ਗੁਰਬਾਣੀ ਦੀ ਸਰਲ ਵਿਆਖਿਆ ਭਾਗ(51)
ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ ॥
ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥
ਬਖਸ਼ਿਸ਼ ਵਾਲੀ ਅਵਸਥਾ ਦੀ ਬਨਾਵਟ 'ਬਲ' ਹੈ, ਯਾਨੀ ਜਦੋਂ ਮਨੁੱਖ ਉੱਤੇ ਅਕਾਲ-ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਵਿਸ਼ੇ-ਵਿਕਾਰ ਉਸ ਦੇ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ, ਕਿਉਂ ਜੋ ਉਸ ਅਵਸਥਾ ਵਿਚ, ਮਨੁੱਖ ਦੇ ਅੰਦਰ ਅਕਾਲ-ਪੁਰਖ ਤੋਂ ਬਿਨਾ, ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ। ਉਸ ਅਵਸਥਾ ਵਿਚ, ਜੋ ਮਨੁੱਖ ਹਨ, ਉਹ ਯੋਧੇ ਮਹਾਂਬਲੀ ਤੇ ਸੂਰਮੇ ਹਨ। ਉਨ੍ਹਾਂ ਦੇ ਰੋਮ ਰੋਮ ਵਿਚ ਅਕਾਲ-ਪੁਰਖ ਵੱਸ ਰਿਹਾ ਹੈ।
ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਥਨੇ ਜਾਹਿ ॥
ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥
ਬਖਸ਼ਿਸ਼ ਵਾਲੀ ਅਵਸਥਾਂ ਵਿਚ ਅੱਪੜੇ ਹੋੇਏ ਮਨੁੱਖਾਂ ਦਾ ਮਨ ਨਰੋਲ ਅਕਾਲ-ਪੁਰਖ ਦੀ ਵਡਿਆਈ ਵਿਚ ਪਰੋਆਿ ਰਹਿੰਦਾ ਹੈ, ਉਨ੍ਹਾਂ ਦੇ ਸਰੀਰ ਅਜਿਹੇ ਸੋਨੇ ਵਰਗੇ ਹੋ ਜਾਂਦੇ ਹਨ ਕਿ ਉਨ੍ਹਾਂ ਦੇ ਸੋਹਣੇ ਰੂਪ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਉਨ੍ਹਾਂ ਦੇ ਮੂੰਹ ਉੱਤੇ, ਨੂਰ ਹੀ ਨੂਰ ਲਿਸ਼ਕਦਾ ਹੈ। ਇਸ ਅਵਸਥਾ ਵਿਚ ਜਿਨ੍ਹਾਂ ਦੇ ਮਨ ਵਿਚ ਅਕਾਲ-ਪੁਰਖ ਵਸਦਾ ਹੈ, ਉਹ ਆਤਮਕ ਮੌਤ ਨਹੀਂ ਮਰਦੇ, ਤੇ ਮਾਇਆ ਉਨ੍ਹਾਂ ਨੂੰ ਠੱਗ ਨਹੀਂ ਸਕਦੀ।
ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ ਸਚਾ ਮਨਿ ਸੋਇ ॥
ਉਸ ਅਵਸਥਾ ਵਿਚ ਕਈ ਭਵਣਾਂ ਦੇ ਭਗਤ-ਜਨ ਵਸਦੇ ਹਨ, ਜੋ ਸਦਾ ਖਿੜੇ ਰਹਿੰਦੇ ਹਨ, ਕਿਉਂਕਿ ਉਹ ਸੱਚਾ ਅਕਾਲ-ਪੁਰਖ, ਉਨ੍ਹਾਂ ਦੇ ਮਨ ਵਿਚ ਮੌਜੂਦ ਹੈ।
ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥
