ਗੁਰਬਾਣੀ ਦੀ ਸਰਲ ਵਿਆਖਿਆ ਭਾਗ(49)
ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥
ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥
ਅਕਾਲ-ਪੁਰਖ ਦੀ ਰਚਨਾ ਵਿਚ ਕਈ ਤਰਾਂ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ। ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ (ਪਹਿਰਾਵੇ) ਹਨ।
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥
ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥
ਅਕਾਲ-ਪੁਰਖ ਦੀ ਕੁਦਰਤ ਵਿਚ, ਧਰਮ ਕਮਾਉਣ ਵਾਲੀਆਂ ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧਰੂ ਭਗਤ ਤੇ ਉਨ੍ਹਾਂ ਦੇ ਉਪਦੇਸ਼ ਹਨ। ਬੇਅੰਤ ਇੰਦਰ ਦੇਵਤੇ, ਚੰਦਰਮਾ, ਬੇਅੰਤ ਸੂਰਜ ਅਤੇ ਦੇਸਾਂ ਦੇ ਬੇਅੰਤ ਸਮੂਹ ਹਨ । ਬੇਅੰਤ ਸਿੱਧ ਹਨ, ਬੇਅੰਤ ਬੁੱਧ ਵਰਗੇ ਅਵਤਾਰ ਹਨ, ਬੇਅੰਤ ਗੋਰਖ ਵਰਗੇ ਨਾਥ ਹਨ, ਬੇਅੰਤ ਦੇਵੀਆਂ ਹਨ ਅਤੇ ਉਨ੍ਹਾਂ ਦੇ ਬੇਅੰਤ ਢੰਗ ਦੇ ਪਹਿਰਾਵੇ ਹਨ।
ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥
ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥35॥
ਅਕਾਲ-ਪੁਰਖ ਦੀ ਰਚਨਾ ਵਿਚ ਬੇਅੰਤ ਦੇਵਤੇ ਅਤੇ ਦੈਂਤ (ਰਾਕਸ਼) ਹਨ ਅਤੇ ਬੇਅੰਤ ਮੁਨੀ (ਰਿਸ਼ੀ) ਹਨ, ਬੇਅੰਤ ਢੰਗ ਦੇ ਰਤਨ (ਹੀਰੇ-ਜਵਾਹਰਾਤ) ਅਤੇ ਸਮੁੰਦਰ ਹਨ। ਜੀਵ ਰਚਨਾ ਦੀਆਂ ਬੇਅੰਤ ਖਾਣੀਆਂ ਹਨ , ਜੀਵਾਂ ਦੀਆਂ ਬਾਣੀਆਂ (ਬੋਲੀਆਂ) ਵੀ ਬੇਅੰਤ ਹਨ, ਬੇਅੰਤ ਪਾਤਸ਼ਾਹ ਅਤੇ ਰਾਜੇ ਹਨ, ਬੇਅੰਤ ਪਰਕਾਰ ਦੇ ਧਿਆਨ ਹਨ, ਜਿਨ੍ਹਾਂ ਦੁਆਰਾ ਜੀਵ ਮਨ ਨੂੰ ਅਲੱਗ ਅਲੱਗ ਪਾਸਿਆਂ ਵੱਲ ਜੋੜਦੇ ਹਨ। ਬੇਅੰਤ ਸੇਵਕ ਹਨ, ਜੋ ਅਲੱਗ ਅਲੱਗ ਢੰਗ ਦੀ ਸੇਵਾ ਕਰਦੇ ਹਨ। ਹੇ ਨਾਨਕ, ਕਿਸੇ ਚੀਜ਼ ਦਾ ਵੀ ਕੋਈ ਅੰਤ ਨਹੀਂ ਪੈ ਸਕਦਾ।
ਮਨੁੱਖਾ ਜਨਮ ਦੇ ਫਰਜ਼ (ਧਰਮ) ਦੀ ਸਮਝ ਪਿਆਂ, ਮਨੁੱਖ ਦਾ ਮਨ ਬੜਾ ਵਿਸ਼ਾਲ ਹੋ ਜਾਂਦਾ ਹੈ। ਪਹਿਲਾਂ ਇਕ ਨਿੱਕੇ ਜਿਹੇ ਟੱਬਰ ਦੇ ਸਵਾਰਥ ਵਿਚ ਬੱਝਾ ਹੋਇਆ ਇਹ ਜੀਵ ਬਹੁਤ ਤੰਗ-ਦਿਲ ਸੀ । ਹੁਣ ਇਹ ਗਿਆਨ ਹੋ ਜਾਂਦਾ ਹੈ ਕਿ ਬੇਅੰਤ ਪ੍ਰਭੂ ਦਾ ਪੈਦਾ ਕੀਤਾ ਹੋਇਆ ਇਹ ਬੇਅੰਤ ਜਗਤ, ਇਕ ਬੇਅੰਤ ਵੱਡਾ ਟੱਬਰ ਹੈ, ਜਿਸ ਵਿਚ ਬੇਅੰਤ ਕ੍ਰਿਸ਼ਨ , ਬੇਅੰਤ ਵਿਸ਼ਨੂੰ , ਬੇਅੰਤ ਬ੍ਰਹਮੇ , ਬੇਅੰਤ ਧਰਤੀਆਂ ਹਨ। ਇਸ ਗਿਆਨ ਦੀ ਬਰਕਤ ਨਾਲ ਤੰਗ-ਦਿਲੀ ਹਟ ਕੇ ਇਸ ਦੇ ਅੰਦਰ, ਜਗਤ ਪਿਆਰ ਦੀ ਲਹਿਰ ਚਲ ਕੇ ਖੁਸ਼ੀ ਹੀ ਖੁਸ਼ੀ ਬਣੀ ਰਹਿੰਦੀ ਹੈ।35।
ਅਮਰ ਜੀਤ ਸਿੰਘ ਚੰਦੀ (ਚਲਦਾ)