ਗੁਰਬਾਣੀ ਦੀ ਸਰਲ ਵਿਆਖਿਆ ਭਾਗ (35)
ਤੀਰਥੁ ਤਪੁ ਦਇਆ ਦਤੁ ਦਾਨੁ ॥
ਜੇ ਕੋ ਪਾਵੈ ਤਿਲ ਕਾ ਮਾਨੁ ॥
ਜੇ ਕਿਸੇ ਮਨੁੱਖ ਨੂੰ, ਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, ਜੀਵਾਂ ਤੇ ਦਇਆ ਕਰਨ ਦਾ, ਦਾਨ ਆਦਿ ਦੇਣ ਦੇ ਕਰਮਾਂ ਦੀ ਕੋਈ ਵਡਿਆਈ ਮਿਲ ਵੀ ਜਾਵੇ, ਤਾਂ ਰਤਾ ਮਾਤ੍ਰ ਹੀ ਮਿਲਦੀ ਹੈ।
ਸੁਣਿਆ ਮੰਨਿਆ ਮਨਿ ਕੀਤਾ ਭਾਉ ॥
ਅੰਤਰਗਤਿ ਤੀਰਥਿ ਮਲਿ ਨਾਉ ॥
ਪਰ ਜਿਸ ਮਨੁੱਖ ਨੇ ਅਕਾਲ-ਪੁਰਖ ਦੇ ਨਾਮ ਨੂੰ ਸਮਝਿਆ ਹੈ, ਉਸ ਨੂੰ ਦਿਲੋਂ ਕਰ ਕੇ ਮੰਨਿਆ ਹੈ, ਜਿਸ ਨੇ ਮਨੋਂ ਅਕਾਲ-ਪੁਰਖ ਨਾਲ ਪਿਆਰ ਕੀਤਾ ਹੈ, ਇਹ ਮੰਨ ਕੇ ਚਲੋ ਕਿ ਉਸ ਮਨੁੱਖ ਨੇ ਆਪਣੇ ਅੰਦਰਲੇ ਤੀਰਥ ਵਿਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ, ਯਾਨੀ ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਅਕਾਲ-ਪੁਰਖ ਨਾਲ ਜੁੜ ਕੇ ਆਪਣੇ ਮਨ ਦੀ ਮੈਲ, ਚੰਗੀ ਤਰ੍ਹਾਂ ਲਾਹ ਲਈ ਹੈ।
ਸਭਿ ਗੁਣ ਤੇਰੇ ਮੈ ਨਾਹੀ ਕੋਇ ॥
ਵਿਣੁ ਗੁਣ ਕੀਤੇ ਭਗਤਿ ਨ ਹੋਇ ॥
ਸੁਅਸਤਿ ਆਥਿ ਬਾਣੀ ਬਰਮਾਉ ॥
ਸਤਿ ਸੁਹਾਣੁ ਸਦਾ ਮਨਿ ਚਾਉ ॥
ਹੇ ਅਕਾਲ-ਪੁਰਖ, ਜੇ ਤੂੰ ਆਪ, ਆਪਣੇ ਗੁਣ, ਮੇਰੇ ਵਿਚ ਪੈਦਾ ਨਾ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ। ਮੇਰੀ ਕੋਈ ਪਾਇਆਂ ਨਹੀਂ ਕਿ ਮੈਂ ਤੇਰੇ ਗੁਣ ਗਾ ਸਕਾਂ, ਇਹ ਸਭ ਤੇਰੀਆਂ ਹੀ ਵਡਿਆਈਆਂ ਹਨ। ਹੇ ਨਿਰੰਕਾਰ, ਤੇਰੀ ਸਦਾ ਜੈ ਹੋਵੇ, ਤੂੰ ਆਪ ਹੀ ਮਾਇਆ ਹੈਂ, ਤੂੰ ਆਪ ਹੀ ਬਾਣੀ ਹੈਂ, ਤੂੰ ਆਪ ਹੀ ਬਰ੍ਹਮਾ ਹੈਂ, ਭਾਵ ਇਸ ਸ੍ਰਿਸ਼ਟੀ ਨੂੰ ਬਨਾਉਣ ਵਾਲੇ, ਮਾਇਆਂ, ਬਾਣੀ ਜਾਂ ਬਰ੍ਹਮਾ, ਤੈਥੋਂ ਵੱਖਰੀ ਹਸਤੀ ਵਾਲੇ ਨਹੀਂ ਹਨ, ਜਿਹੜੇ ਲੋਕਾਂ ਨੇ ਮੰਨ ਰੱਖੇ ਹਨ। ਤੂੰ ਸਦਾ-ਥਿਰ ਹੈਂ, ਸੋਹਣਾ ਹੈਂ, ਤੇਰੇ ਮਨ ਵਿਚ ਸਦਾ ਖਿੜਾਉ ਹੈ, ਤੂੰ ਹੀ ਜਗਤ ਰਚਣ ਵਾਲਾ ਹੈਂ, ਤੈਨੂੰ ਹੀ ਪਤਾ ਹੈ ਕਿ ਤੂੰ ਇਹ ਜਗਤ ਕਦੋਂ ਬਣਾਇਆ ਹੈ ?
