ਗੁਰਬਾਣੀ ਦੀ ਸਰਲ ਵਿਆਖਿਆ ਭਾਗ(46)
ਆਖਣਿ ਜੋਰੁ ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ ਦੇਣਿ ਨ ਜੋਰੁ ॥
ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥
ਬੋਲਣ ਵਿਚ ਤੇ ਚੁੱਪ ਰਹਣ ਵਿਚ ਵੀ ਸਾਡਾ ਕੋਈ ਆਪਣਾ ਇਖਤਿਆਰ ਨਹੀਂ ਹੈ। ਨਾ ਹੀ ਮੰਗਣ ਵਿਚ ਸਾਡੀ, ਮਨ-ਮਰਜ਼ੀ ਚਲਦੀ ਹੈ, ਅਤੇ ਨਾ ਹੀ ਦੇਣ ਵਿਚ ਸਾਡਾ ਕੋਈ ਜ਼ੋਰ ਚਲਦਾ ਹੈ। ਜੀਵਣ ਵਿਚ ਤੇ ਮਰਨ ਵਿਚ ਵੀ ਸਾਡੀ ਕੋਈ ਸਮਰਥਾ ਕੰਮ ਨਹੀਂ ਆਉਂਦੀ । ਇਸ ਰਾਜ ਅਤੇ ਮਾਲ ਦੇ ਪ੍ਰਾਪਤ ਕਰਨ ਵਿਚ ਵੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ। ਫਿਰ ਇਸ ਰਾਜ ਅਤੇ ਮਾਲ ਦੇ ਕਾਰਨ ਸਾਡੇ ਮਨ ਵਿਚ ਫੂੰ-ਫਾਂ ਕੈਸੀ ?
ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥ ਜੋਰੁ ਨ ਜੁਗਤੀ ਛੁਟੈ ਸੰਸਾਰੁ ॥
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ ਨਾਨਕ ਉਤਮੁ ਨੀਚੁ ਨ ਕੋਇ ॥33॥
ਆਤਮਕ ਚੇਤਨਾ ਵਿਚ, ਗਿਆਨ ਵਿਚ ਅਤੇ ਵਿਚਾਰ ਵਿਚ ਰਹਣ ਦੀ ਵੀ ਸਾਡੀ ਸਮਰਥਾ ਨਹੀਂ ਹੈ। ਉਸ ਜੁਗਤੀ ਵਿਚ ਰਹਣ ਲਈ ਵੀ ਸਾਡਾ ਇਖਤਿਆਰ ਨਹੀਂ ਹੈ, ਜਿਸ ਕਰ ਕੇ ਜਨਮ-ਮਰਨ ਮੁੱਕ ਜਾਂਦਾ ਹੈ। ਅਕਾਲ-ਪੁਰਖ ਹੀ ਰਚਨਾ ਰਚ ਕੇ, ਉਸ ਦੀ ਹਰ ਤਰਾਂ ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿਚ ਸਮਰਥਾ ਹੈ।
ਹੇ ਨਾਨਕ ਆਪਣੇ ਆਪ ਵਿਚ ਨਾ ਕੋਈ ਮਨੁੱਖ ਉੱਤਮ ਹੈ, ਅਤੇ ਨਾ ਹੀ ਕੋਈ ਨੀਚ ਹੈ, ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਣ ਵਾਲਾ, ਉਹ ਪਰਮਾਤਮਾ ਆਪ ਹੀ ਹੈ। ਜੇ ਸਿਮਰਨ ਦੀ ਬਰਕਤ ਨਾਲ ਇਹ ਨਿਸਚਾ ਬਣ ਜਾਏ, ਤਾਂ ਹੀ ਹਰੀ ਨਾਲੋਂ ਜੀਵ ਦੀ ਵਿੱਥ ਦੂਰ ਹੁੰਦੀ ਹੈ। ਭਲੇ ਪਾਸੇ ਤੁਰਨਾ ਜਾਂ ਕੁਰਾਹੇ ਪੈ ਜਾਣਾ, ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ, ਜਿਸ ਪ੍ਰਭੂ ਨੇ ਪੈਦਾ ਕੀਤੇ ਹਨ, ਓਹੀ ਇਨ੍ਹਾਂ ਪੁਤਲੀਆਂ ਨੂੰ ਨਚਾ ਰਿਹਾ ਹੈ। ਜੇ ਕੋਈ ਜੀਵ, ਪ੍ਰਭੂ ਦੀ ਸਿਫਤ-ਸਾਲਾਹ ਕਰ ਰਿਹਾ ਹੈ, ਤਾਂ ਇਹ ਪ੍ਰਭੂ ਦੀ ਆਪਣੀ ਮਿਹਰ ਹੈ, ਜੇ ਕੋਈ ਇਸ ਪਾਸੇ ਵਲੋਂ ਖੁੰਝਾ ਪਿਆ ਹੈ, ਤਾਂ ਭੀ ਇਹ ਮਾਲਕ ਦੀ ਰਜ਼ਾ ਹੈ। ਜੇ ਅਸੀਂ ਉਸ ਦੇ ਦਰ ਤੋਂ ਦਾਤਾਂ ਮੰਗਦੇ ਹਾਂ, ਤਾਂ ਇਹ ਪ੍ਰੇਰਨਾ ਕਰਨ ਵਾਲਾ ਵੀ ਉਹ ਆਪ ਹੀ ਹੈ, ਤੇ ਫਿਰ ਦਾਤਾਂ ਦੇਂਦਾ ਵੀ ਉਹ ਆਪ ਹੀ ਹੈ। ਜੇ ਕੋਈ ਜੀਵ ਰਾਜ ਤੇ ਧਨ ਦੇ ਮਦ ਵਿਚ ਮਸਤਿਆ ਪਿਆ ਹੈ, ਇਹ ਵੀ ਪ੍ਰਭੂ ਦੀ ਹੀ ਰਜ਼ਾ ਹੈ। ਜੇ ਕਿਸੇ ਦੀ ਸੁਰਤ ਪ੍ਰਭੂ ਦੇ ਚਰਨਾਂ ਵਿਚ ਹੈ, ਤੇ ਜੀਵਨ-ਜੁਗਤ ਸੁਥਰੀ ਹੈ, ਤਾਂ ਇਹ ਮਿਹਰ ਪ੍ਰਭੂ ਦੀ ਹੀ ਹੈ।33।
ਅਮਰ ਜੀਤ ਸਿੰਘ ਚੰਦੀ (ਚਲਦਾ)