ਗੁਰਬਾਣੀ ਦੀ ਸਰਲ ਵਿਆਖਿਆ ਭਾਗ(56)
ਆਸਾ ਮਹਲਾ 1 ॥
ਸੁਣਿ ਵਡਾ ਆਖੈ ਸਭੁ ਕੋਇ ॥ ਕੇਵਡੁ ਵਡਾ ਡੀਠਾ ਹੋਇ ॥
ਕੀਮਤਿ ਪਾਇ ਨ ਕਹਿਆ ਜਾਇ ॥ ਕਹਣੈ ਵਾਲੇ ਤੇਰੇ ਰਹੇ ਸਮਾਇ ॥1॥
ਹਰੇਕ ਜੀਵ, ਹੋਰਨਾ ਕੋਲੋਂ ਸੁਣ ਸੁਣ ਕੇ ਹੀ ਆਖ ਦਿੰਦਾ ਹੈ ਕਿ, ਹੇ ਪ੍ਰਭੂ, ਤੂੰ ਵੱਡਾ ਹੈਂ। ਪਰ ਤੂੰ ਕੇਡਾ ਵੱਡਾ ਹੈਂ ? (ਕਿਤਨਾ ਬੇਅੰਤ ਹੈਂ) ਇਹ ਗੱਲ ਤੈਨੂੰ ਵੇਖਿਆਂ ਹੀ ਦੱਸੀ ਜਾ ਸਕਦੀ ਹੈ। ਤੇਰੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ, ਤੇਰੇ ਸਰੂਪ ਬਾਰੇ ਬਿਆਨ ਨਹੀੰ ਕੀਤਾ ਜਾ ਸਕਦਾ। ਤੇਰੀ ਵਡਿਆਈ ਆਖਣ ਵਾਲੇ ਆਪ ਭੁੱਲ ਕੇ, ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।1।
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥1॥ ਰਹਾਉ ॥
ਹੇ ਮੇਰੇ ਵੱਡੇ ਮਾਲਕ , ਤੂੰ ਮਾਨੋ ਇਕ ਡੂੰਘਾ ਸਮੁੰਦਰ ਹੈਂ, ਤੂੰ ਬੜਾ ਜਿਗਰੇ ਵਾਲਾ ਹੈਂ, ਤੂੰ ਬੇਅੰਤ ਗੁਣਾਂ ਵਾਲਾ ਹੈਂ। ਕੋਈ ਜੀਵ ਵੀ ਨਹੀਂ ਜਾਣਦਾ ਕਿ ਤੇਰਾ ਕਿੰਨਾ ਵੱਡਾ ਵਿਸਥਾਰ ਹੈ।1।ਰਹਾਉ।
ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ ਸਭ ਕੀਮਤਿ ਮਿਲਿ ਕੀਮਤਿ ਪਾਈ ॥
ਗਿਆਨੀ ਧਿਆਨੀ ਗੁਰ ਗੁਰਹਾਈ ॥ ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥2॥
ਤੂੰ ਕੇਡਾ ਵੱਡਾ ਹੈਂ ? ਇਹ ਜਾਨਣ ਲਈ, ਸਮਾਧੀਆਂ ਲਾਣ ਵਾਲੇ, ਕਈ ਵੱਡੇ ਵੱਡੇ ਮਸ਼ਹੂਰ ਜੋਗੀਆਂ ਨੇ, ਧਿਆਨ ਜੋੜਨ ਦੇ ਜਤਨ ਕੀਤੇ , ਮੁੜ ਮੁੜ ਜਤਨ ਕੀਤੇ , ਵਡੇ ਵਡੇ ਪ੍ਰਸਿੱਧ ਸ਼ਾਸਤ੍ਰ-ਵੇਤਾ , ਵਿਦਵਾਨਾਂ ਨੇ ਆਪੋ ਵਿਚ ਇਕ ਦੂਜੇ ਦੀ ਮਦਦ ਲੈ ਕੇ, ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦਾ ਜਤਨ ਕੀਤਾ , ਪਰ ਤੇਰੀ ਵਡਿਆਈ ਦਾ ਇਕ ਤਿਲ ਜਿੰਨਾ ਹਿੱਸਾ ਵੀ, ਦੱਸ ਨਹੀਂ ਸਕੇ।2।
