ਗੁਰਬਾਣੀ ਦੀ ਸਰਲ ਵਿਆਖਿਆ ਭਾਗ(48)
ਧਰਮ ਖੰਡ ਕਾ ਏਹੋ ਧਰਮੁ ॥ ਗਿਆਨ ਖੰਡ ਕਾ ਆਖਹੁ ਕਰਮੁ ॥
ਧਰਮ ਖੰਡ ਦਾ ਇਹੀ ਕੰਮ ਹੈ, ਜੋ 34ਵੀਂ ਪਉੜੀ ਵਿਚ ਦੱਸਿਆ ਹੈ। ਹੁਣ ਅਗਲੀਆਂ ਤੁਕਾਂ ਵਿਚ ਗਿਆਨ ਖੰਡ ਕਾ ਕੰਮ ਵੀ ਸਮਝ ਲਵੋ।
ਨੋਟ:- ਗੁਰੂ ਜੀ 34ਵੀਂ ਤੋਂ 37ਵੀਂ ਪਉੜੀ ਵਿਚ ਮਨੁੱਖ ਦੀ ਆਤਮਕ ਅਵਸਥਾ ਦੇ ਪੰਜ ਹਿੱਸੇ ਕਰਦੇ ਹਨ,
ਧਰਮ ਖੰਡ - ਗਿਆਨ ਖੰਡ - ਸਰਮ ਖੰਡ - ਕਰਮ ਖੰਡ ਅਤੇ ਸੱਚ ਖੰਡ ॥
ਇਨ੍ਹਾਂ ਚਾਰ ਪਉੜੀਆਂ ਵਿਚ ਇਹ ਜ਼ਿਕਰ ਹੈ ਕਿ ਪ੍ਰਭੂ ਦੀ ਮਿਹਰ ਨਾਲ ਮਨੁੱਖ, ਸਾਧਾਰਨ ਹਾਲਤ ਤੋਂ ਉੱਚਾ ਹੋ ਹੋ ਕੇ ਕਿਵੇਂ ਪ੍ਰਭੂ ਨਾਲ ਇਕ ਮਿਕ ਹੋ ਜਾਂਦਾ ਹੈ ? ਪਹਿਲਾਂ ਮਨੁੱਖ ਦੁਨੀਆਂ ਦੇ ਵਿਸ਼ੇ ਵਿਕਾਰਾਂ ਵਲੋਂ ਪਰਤ ਕੇ 'ਆਤਮਾ ' ਵੱਲ ਝਾਤੀ ਮਾਰਦਾ ਹੈ, ਤੇ ਇਹ ਸੋਚਦਾ ਹੈ ਕਿ ਮੇਰੇ ਜੀਵਨ ਦਾ ਕੀ ਮਕਸਦ ਹੈ, ਮੈਂ ਸੰਸਾਰ ਵਿਚ ਕਿਉਂ ਆਇਆ ਹਾਂ ? ਮੇਰਾ ਕੀ ਫਰਜ਼ ਹੈ ? ਇਸ ਅਵਸਥਾ ਵਿਚ ਮਨੁੱਖ ਇਹ ਵਿਚਾਰਦਾ ਹੈ ਕਿ ਇਸ ਧਰਤੀ ਉੱਤੇ ਜੀਵ ਧਰਮ ਕਮਾਉਣ ਲਈ ਆਏ ਹਨ, ਅਕਾਲ-ਪੁਰਖ ਦੇ ਦਰ ਤੇ ਜੀਵਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਨਬੇੜਾ ਹੁੰਦਾ ਹੈ। ਜਿਨ੍ਹਾਂ ਗੁਰਮੁਖਾਂ ਉੱਤੇ, ਅਕਾਲ-ਪੁਰਖ ਦੀ ਬਖਸ਼ਿਸ਼ ਹੁੰਦੀ ਹੈ, ਉਹ ਉਸ ਦੀ ਹਜ਼ੂਰੀ ਵਿਚ ਸੋਭਦੇ ਹਨ। ਏਥੇ ਦੁਨੀਆ ਵਿਚ ਆਦਰ ਜਾਂ ਨਿਰਾਦਰੀ, ਕੋਈ ਮੁੱਲ ਨਹੀਂ ਰੱਖਦੇ, ਉਹੀ ਆਦਰ ਵਾਲੇ ਹਨ, ਜੋ ਅਕਾਲ-ਪੁਰਖ ਦੇ ਦਰ ਤੇ ਪ੍ਰਵਾਨ ਹਨ।
ਜਿਉਂ ਜਿਉਂ ਮਨੁੱਖ ਦੀ ਸੁਰਤ, ਇਹੋ ਜਿਹੇ ਖਿਆਲਾਂ ਨਾਲ ਜੁੜਦੀ ਹੈ, ਤਿਉਂ ਤਿਉਂ ਉਸ ਦੇ ਅੰਦਰੋਂ ਸਵਾਰਥਦੀ ਗੰਢ ਖੁਲ੍ਹਦੀ ਜਾਂਦੀ ਹੈ। ਮਨੁੱਖ ਪਹਿਲਾਂ, ਮਾਇਆ ਵਿਚ ਮਸਤ ਰਹਣ ਕਾਰਨ ਆਪਣੇ ਆਪ ਨੂੰ, ਜਾਂ ਆਪਣੇ ਪਰਿਵਾਰ ਨੂੰ ਹੀ ਆਪਣਾ ਸਮਝਦਾ ਸੀ ਤੇ ਇਨ੍ਹਾਂ ਤੋਂ ਪਰੇ ਕਿਸੇ ਹੋਰ ਵਿਚਾਰ ਵਿਚ ਨਹੀਂ ਪੈਂਦਾ ਸੀ, ਹੁਣ ਆਪਣਾ ਧਰਮ ਸਮਝਣ ਤੇ ਆਪਣੀ ਵਾਕਫੀਅਤ ਵਧਾਣ ਦਾ ਯਤਨ ਕਰਦਾ ਹੈ। ਵਿਦਿਆ ਤੇ ਵਿਚਾਰ ਦੇ ਬਲ ਨਾਲ ਅਕਾਲ-ਪੁਰਖ ਦੀ ਬੇਅੰਤ ਕੁਦਰਤ ਦਾ ਨਕਸ਼ਾ, ਅੱਖਾਂ ਅੱਗੇ ਲਿਆਉਣ ਲਗ ਪੈਂਦਾ ਹੈ। ਗਿਆਨ ਦੀ ਹਨੇਰੀ ਆ ਜਾਂਦੀ ਹੈ, ਜਿਸ ਦੇ ਅੱਗੇ ਸਾਰੇ ਵਹਮ-ਭਰਮ ਉੱਡ ਜਾਂਦੇ ਹਨ। ਜਿਉਂ ਜਿਉਂ ਅੰਦਰ ਵਿਦਿਆ ਦੁਆਰਾ ਸਮਝ ਵਧਦੀ ਹੈ, ਤਿਉਂ ਤਿਉਂ ਉਹ ਆਨੰਦ ਮਿਲਦਾ ਹੈ, ਜੋ ਪਹਿਲਾਂ ਮਾਇਆ ਦੇ ਪਦਾਰਥਾਂ ਵਿਚ ਨਹੀਂ ਮਿਲਦਾ ਸੀ, ਆਤਮਕ ਪੈਂਡੇ ਵਿਚ ਇਸ ਅਵਸਥਾ ਦਾ ਨਾਮ 'ਗਿਆਨ-ਖੰਡ' ਹੈ।
ਪਰ ਇਸ ਰਾਹੇ ਪੈ ਕੇ ਮਨੁੱਖ ਏਥੇ ਹੀ ਬਸ ਨਹੀਂ ਕਰ ਦੇਂਦਾ। ਬਾਣੀ ਦੀ ਵਿਚਾਰ ਉਸ ਨੂੰ ਉੱਦਮ ਵੱਲ ਪ੍ਰੇਰਦੀ ਹੈ। ਨਿਰਾ ਅਕਲ ਨਾਲ ਸਮਝ ਲੈਣਾ ਕਾਫੀ ਨਹੀੰ । ਮਨ ਦਾ ਪਹਿਲਾ ਸੁਭਾਉ, ਪਹਿਲੀਆਂ ਭੈੜੀਆਂ ਵਾਦੀਆਂ ਨਿਰੀ ਸਮਝ ਨਾਲ ਨਹੀਂ ਹਟ ਸਕਦੀਆਂ । ਇਸ ਪਹਿਲੀ ਘਾੜਤ ਨੂੰ, ਇਨ੍ਹਾਂ ਪਹਿਲੇ ਸੰਸਕਾਰਾਂ ਨੂੰ ਤੋੜ ਕੇ, ਅੰਦਰ ਨਵੀਂ ਘਾੜਤ ਘੜਨੀ ਹੈ, ਅੰਦਰ ਉੱਚੀ ਸੁਰਤ ਵਾਲੇ ਸੰਸਕਾਰ ਜਮਾਣੇ ਹਨ । ਤੜਕੇ ਜਾਗਣਾ ਆਦਿਕ-ਇਹ ਮਿਹਨਤ ਕਰਨੀ ਹੈ। ਗਿਆਨ ਖੰਡ ਵਿਚ ਅਪੜਿਆ ਹੋਇਆ ਮਨੁੱਖ, ਜਿਉਂ ਜਿਉਂ ਇਹ ਮਿਹਨਤ ਕਰਦਾ ਹੈ, ਜਿਉੰ ਜਿਉਂ ਗੁਰਮਤਿ ਵਾਲੀ ਨਵੀਂ ਘਾਲ ਘਾਲਦਾ ਹੈ, ਤਿਉਂ ਤਿਉਂ ਉਹਦੇ ਮਨ ਨੂੰ ਮਾਨੋ, ਸੋਹਣਾ ਰੂਪ ਚੜ੍ਹਦਾ ਹੈ, ਕਾਇਆ ਕੰਚਨ ਵਰਗੀ ਹੋਣ ਲੱਗ ਪੈਂਦੀ ਹੈ, ਦਿਨ ਦੁਗਣਾ-ਰਾਤ ਚੌਗੁਣਾ ਸੁਹੱਪਣ ਚੜ੍ਹਨ ਲੱਗ ਜਾਂਦਾ ਹੈ। ਉੱਚੀ ਸੁਰਤ ਅਤੇ ਉੱਚੀ ਅਕਲ ਹੋ ਜਾਂਦੀ ਹੈ, ਮਨ ਵੀ ਜਾਗ ਜਾਂਦਾ ਹੈ। ਮਨੁੱਖ ਨੂੰ ਚੰਗੇ ਪੁਰਸ਼ਾਂ ਅਤੇ ਸਿੱਧਾਂ ਵਾਲੀ ਸੋਝੀ ਹੋ ਜਾਂਦੀ ਹੈ, 'ਇਹ ਸਰਮ-ਖੰਡ' ਹੈ।
ਬਸ ਫੇਰ ਕੀ ਹੈ, ਮਾਲਕ ਦੀ ਮਿਹਰ ਹੋ ਜਾਂਦੀ ਹੈ । ਅੰਦਰ ਅਕਾਲ-ਪੁਰਖ, ਬਲ ਭਰ ਦਿੰਦਾ ਹੈ । ਆਤਮਾ ਵਿਕਾਰਾਂ ਪ੍ਰਤੀ ਡੋਲਦਾ ਨਹੀਂ ਹੈ। ਬਾਹਰ ਭੀ ਸਭ ਥਾਈਂ, ਸਿਰਜਣਹਾਰ ਹੀ ਦਿਸਦਾ ਹੈ। ਮਨ ਸਦਾ ਅਕਾਲ-ਪੁਰਖ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ। ਉਨ੍ਹਾਂ ਨੂੰ ਫੇਰ ਜੰਮਣ-ਮਰਨ ਦਾ ਡਰ ਕਾਹਦਾ ? ਉਨ੍ਹਾਂ ਦੇ ਮਨ ਵਿਚ ਸਦਾ ਖਿੜਾਉ ਹੀ ਖਿੜਾਉ ਰਹਿੰਦਾ ਹੈ, ਇਹ 'ਕਰਮ-ਖੰਡ' ਹੈ।
ਅਕਾਲ-ਪੁਰਖ ਦੀ ਮਿਹਰ ਦੇ ਪਾਤਰ ਬਣ ਕੇ ਆਖਰ ਪੰਜਵੇਂ ਖੰਡ (ਸੱਚ-ਖੰਡ) ਵਿਚ ਪਹੁੰਚ ਕੇ, ਅਕਾਲ-ਪੁਰਖ ਨਾਲ ਇਕ-ਮਿਕ ਹੋ ਜਾਂਦੇ ਹਨ। ਧੁਰਿ ਉਸ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚ ਜਾਂਦੇ ਹਨ, ਜੋ ਸਭ ਦੀ ਪਾਲਣਾ ਕਰ ਰਿਹਾ ਹੈ ਅਤੇ ਜਿਸ ਦਾ ਹੁਕਮ ਸਭ ਥਾਂ ਵਰਤ ਰਿਹਾ ਹੈ।
ਅਮਰ ਜੀਤ ਸਿੰਘ ਚੰਦੀ (ਚਲਦਾ)