ਸੱਚ-ਖੰਡ ਵਿਚ, (ਅਕਾਲ-ਪੁਰਖ ਨਾਲ ਇਕ ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਦੇ ਅੰਦਰ, ਉਹ ਅਕਾਲ-ਪੁਰਖ ਆਪ ਹੀ ਵਸਦਾ ਹੈ, ਜੋ ਸ੍ਰਿਸ਼ਟੀ ਨੂੰ ਰਚ ਰਚ ਕੇ ਮਿਹਰ ਦੀ ਨਜ਼ਰ ਨਾਲ, ਉਸ ਦੀ ਸੰਭਾਲ ਕਰਦਾ ਹੈ।
ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥
ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥
ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥37॥
ਉਸ, ਅਕਾਲ-ਪੁਰਖ ਨਾਲ ਇਕ-ਰੂਪ ਹੋਣ ਵਾਲੀ ਅਵਸਥਾ ਵਿਚ, ਮਨੁੱਖ ਨੂੰ ਬੇਅੰਤ ਖੰਡ, ਮੰਡਲ ਅਤੇ ਬ੍ਰਹਮੰਡ ਦਿਸਦੇ ਹਨ, ਇਤਨੇ ਬੇਅੰਤ ਕਿ, ਜੇ ਕੋਈ ਮਨੁੱਖ, ਉਨ੍ਹਾਂ ਬਾਰੇ ਦੱਸਣ ਲੱਗੇ ਤਾਂ, ਉਨ੍ਹਾਂ ਦਾ ਕਥਨ ਨਹੀਂ ਹੋ ਸਕਦਾ। ਉਸ ਅਵਸਥਾ ਵਿਚ
ਬੇਅੰਤ ਭਵਣ ਅਤੇ ਆਕਾਰ ਦਿਸਦੇ ਹਨ, ਜਿਨ੍ਹਾਂ ਸਭਨਾਂ ਵਿਚ ਓਸੇ ਤਰ੍ਹਾਂ ਕਾਰ ਚੱਲ ਰਹੀ ਹੈ, ਜਿਵੇਂ ਅਕਾਲ-ਪੁਰਖ ਦਾ ਹੁਕਮ ਹੁੰਦਾ ਹੈ। ਭਾਵ ਇਸ ਅਵਸਥਾ ਵਿਚ ਅੱਪੜ ਕੇ, ਮਨੁੱਖ ਨੂੰ ਹਰ ਥਾਂ ਅਕਾਲ-ਪੁਰਖ ਦੀ ਰਜ਼ਾ ਵਰਤਦੀ ਦਿਸਦੀ ਹੈ। ਉਸ ਨੂੰ ਪ੍ਰਤੱਖ ਦਿਸਦਾ ਹੈ ਕਿ ਅਕਾਲ-ਪੁਰਖ ਵਿਚਾਰ ਕਰ ਕੇ, ਸਭ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ। ਹੇ ਨਾਨਕ ਇਸ ਅਵਸਥਾ ਦਾ ਕਥਨ ਕਰਨਾ, ਬਹੁਤ ਹੀ ਔਖਾ ਹੈ, ਇਹ ਅਵਸਥਾ ਬਿਆਨ ਨਹੀਂ ਹੋ ਸਕਦੀ। ਸਿਰਫ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ।37।
ਪਰਮਾਤਮਾ ਨਾਲ ਇਕ ਰੂਪ ਹੋ ਜਾਣ ਵਾਲੀ ਆਤਮਕ ਅਵਸਥਾਂ ਵਿਚ ਅਪੜੇ ਜੀਵ ਉੱਤੇ ਪਰਮਾਤਮਾ ਦੀ ਬਖਸ਼ਿਸ਼ ਦਾ ਦਰਵਾਜ਼ਾ ਖੁੱਲਦਾ ਹੈ, ਉਸ ਨੂੰ ਸਭ ਆਪਣੇ ਹੀ ਆਪਣੇ ਲਗਦੇ ਹਨ, ਹਰ ਪਾਸੇ ਪ੍ਰਭੂ ਹੀ ਨਜ਼ਰੀਂ ਆਉਂਦਾ ਹੈ। ਅਜਿਹੇ ਮਨੁੱਖ ਦੀ ਸੁਰਤ
ਸਦਾ ਪ੍ਰਭੂ ਦੀ ਸਿਫਤ-ਸਾਲਾਹ ਵਿਚ ਜੁੜੀ ਰਹਿੰਦੀ ਹੈ, ਹੁਣ ਮਾਇਆ ਉਸ ਨੂੰ ਠੱਗ ਨਹੀਂ ਸਕਦੀ, ਆਤਮਾ ਬਲਵਾਨ ਹੋ ਜਾਂਦਾ ਹੈ, ਪ੍ਰਭੂ ਨਾਲੋਂ ਵਿੱਥ ਨਹੀਂ ਪੈ ਸਕਦੀ। ਹੁਣ ਉਸ ਨੁੰ ਪਰਤੱਖ ਜਾਪਦਾ ਹੈ ਕਿ ਬੇਅੰਤ ਕੁਦਰਤ ਰਚ ਕੇ ਪ੍ਰਭੂ ਸਭ ਨੂੰ ਆਪਣੀ ਰਜ਼ਾ
ਵਿਚ ਤੋਰ ਰਿਹਾ ਹੇ, ਤੇ ਸਭ ਉਤੇ ਮਿਹਰ ਦੀ ਨਜ਼ਰ ਕਰ ਰਿਹਾ ਹੈ।37।
ਅਮਰ ਜੀਤ ਸਿੰਘ ਚੰਦੀ (ਚਲਦਾ)