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥
ਉਹ ਕਿਹੜਾ ਵੇਲਾ ਸੀ, ਕਿਹੜਾ ਵਕਤ ਸੀ, ਕਿਹੜੀ ਥਿੱਤ ਸੀ, ਕਿਹੜਾ ਦਿਨ ਸੀ, ਉਹ ਕਿਹੜੀਆਂ ਰੁੱਤਾਂ ਸਨ ਅਤੇ ਉਹ ਕਿਹੜਾ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ।
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥
ਕਦੋਂ ਇਹ ਸੰਸਾਰ ਬਣਿਆ ? ਉਸ ਵੇਲੇ ਦਾ ਪੰਡਤਾਂ ਨੂੰ ਵੀ ਪਤਾ ਨਹੀਂ ਲੱਗਾ, ਨਹੀਂ ਤਾਂ ਇਸ ਵਿਸ਼ੇ ਬਾਰੇ ਵੀ ਇਕ ਪੁਰਾਣ ਲਿਖਿਆ ਹੁੰਦਾ। ਉਸ ਵੇਲੇ ਦੀ ਕਾਜ਼ੀਆਂ ਨੂੰ ਵੀ ਖਬਰ ਨਾ ਲੱਗੀ, ਨਹੀਂ ਤਾਂ ਉਹ ਲੇਖ ਲਿਖ ਦੇਂਦੇ, ਜਿਵੇਂ ਉਨ੍ਹਾਂ ਆਇਤਾਂ ਇਕੱਠੀਆਂ ਕਰ ਕੇ, ਕੁਰਾਨ ਲਿਖਿਆ ਸੀ।
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
ਜਦੋਂ ਜਗਤ ਬਣਿਆ ਸੀ, ਤਦੋਂ ਕਿਹੜੀ ਥਿੱਤ ਸੀ, ਕਿਹੜਾ ਵਾਰ ਸੀ, ਇਹ ਗੱਲ ਕੋਈ ਜੋਗੀ ਵੀ ਨਹੀਂ ਜਾਣਦਾ ।
ਕੋਈ ਮਨੁੱਖ ਵੀ ਨਹੀਂ ਦੱਸ ਸਕਦਾ ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ ? ਜੋ ਸਿਰਜਣਹਾਰ, ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ ਕਿ ਜਗਤ ਕਦੋਂ ਬਣਿਆ ?
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥
ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥
ਮੈਂ ਕਿਸ ਤਰ੍ਹਾਂ ਅਕਾਲ-ਪੁਰਖ ਦੀ ਵਡਿਆਈ ਦੱਸਾਂ ? ਕਿਸ ਤਰ੍ਹਾਂ ਉਸ ਦੀ ਸਿਫਤ-ਸਾਲਾਹ ਕਰਾਂ [ ਕਿਸ ਤਰ੍ਹਾਂ ਅਕਾਲ-ਪੁਰਖ ਨੂੰ ਸਮਝਾਂ ? ਤਾਂ ਜੋ ਉਸ ਦੀ ਵਡਿਆਈ ਬਿਆਨ ਕਰ ਸਕਾਂ। ਹੇ ਨਾਨਕ, ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ, ਅਕਾਲ-ਪੁਰਖ ਦੀ ਵਡਿਆਈ ਦੱਸਣ ਦਾ ਜਤਨ ਕਰਦਾ ਹੈ, ਪਰ ਦੱਸ ਨਹੀਂ ਸਕਦਾ।
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥21॥
ਅਕਾਲ-ਪੁਰਖ ਸਭ ਤੋਂ ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਓਸੇ ਦਾ ਕੀਤਾ ਹੋ ਰਿਹਾ ਹੈ। ਹੇ ਨਾਨਕ, ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ, ਪ੍ਰਭੂ ਦੀ ਵਡਿਆਈ ਦਾ ਅੰਤ ਪਾਉਣ ਦਾ ਜਤਨ ਕਰੇ, ਉਹ ਅਕਾਲ-ਪੁਰਖ ਦੇ ਦਰ ਤੇ ਜਾ ਕੇ ਆਦਰ ਨਹੀਂ ਪੌਂਦਾ।21।
ਅਮਰ ਜੀਤ ਸਿੰਘ ਚੰਦੀ (ਚਲਦਾ)
ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ (35)
Page Visitors: 63