ਗੁਰਬਾਣੀ ਦੀ ਸਰਲ ਵਿਆਖਿਆ ਭਾਗ (32)
ਅਸੰਖ ਮੂਰਖ ਅੰਧ ਘੋਰ ॥
ਅਸੰਖ ਚੋਰ ਹਰਾਮਖੋਰ ॥
ਅਸੰਖ ਅਮਰ ਕਰਿ ਜਾਹਿ ਜੋਰ ॥
ਨਿਰੰਕਾਰ ਦੀ ਰਚੀ ਹੋਈ ਸ੍ਰਿਸ਼ਟੀ ਵਿਚ ਅਨੇਕਾਂ ਹੀ ਮਹਾਂ-ਮੂਰਖ ਹਨ, ਅਨੇਕਾਂ ਹੀ ਚੋਰ ਹਨ, ਜੋ ਪਰਾਇਆ ਮਾਲ ਚੁਰਾ ਚੁਰਾ ਕੇ ਵਰਤ ਰਹੇ ਹਨ, ਅਤੇ ਅਨੇਕਾਂ ਹੀ ਇਹੋ ਜਿਹੇ ਮਨੁੱਖ ਹਨ, ਜੋ ਦੂਜਿਆਂ ਉੱਤੇ ਹੁਕਮ ਚਲਾ ਕੇ ਅਤੇ ਵਧੀਕੀਆਂ ਕਰ ਕੇ, ਅੰਤ ਨੂੰ ਇਸ ਸੰਸਾਰ ਤੋਂ ਚਲੇ ਜਾਂਦੇ ਹਨ।
ਅਸੰਖ ਗਲਵਢ ਹਤਿਆ ਕਮਾਹਿ ॥
ਅਸੰਖ ਪਾਪੀ ਪਾਪੁ ਕਰਿ ਜਾਹਿ ॥
ਅਨੇਕਾਂ ਹੀ ਖੂਨੀ ਮਨੁੱਖ, ਲੋਕਾਂ ਦੇ ਗਲ ਵੱਢ ਰਹੇ ਹਨ ਅਤੇ ਅਨੇਕਾਂ ਹੀ ਪਾਪੀ ਮਨੁੱਖ, ਪਾਪ ਕਮਾ ਕੇ ਆਖਰ ਇਸ ਦੁਨੀਆ ਤੋਂ ਤੁਰ ਜਾਂਦੇ ਹਨ।
ਅਸੰਖ ਕੂੜਿਆਰ ਕੂੜੇ ਫਿਰਾਹਿ ॥
ਅਸੰਖ ਮਲੇਛ ਮਲੁ ਭਖਿ ਖਾਹਿ ॥
ਝੂਠ ਬੋਲਣ ਦੇ ਸੁਭਾਉ ਵਾਲੇ ਅਨੇਕਾਂ ਮਨੁੱਖ, ਝੂਠ ਵਿਚ ਹੀ ਰੁਝੇ ਹੋਏ ਹਨ ਅਤੇ ਅਨੇਕਾਂ ਹੀ ਮਲੀਨ, ਖੋਟੀ ਬੁੱਧ ਵਾਲੇ ਮਨੁੱਖ, ਨਾ ਖਾਣ ਵਾਲੀਆਂ ਚੀਜ਼ਾਂ ਹੀ ਖਾਈ ਜਾ ਰਹੇ ਹਨ।
(ਏਥੇ ਇਸ ਵਿਸ਼ੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ,ਕਿਉਂ ਜੋ ਆਪਣੀ ਮਨਮੱਤ ਤੋਂ ਪ੍ਰੇਰਤ, ਗੁਰਬਾਣੀ ਦੇ ਸਿਧਾਂਤ ਨਾਲੋਂ ਟੁੱਟਾ, ਡੇਰਾਵਾਦੀ ਸਮਾਜ ਗੁਰਬਾਣੀ ਦਾ ਸਿਧਾਂਤ ਹੀ ਬਦਲਣ ਦਾ ਟਿੱਲ ਲਾ ਰਿਹਾ ਹੈ। ਗੁਰੂ ਸਾਹਿਬ ਨੇ ਦੋ ਵਿਸ਼ੇ, ਬਿਲਕੁਲ ਸਾਫ ਕੀਤੇ ਹਨ। ਇਕ ਵਿਸ਼ਾ ਹੈ 'ਮਾਸ' ਨਾਲ ਸਬੰਧਤ, ਜਿਸ ਬਾਰੇ ਗੁਰੂ ਸਾਹਿਬ ਲਿਖਦੇ ਹਨ, ("ਮਾਸੁ ਮਾਸੁ ਕਰਿ ਮੂਰਖੁ ਝਗੜੇ " ਯਾਨੀ ਮਾਸ ਦੇ ਵਿਸ਼ੇ ਨੂੰ ਲੈ ਕੇ, ਮੂਰਖ ਲੋਕ ਝਗੜ ਰਹੇ ਹਨ।)
ਇਸ ਮੂਰਖਾਂ ਵਾਲੇ ਵਿਸ਼ੇ ਨੂੰ ਲੈ ਕੇ ਸਿੱਖਾਂ ਨੇ ਹਜ਼ਾਰਾਂ ਕਿਤਾਬਾਂ ਲਿਖ ਮਾਰੀਆਂ ਹਨ। ਦੂਸਰਾ ਵਿਸ਼ਾ ਹੈ " ਪਰਾਏ ਹੱਕ ਦਾ , ਜਿਸ ਬਾਰੇ ਗੁਰੂ ਸਾਹਿਬ ਲਿਖਦੇ ਹਨ,
" ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ "
ਯਾਨੀ ਪਰਾਇਆ ਹੱਕ ਖਾਣਾ, ਮੁਸਲਮਾਨ ਲਈ ਸੂਅਰ ਖਾਣ ਬਰਾਬਰ ਹੈ, ਕਿਉਂਕਿ ਮੁਸਲਮਾਨ, ਸੂਅਰ ਖਾਣ ਨੂੰ ਗੰਦ ਖਾਣ ਬਰਾਬਰ ਮੰਨਦੇ ਹਨ ਅਤੇ ਹਿੰਦੂ, ਗਊ ਖਾਣ ਨੂੰ ਗੰਦ ਖਾਣ ਬਰਾਬਰ ਮੰਨਦੇ ਹਨ। ਗੁਰੂ ਸਾਹਿਬ ਸੇਧ ਦਿੰਦੇ ਹਨ ਕਿ " ਮੁਸਲਮਾਨ ਲਈ, ਪਰਾਇਆ ਹੱਕ ਖਾਣਾ, ਸੂਅਰ ਖਾਣ ਬਰਾਬਰ ਹੈ,ਅਤੇ ਹਿੰਦੂ ਲਈ ਪਰਾਇਆ ਹੱਕ ਖਾਣਾ, ਗਊ ਖਾਣ ਬਰਾਬਰ ਹੈ। ਯਾਨੀ ਪਰਾਇਆ ਹੱਕ ਖਾਣਾ, ਦੋਵਾਂ ਲਈ, ਸਭ ਤੋਂ ਵੱਧ ਗੰਦੀ ਚੀਜ਼, "ਮੁਰਦਾਰ" ਖਾਣ ਬਰਾਬਰ ਹੈ। ਪਰ ਸਭ ਤੋਂ ਬੁਰੀ ਗੱਲ ਇਹ ਹੈ ਕਿ ਸਿੱਖ ਇਸ ਗੰਦ ਨੂੰ ਬੜੇ ਸ਼ੌਕ ਨਾਲ ਖਾ ਰਹੇ ਹਨ, ਕਿਸੇ ਡੇਰੇਦਾਰ ਜਾਂ ਸਿੱਖਾਂ ਨੇ ਇਸ ਬਾਰੇ ਇਕ ਕਿਤਾਬ ਵੀ ਨਹੀਂ ਲਿਖੀ । ਨਾ ਹੀ ਕੋਈ ਪਰਚਾਰਕ ਇਸ ਨੂੰ ਨਾ ਖਾਣ ਬਾਰੇ ਪਰਚਾਰ ਹੀ ਕਰਦਾ ਵੇਖਿਆ ਹੈ, ਬਲਕਿ ਇਹ ਮੁਰਦਾਰ, ਗੁਰਦਵਾਰਿਆਂ ਅਤੇ ਡੇਰਿਆਂ ਵਿਚ ਸ਼ਰੇਆਮ ਖਾਧਾ ਜਾਂਦਾ ਹੈ। ਜਦ ਕਿ ਅਸਲ ਵਿਚ ਇਹ ਹੀ ਨਾ ਖਾਧੀ ਜਾਣਵਾਲੀ ਚੀਜ਼ ਹੈ।
ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥
ਨਾਨਕੁ ਨੀਚੁ ਕਹੈ ਵੀਚਾਰੁ ॥
ਅਨੇਕਾਂ ਹੀ ਨਿੰਦਕ, ਨਿੰਦਾ ਕਰ ਕੇ, ਆਪਣੇ ਸਿਰ ਉੱਤੇ, ਨਿੰਦਿਆ ਦਾ ਭਾਰ ਚੁੱਕ ਰਹੇ ਹਨ। ਹੇ ਨਿਰੰਕਾਰ, ਅਨੇਕਾਂ ਹੋਰ ਜੀਵ, ਕਈ ਹੋਰ ਕੁਕਰਮਾਂ ਵਿਚ ਫਸੇ ਹੋਣਗੇ , ਮੇਰੀ ਕੀ ਤਾਕਤ ਹੈ ਕਿ ਤੇਰੀ ਕੁਦਰਤ ਦੀ ਪੂਰਨ ਵਿਚਾਰ ਕਰ ਸਕਾਂ ? ਨਾਨਕ ਵਿਚਾਰਾ ਤਾਂ ਇਹ ਤੁੱਛ ਜਿਹੀ ਵਿਚਾਰ ਪੇਸ਼ ਕਰਦਾ ਹੈ।
ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਤੂ ਸਦਾ ਸਲਾਮਤਿ ਨਿਰੰਕਾਰ ॥ 18॥
ਹੇ ਪ੍ਰਭੂ, ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਵੀ ਸਦਕੇ ਹੋਣ ਜੋਗਾ ਨਹੀਂ ਹਾਂ, ਮੈਂ ਤੇਰੀ ਬੇਅੰਤ ਕੁਦਰਤ ਦੀ, ਪੂਰਨ ਵਿਚਾਰ ਕਰਨ ਜੋਗਾ ਨਹੀਂ ਹਾਂ। ਹੇ ਨਿਰੰਕਾਰ, ਤੂੰ ਸਦਾ ਕਾਇਮ ਰਹਣ ਵਾਲਾ ਹੈਂ। ਜੋ ਤੈਨੂੰ ਚੰਗਾ ਲਗਦਾ ਹੈ, ਓਹੀ ਕੰਮ ਭਲਾ ਹੈ, ਤੇਰੀ ਰਜ਼ਾ ਵਿਚ ਰਹਣਾ ਹੀ ਠੀਕ ਹੈ, ਤੇਰੀ ਸਿਫਤ-ਸਾਲਾਹ ਕਰ ਕੇ ਅਸਾਂ ਜੀਵਾਂ ਲਈ ਇਹੀ ਭਲੀ ਗੱਲ ਹੈ ਕਿ ਤੇਰੀ ਰਜ਼ਾ ਵਿਚ ਰਹੀਏ।18।
ਅਮਰ ਜੀਤ ਸਿੰਘ ਚੰਦੀ (ਚਲਦਾ)