਾਹ ਲੱਭ ਲੈਂਦਾ ਹੈ, (ਗੁਰਬਾਣੀ ਅਨੁਸਾਰ ਕੂੜ ਕੀ ਹੈ ?)
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥
ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨਣਹਾਰੁ ॥
ਕੂੜੁ ਕਾਇਆ ਕੂੜੁ ਕਪੜ ਕੂੜੁ ਰੂਪੁ ਅਪਾਰੁ ॥
ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥
ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥
ਕਿਸ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥
ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੂਬੇ ਪੂਰੁ ॥
ਨਾਨਕੁ ਵਖਾਣੈ ਬੇਨਤੀ ਤੁਧੂ ਬਾਝੁ ਕੂੜੋ ਕੂੜੁ ॥1॥ (468)
ਇਹ ਸਾਰਾ ਜਗਤ, ਛਲ ਰੂਪ ਕੂੜ ਹੈ, ਜਿਵੇਂ ਮਦਾਰੀ ਦਾ ਤਮਾਸ਼ਾ, ਜਾਂ ਰੇਗਿਸਤਾਨ ਵਿਚਲੀ "ਮਿਰਗ-ਮਰੀਚਕਾ" ਇਸ ਵਿਚ ਕੋਈ ਰਾਜਾ ਹੈ ਅਤੇ ਕਈ ਲੋਕ ਪਰਜਾ ਹਨ, ਇਹ ਵੀ ਮਦਾਰੀ ਦੇ ਰੁਪਏ ਅਤੇ ਰੇਗਿਸਤਾਨ ਵਿਚ, ਹਿਰਨ ਲਈ ਪਾਣੀ ਦੇ ਤਾਲ ਵਾਙ ਛਲ ਹੀ ਹੈ। ਇਸ ਜਗਤ ਵਿਚ ਕਿਤੇ ਇਨ੍ਹਾਂ ਰਾਜਿਆਂ ਦੇ ਤੰਬੂ ਤੇ ਮਹਲ ਮਾੜੀਆਂ, ਇਹ ਵੀ ਛਲ ਰੂਪ ਹਨ, ਤੇ ਇਨ੍ਹਾਂ ਵਿਚ ਵੱਸਣ ਵਾਲਾ ਰਾਜਾ ਵੀ ਛੱਲ ਹੀ ਹੈ ।
ਸੋਨਾ ਚਾਂਦੀ ਤੇ ਸੋਨੇ ਚਾਂਦੀ ਨੂੰ ਪਹਿਨਣ ਵਾਲੇ ਵੀ ਭਰਮ ਰੂਪ ਹੀ ਹਨ। ਇਹ ਸਰੀਰਕ ਆਕਾਰ, ਸੋਹਣੇ-ਸੋਹਣੇਕਪੜੇ ਅਤੇ ਸਰੀਰਾਂ ਦਾ ਬਹੁਤ ਸੋਹਣਾ ਰੂਪ, ਇਹ ਵੀ ਸਾਰਾ ਛਲ ਹੀ ਹੈ। ਮਦਾਰੀ ਰੂਪ ਪ੍ਰਭੂ, ਤਮਾਸ਼ਾ ਵੇਖਣ ਆਏ ਜੀਵਾਂ ਨੂੰ ਖੁਸ਼ ਕਰਨ ਲਈ ਇਹ ਸਭ ਵਿਖਾ ਰਿਹਾ ਹੈ। ਪ੍ਰਭੂ ਨੇ ਕਿਤੇ ਮਨੁੱਖ ਬਣਾ ਦਿੱਤੇ ਹਨ, ਕਿਤੇ ਇਸਤ੍ਰੀਆਂ, ਇਹ ਸਭ ਵੀ ਛਲ ਰੂਪ ਹਨ, ਜੋ ਇਸ ਇਸਤ੍ਰੀ-ਮਰਦ ਵਾਲੇ ਸੰਬੰਧ ਰੂਪ ਛੱਲ ਵਿਚ ਖਚਿਤ ਹੋ ਕੇ ਖੁਆਰ ਹੋ ਰਹੇ ਹਨ।
ਇਸ ਦ੍ਰਿਸ਼ਟੀਮਾਨ ਛੱਲ ਵਿਚ ਫਸੇ ਹੋਏ ਜੀਵ ਦਾ ਮੋਹ, ਛੱਲ ਵਿਚ ਪੈ ਗਿਆ ਹੈ, ਇਸ ਕਰ ਕੇ ਇਸ ਨੂੰ ਆਪਣਾ ਪੈਦਾ ਕਰਨ ਵਾਲਾ ਭੁੱਲ ਗਿਆ ਹੈ। ਇਸ ਨੂੰ ਯਾਦ ਨਹੀਂ ਰਹਿ ਗਿਆ ਕਿ ਸਾਰਾ ਜਗਤ ਨਾਸਵੰਤ ਹੈ, ਕਿਸੇ ਨਾਲ ਵੀ ਮੋਹ ਨਹੀਂ ਪਾਉਣਾ ਚਾਹੀਦਾ।
ਇਹ ਸਾਰਾ ਜਗਤ ਹੈ ਤਾਂ ਛਲ, ਪਰ ਇਹ ਛਲ, ਸਾਰੇ ਜੀਵਾਂ ਨੂੰ ਡੋਬ ਰਿਹਾ ਹੈ। ਹੇ ਪ੍ਰਭੂ, ਨਾਨਕ ਤੇਰੇ ਅੱਗੇ ਅਰਜ਼ ਕਰਦਾ ਹੈ ਕਿ, ਤੈਥੋਂ ਬਿਨਾ ਇਹ ਸਾਰਾ ਜਗਤ ਛਲ ਹੀ ਹੈ।1।
ਅਮਰ ਜੀਤ ਸਿੰਘ ਚੰਦੀ (ਚਲਦਾ)