ਗੁਰਬਾਣੀ ਦੀ ਸਰਲ ਵਿਆਖਿਆ ਭਾਗ(50)
ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥
ਤਿਥੈ ਨਾਦ ਬਿਨੋਦ ਕੋਡ ਅਨੰਦੁ ॥
ਗਿਆਨ-ਖੰਡ ਵਿਚ, ਮਨੁੱਖ ਦੀ ਗਿਆਨ ਅਵਸਥਾ ਵਿਚ, ਗਿਆਨ ਹੀ ਬਲਵਾਨ ਹੁੰਦਾ ਹੈ। ਇਸ ਅਵਸਥਾ ਵਿਚ ਮਾਨੋ ਸਭ ਰਾਗਾਂ, ਤਮਾਸ਼ਿਆਂ ਤੇ ਕੌਤਕਾਂ ਦਾ ਸਵਾਦ ਆ ਜਾਂਦਾ ਹੈ।
ਸਰਮ ਖੰਡ ਕੀ ਬਾਣੀ ਰੂਪੁ ॥
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥
ਉੱਦਮ ਅਵਸਥਾ ਦੀ ਬਨਾਵਟ, ਸੁੰਦਰਤਾ ਹੈ, ਇਸ ਅਵਸਥਾ ਵਿਚ ਆ ਕੇ ਮਨ, ਦਿਨੋ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ। ਇਸ ਅਵਸਥਾ ਵਿਚ ਨਵੀਂ ਘਾੜਤ ਦੇ ਕਾਰਨ, ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ।
ਤਾ ਕੀਆ ਗਲਾ ਕਥੀਆ ਨਾ ਜਾਹਿ ॥
ਜੇ ਕੋ ਕਹੈ ਪਿਛੈ ਪਛੁਤਾਇ ॥
ਉਸ ਅਵਸਥਾ ਦੀਆਂ ਗੱਲਾਂ, ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋਈ ਮਨੁੱਖ ਬਿਆਨ ਕਰਦਾ ਹੈ ਤਾਂ ਪਿੱਛੋਂ ਪਛਤਾਉਂਦਾ ਹੈ, ਕਿਉਿਂਕਿ ਉਹ ਬਿਆਨ ਕਰਨ ਤੋਂ ਅਸਮਰੱਥ ਰਹਿੰਦਾ ਹੈ।
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥
ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥36॥
ਉਸ ਮਿਹਨਤ ਵਾਲੀ ਅਵਸਥਾ ਵਿਚ, ਮਨੁੱਖ ਦੀ ਸੁਰਤ ਤੇ ਮੱਤ ਘੜੀ ਜਾਂਦੀ ਹੈ, ਮੱਤ ਤੇ ਸੁਰਤ ਉੱਚੀ ਹੋ ਜਾਂਦੀ ਹੈ, ਅਤੇ ਮਨ ਵਿਚ ਜਾਗ੍ਰਤੀ ਪੈਦਾ ਹੋ ਜਾਂਦੀ ਹੈ। ਸਰਮ-ਖੰਡ ਵਿਚ ਮਨੁੱਖ ਦੀ ਅਕਲ, ਭਲੇ ਪੁਰਸ਼ਾਂ ਅਤੇ ਸਿੱਧ ਪੁਰਸ਼ਾਂ ਵਾਲੀ ਹੋ ਜਾਂਦੀ ਹੈ।
ਗਿਆਨ ਵਾਲੀ ਅਵਸਥਾ ਦੀ ਬਰਕਤ ਨਾਲ ਜਿਉਂ ਜਿਉਂ ਸਾਰਾ ਜਗਤ ਇਕ ਸਾਂਝਾ ਟੱਬਰ ਦਿਸਦਾ ਹੈ, ਜੀਵ ਖਲਕਤ ਦੀ ਸੇਵਾ ਦੀ ਮਿਹਨਤ (ਸਰਮ) ਸਿਰ ਤੇ ਚੁੱਕਦਾ ਹੈ, ਮਨ ਦੀ ਪਹਿਲੀ ਤੰਗ-ਦਿਲੀ ਹਟ ਕੇ ਵਿਸ਼ਾਲਤਾ ਤੇ ਉਦਾਰਤਾ ਦੀ ਘਾੜਤ ਵਿਚ ਮਨ ਨਵੇਂ ਸਿਰੇ ਤੋਂ ਘੜਿਆ ਜਾਂਦਾ ਹੈ, ਮਨ ਵਿਚ ਇਕ ਨਵੀਂ ਜਾਗ੍ਰਤੀ ਆਉਂਦੀ ਹੈ, ਸੁਰਤ ਹੋਰ ਉੱਚੀ ਹੋਣ ਲੱਗ ਪੈਂਦੀ ਹੈ।36।
ਅਮਰ ਜੀਤ ਸਿੰਘ ਚੰਦੀ (ਚਲਦਾ)