ਗੁਰਬਾਣੀ ਦੀ ਸਰਲ ਵਿਆਖਿਆ ਭਾਗ (42)
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥
ਹੇ ਜੋਗੀ, ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇਂ, ਮਿਹਨਤ ਨੂੰ ਖੱਪਰ ਤੇ ਝੋਲੀ ਅਤੇ, ਅਕਾਲ-ਪੁਰਖ ਦੇ ਧਿਆਨ ਦੀ ਸਵਾਹ, ਪਿੰਡੇ ਤੇ ਮਲੇਂ, ਮੌਤ ਦਾ ਭਉ ਤੇਰੀ ਗੋਦੜੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇਅਤੇ ਸ਼ਰਧਾ ਨੂੰ ਡੰਡਾ ਬਣਾਵੇਂ, ਤਾਂ ਅੰਦਰੋਂ, ਕੂੜ ਦੀ ਕੰਧ ਟੁੱਟ ਸਕਦੀ ਹੈ।
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥28॥
ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤ੍ਰ ਸਮਝਦਾ ਹੈ, ਅਸਲ ਵਿਚ ਉਹੀ ਆਈ ਪੰਥ ਵਾਲਾ ਜੋਗੀ ਹੈ। (ਜੋਗੀਆਂ ਵਿਚ ਆਈ-ਪੰਥੀ ਜੋਗੀ, ਸਭ ਤੋਂ ਉੱਚੇ ਸਮਝੇ ਜਾਂਦੇ ਹਨ, ਪਰ ਗੁਰੂ ਸਾਹਿਬ ਸਮਝਾਉਂਦੇ ਹਨ ਕਿ) ਜੇ ਆਪਣਾ ਮਨ ਜਿਤਿਆ ਜਾਏ ਤਾਂ ਸਾਰਾ ਜਗਤ ਹੀ ਜਿਤਿਆ ਜਾਂਦਾ ਹੈ, ਤਾਂ ਜਗਤ ਦੀ ਮਾਇਆ, ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ। ਸੋ ਕੂੜ ਦੀ ਕੰਧ ਦੂਰ ਕਰਨ ਲਈ, ਕੇਵਲ ਉਸ ਅਕਾਲ-ਪੁਰਖ ਨੂੰ ਸਲਾਮ ਕਰੋ, ਜੋ ਸਭ ਦਾ ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ, ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ।28।
ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥
ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥
ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥
ਹੇ ਜੋਗੀ, ਜੇ ਅਕਾਲ-ਪੁਰਖ ਦੀ ਸਰਬ ਵਿਆਪਕਤਾ ਦਾ ਗਿਆਨ ਤੇਰੇ ਲਈ ਭੰਡਾਰਾ ਹੋਵੇ, ਦਇਆ ਇਸ ਗਿਆਨ ਰੂਪ ਭੰਡਾਰੇ ਦੀ ਵਰਤਾਵੀ ਹੋਵੇ, ਹਰੇਕ ਜੀਵ ਦੇ ਅੰਦਰ ਜਿਹੜੀ ਜ਼ਿੰਦਗੀ ਦੀ ਰੌਂ ਚਲ ਰਹੀ ਹੈ, ਭੰਡਾਰਾ ਛਕਣ ਵੇਲੇ, ਜੋ ਤੇਰੇ ਅੰਦਰ ਇਹ ਨਾਦੀ ਵੱਜ ਰਹੀ ਹੋਵੇ, ਤੇਰਾ ਨਾਥ ਆਪ ਅਕਾਲ-ਪੁਰਖ ਹੋਵੇ, ਜਿਸ ਦੇ ਵੱਸ ਵਿਚ ਸਾਰੀ ਸ੍ਰਿਸ਼ਟੀ ਹੈ, ਤਾਂ ਕੂੜ ਦੀ ਕੰਧ ਤੇਰੇ ਅੰਦਰੋਂ ਟੁੱਟ ਕੇ ਪਰਮਾਤਮਾ ਨਾਲੋਂ ਤੇਰੀ ਵਿੱਥ ਮਿਟ ਸਕਦੀ ਹੈ । ਜੋਗ ਸਾਧਨਾਂ ਦੀ ਰਾਹੀਂ ਪ੍ਰਾਪਤ ਹੋਈਆਂ ਰਿਧੀਆਂ ਵਿਅਰਥ ਹਨ, ਇੇਹ ਰਿੱਧੀਆਂ ਤੇ ਸਿੱਧੀਆਂ ਤਾਂ ਕਿਸੇ ਹੋਰ ਪਾਸੇ ਖੜਨ ਵਾਲੇ ਸੁਆਦ ਹਨ । ਅਕਾਲ-ਪੁਰਖ ਦੀ 'ਸੰਜੋਗ' ਸੱਤਾ ਤੇ ਵਿਜੋਗ ਸੱਤਾ ਦੋਵੇਂ ਮਿਲ ਕੇ ਇਸ ਸੰਸਾਰ ਦੀ ਕਾਰ ਨੂੰ ਚਲਾ ਰਹੀਆਂ ਹਨ, ਭਾਵ ਪਿਛਲੇ ਸੰਜੋਗਾਂ ਕਰ ਕੇ ਟੱਬਰ ਆਦਿਕਾਂ ਦੇ ਜੀਵ ਏਥੇ ਆ ਇਕੱਠੇ ਹੁੰਦੇ ਹਨ। ਰਜ਼ਾ ਵਿਚ ਫਿਰ ਵਿੱਛੜ ਵਿਛੜ ਕੇ ਆਪੋ ਆਪਣੀ ਵਾਰੀ ਏਥੋਂ ਤੁਰ ਜਾਂਦੇ ਹਨ, ਅਤੇ ਸਭ ਜੀਵਾਂ ਦੇ ਕੀਤੇ ਕਰਮਾਂ ਦੇ ਲੇਖ ਅਨੁਸਾਰ ਦਰਜਾ-ਬ-ਦਰਜਾ ਸੁਖ-ਦੁਖ ਦੇ ਛਾਂਦੇ ਮਿਲ ਰਹੇ ਹਨ, ਜੇ ਇਹ ਯਕੀਨ ਬਣ ਜਾਵੇ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਜਾਂਦੀ ਹੈ।
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥29॥
ਸੋ ਕੂੜ ਦੀ ਕੰਧ ਦੂਰ ਕਰਨ ਲਈ, ਕੇਵਲ ਉਸ ਅਕਾਲ-ਪੁਰਖ ਨੂੰ ਸਲਾਮ ਕਰੋ, ਜੋ ਸਭ ਦਾ ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ, ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ।29।
ਅਮਰ ਜੀਤ ਸਿੰਘ ਚੰਦੀ (ਚਲਦਾ)