ਗੁਰਬਾਣੀ ਦੀ ਸਰਲ ਵਿਆਖਿਆ ਭਾਗ(55)
ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥
ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥
ਹੇ ਨਿਰੰਕਾਰ, ਤੇਰੇ ਪੈਦਾ ਕੀਤੇ ਹੋਏ ਰਤਨ, ਅਠਾਹਟ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ। ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫਤ ਕਰ ਰਹੇ ਹਨ, ਚੌਹਾਂ ਹੀ ਖਾਣੀਆਂ ਦੇ ਜੀਵ ਜੰਤ ਤੈਨੂੰ ਗਾ ਰਹੇ ਹਨ। ਸਾਰੀ ਸ੍ਰਿਸ਼ਟੀ ਅਤੇ ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ ਜੋ ਤੂੰ ਪੈਦਾ ਕਰ ਕੇ ਟਿਕਾ ਰੱਖੇ ਹਨ, ਤੈਨੂੰ ਗਾਉਂਦੇ ਹਨ।
ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥
ਹੇ ਪ੍ਰਭੂ, ਅਸਲ ਵਿਚ ਤਾਂ ਉਹ ਤੇਰੇ ਪਿਆਰ ਵਿਚ ਰੱਤੇ, ਰਸੀਏ ਭਗਤ ਜਨ, ਤੈਨੂੰ ਗਾਉਂਦੇ ਹਨ, (ਉਨ੍ਹਾਂ ਦਾ ਗਾਉਣਾ ਸਫਲ ਹੈ) ਜੋ ਤੈਨੂੰ ਚੰਗੇ ਲਗਦੇ ਹਨ। ਅਨੇਕਾਂ ਹੋਰ ਜੀਵ, ਤੈਨੂੰ ਗਾ ਰਹੇ ਹਨ, ਜੇਹੜੇ ਮੈਥੋਂ ਗਿਣੇ ਵੀ ਨਹੀਂ ਜਾ ਸਕਦੇ। ਭਲਾ, ਵਿਚਾਰਾ ਨਾਨਕ, ਇਸ ਬਾਰੇ ਕੀ ਵਿਚਾਰ ਕਰ ਸਕਦਾ ਹੈ ?
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
ਜਿਸ ਅਕਾਲ-ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ, ਨਾ ਉਹ ਜੰਮਿਆ ਹੈ, ਤੇ ਨਾ ਹੀ ਉਹ ਮਰੇਗਾ। ਉਹ ਅਕਾਲ-ਪੁਰਖ ਸਦਾ ਕਾਇਮ ਰਹਣ ਵਾਲਾ ਹੈ, ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਵੀ ਸਦਾ ਅਟੱਲ ਹੈ।
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥
ਜਿਸ ਅਕਾਲ-ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਣਸਾਂ ਦੀ ਮਾਇਆ ਰਚ ਦਿੱਤੀ ਹੈ, ਉਹ, ਜਿਵੇਂ ਉਸ ਦੀ ਰਜ਼ਾ ਹੈ, ਭਾਵ:- ਜੇਡਾ ਵੱਡਾ ਉਹ ਆਪ ਹੈ, ਓਡੇ ਵੱਡੇ ਜਿਗਰੇ ਨਾਲ. ਜਗਤ ਨੂੰ ਰਚ ਕੇ, ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਵੀ ਕਰ ਰਿਹਾ ਹੈ।
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥
ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥1॥
ਜੋ ਕੁਝ, ਉਸ ਪ੍ਰਭੂ ਨੂੰ ਚੰਗਾ ਲਗਦਾ ਹੈ, ਉਹ ਉਹੀ ਕਰਦਾ ਹੈ। ਕੋਈ ਜੀਵ ਉਸ ਦੇ ਅੱਗੇ ਹੈਂਕੜ ਨਹੀਂ ਵਿਖਾ ਸਕਦਾ, ਉਸ ਨੂੰ ਇਹ ਨਹੀਂ ਆਖ ਸਕਦਾ ਕਿ ਤੂੰ ਇਵੇਂ ਨਹੀਂ, ਇਵੇਂ ਕਰ। ਉਹ ਪ੍ਰਭੂ ਸਾਰੇ ਜਗਤ ਦਾ ਪਾਤਸ਼ਾਹ ਹੈ, ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਹੇ ਨਾਨਕ, ਜੀਵਾਂ ਨੂੰ ਉਸ ਦੀ ਰਜ਼ਾ ਵਿਚ ਰਹਣਾ ਹੀ ਚੰਗਾ ਲਗਦਾ ਹੈ।1।
ਅਮਰ ਜੀਤ ਸਿੰਘ ਚੰਦੀ (ਚਲਦਾ)