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥ ਸਿਧਾ ਪੁਰਖਾ ਕੀਆ ਵਡਿਆਈਆ ॥
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥ ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥3॥
ਵਿਦਵਾਨ ਕੀ, ਤੇ ਸਿੱਧ ਜੋਗੀ ਕੀ ? ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਨਹੀਂ ਲਾ ਸਕਿਆ, ਪਰ ਵਿਦਵਾਨਾਂ ਦੇ ਸਾਰੇ ਭਲੇ ਕੰਮ, ਸਾਰੇ ਤਪ ਤੇ ਸਾਰੇ ਚੰਗੇ ਗੁਣ, ਸਿੱਧ ਲੋਕਾਂ ਦੀਆਂ ਰਿੱਧੀਆਂ-ਸਿਾੱਧੀਆਂ ਆਦਿ ਵੱਡੇ ਵੱਡੇ ਕੰਮ-ਇਹ ਸਫਲਤਾ, ਤੇਰੀ ਮਦਦ ਤੋਂ ਬਗੈਰ ਕਿਸੇ ਨੂੰ ਵੀ ਨਹੀਂ ਮਿਲੀ। ਜਿਸ ਕਿਸੇ ਨੂੰ ਵੀ ਸਿੱਧੀ ਪਰਾਪਤ ਹੋਈ ਹੈ, ਤੇਰੀ ਮਿਹਰ ਨਾਲ ਪਰਾਪਤ ਹੋਈ ਹੈ। ਤੇ ਉਸ ਪਰਾਪਤੀ ਦੇ ਰਾਹ ਵਿਚ ਕੋਈ ਰੋਕ ਨਹੀਂ ਪਾ ਸਕਿਆ।3।
ਆਖਣ ਵਾਲਾ ਕਿਆ ਵੇਚਾਰਾ ॥ ਸਿਫਤੀ ਭਰੇ ਤੇਰੇ ਭੰਡਾਰਾ ॥
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥ ਨਾਨਕ ਸਚੁ ਸਵਾਰਣਹਾਰਾ ॥4॥2॥
ਹੇ ਪ੍ਰਭੂ, ਤੇਰੇ ਗੁਣਾਂ ਦੇ, ਮਾਨੋ ਖਜ਼ਾਨੇ ਭਰੇ ਪਏ ਹਨ । ਜੀਵ ਦੀ ਕੀ ਪਾਇਆਂ ਹੈ ਕਿ ਇਨ੍ਹਾਂ ਗੁਣਾਂ ਨੂੰ ਬਿਆਨ ਕਰ ਸਕੇ ? ਜਿਸ ਨੂੰ ਤੂੰ ਸਿਫਤ-ਸਾਲਾਹ ਕਰਨ ਦੀ ਦਾਤ ਬਖਸ਼ਦਾ ਹੈਂ, ਉਸ ਦੇ ਰਾਹ ਵਿਚ ਰੁਕਾਵਟ ਪਾਉਣ ਲਈ ਕਿਸੇ ਦਾ ਜੋਰ ਨਹੀਂ ਚਲਦਾ, ਕਿਉਂਕਿ, ਹੇ ਨਾਨਕ, ਆਖ, ਹੇ ਪ੍ਰਭੂ, ਤੂੰ ਸਦਾ ਕਾਇਮ ਰਹਣ ਵਾਲਾ, ਉਸ ਭਾਗਾਂ ਵਾਲੇ ਨੂੰ ਸਵਾਰਨ ਵਾਲਾ ਆਪ ਹੈਂ।4।2।
ਅਮਰ ਜੀਤ ਸਿੰਘ ਚੰਦੀ (ਚਲਦਾ)