ਗੁਰਬਾਣੀ ਦੀ ਸਰਲ ਵਿਆਖਿਆ ਭਾਗ(45)
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥
ਜੇ ਇਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ, ਇਨ੍ਹਾਂ ਵੀਹ ਲੱਖ ਜੀਭਾਂ ਨਾਲ ਜੇ, ਅਕਾਲ-ਪੁਰਖ ਦੇ ਇਕ ਨਾਮ ਨੂੰ, ਇਕ ਇਕ ਲੱਖ ਵਾਰੀ ਆਖੀਏ, ਤਾਂ ਵੀ ਇਹ ਕੂੜੇ ਮਨੁੱਖ ਦੀ ਕੂੜੀ ਹੀ ਗੱਪ ਹੈ। ਜੇ ਮਨੁੱਖ ਇਹ ਖਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ, ਇਸ ਤਰ੍ਹਾਂ ਨਾਮ ਸਿਮਰ ਕੇ, ਅਕਾਲ-ਪੁਰਖ ਨੂੰ ਪਾ ਸਕਦਾ ਹਾਂ, ਤਾ ਇਹ ਝੂਠਾ ਹੰਕਾਰ ਹੈ।
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥
ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥
ਇਸ, ਪ੍ਰਭੂ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ, ਅਕਾਲ-ਪੁਰਖ ਨੂੰ ਮਿਲਣ ਲਈ, ਜੋ ਪਉੜੀਆਂ ਹਨ, ਉਨ੍ਹਾਂ ਉੱਤੇ ਆਪਾ ਭਾਵ (ਹਉਮੈ) ਗਵਾ ਕੇ ਹੀ ਚੜ੍ਹ ਸਕੀਦਾ ਹੈ। ਲੱਖਾਂ ਜੀਭਾਂ ਨਾਲ ਵੀ, ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ ।
ਹਉਮੈ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉੱਦਮ ਇਉਂ ਹੈ, ਮਾਨੋ ਆਕਾਸ਼ ਦੀਆਂ ਗੱਲਾਂ ਸੁਣ ਕੇ, ਕੀੜੀਆਂ ਨੂੰ ਵੀ ਇਹ ਰੀਸ ਆ ਗਈ ਹੈ, ਕਿ ਅਸੀਂ ਵੀ ਉੜ ਕੇ ਆਕਾਸ਼ ਤੇ ਪਹੁੰਚ ਜਾਈਏ। ਪਰ ਕੂੜ ਦੀ ਪਾਲ ਵਿਚ ਘਿਰਿਆ ਜੀਵ, ਦੁਨੀਆ ਦੇ ਚਿੰਤਾ ਫਿਕਰਾਂ, ਦੁਖ-ਕਲੇਸ਼ਾਂ ਦੇ ਟੋਏ ਵਿਚ ਡਿੱਗਾ ਰਹਿੰਦਾ ਹੈ, ਤੇ ਪ੍ਰਭੂ ਦਾ ਨਿਵਾਸ ਅਸਥਾਨ, ਮਾਨੋ ਇਕ ਉੱਚਾ ਟਿਕਾਣਾ ਹੈ, ਜਿੱਥੇ ਠੰਡ ਹੈ, ਸ਼ਾਨਤੀ ਹੀ ਸ਼ਾਨਤੀ ਹੈ। ਇਸ ਨੀਵੇਂ ਥਾਂ ਤੋਂ, ਉਸ ਉੱਚੀ, ਅਰਸ਼ੀ ਅਵਸਥਾ ਤੇ ਮਨੁੱਖ ਤਦ ਹੀ ਅਪੜ ਸਕਦਾ ਹੈ, ਜੇ ਸਿਮਰਨ ਦੀ ਪਉੜੀ ਦਾ ਆਸਰਾ ਲਵੇ, ਮੈਂ-ਮੈਂ ਕਰਨਾ ਛੱਡ ਕੇ, ਤੂੰ-ਤੂੰ ਕਰਦਾ ਹੋਇਆ "ਤੂੰ" ਦਾ ਹੀ ਹੋ ਜਾਵੇ । ਇਸ ਆਪਾ-ਵਾਰਨ ਤੋਂ ਬਿਨਾ, ਸਿਮਰਨ ਵਾਲਾ ਉੱਦਮ ਇਉਂ ਹੀ ਹੈ, ਜਿਵੇਂ ਆਕਾਸ਼ ਦੀਆਂ ਗੱਲਾਂ ਸੁਣ ਕੇ, ਕੀੜੀ ਦੀ ਚਾਲ ਤੁਰਨ ਵਾਲੀਆਂ ਕੀੜੀਆਂ ਨੂੰ ਵੀ ਓਥੇ ਅਪੜਨ ਦਾ ਸ਼ੌਕ ਪੈਦਾ ਹੋ ਜਾਵੇ । ਇਹ ਵੀ ਠੀਕ ਹੈ ਕਿ ਪ੍ਰਭੂ ਦੀ ਰਜ਼ਾ ਨੂੰ ਓਹੀ ਆਪਣੀ ਰਜ਼ਾ ਬਣਾਂਦਾ ਹੈ, ਜਿਸ ਤੇ ਪ੍ਰਭੂ ਦੀ ਮਿਹਰ ਹੋਵੇ। ਅਤੇ ਪ੍ਰਭੂ ਦੀ ਮਿਹਰ ਉਸ ਤੇ ਹੁੰਦੀ ਹੈ, ਜੋ ਗੁਰੂ ਦੇ ਦੱਸੇ ਅਨੁਸਾਰ , ਚੰਦ-ਸੂਰਜ, ਧਰਤੀ-ਆਕਾਸ਼, ਹਵਾ-ਪਾਣੀ-ਅੱਗ ਵਾਙ ਪ੍ਰਭੂ ਦਾ ਸਿਮਰਨ ਕਰੇ, ਨਾ ਕਿ ਗੁਰਦਵਾਰਿਆਂ ਦੀ ਸਟੇਜ ਤੇ,ਢੋਲਕੀਅਂ-ਛੈਣਿਆਂ ਨਾਲ ਵਾਹਿਗੁਰੂ-ਵਾਹਿਗੁਰੂ ਦਾ ਰੱਟਾ ਲਾ ਕੇ ਪੈਸੇ ਇਕੱਠੇ ਕਰੇ।
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥32॥
ਹੇ ਨਾਨਕ ਜੇ ਅਕਾਲ-ਪੁਰਖ, ਮਿਹਰ ਦੀ ਨਦਰ ਕਰੇ, ਤਾਂ ਹੀ ਉਸ ਨੂੰ ਮਿਲੀਦਾ ਹੈ, ਨਹੀਂ ਤਾਂ ਕੂੜੇ ਮਨੁੱਖ ਦੀ ਇਹ,ਆਪਣੇ ਆਪ ਵਲੋਂ ਕੀਤੀ ਹੋਈ, ਝੂਠੀ ਵਡਿਆਈ ਹੀ ਹੈ, ਕਿ ਮੈਂ ਸਿਮਰਨ ਕਰ ਰਿਹਾ ਹਾਂ।
ਅਮਰ ਜੀਤ ਸਿੰਘ ਚੰਦੀ (ਚਲਦਾ)