ਗੁਰਬਾਣੀ ਦੀ ਸਰਲ ਵਿਆਖਿਆ ਭਾਗ(44)
ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ ਸੁ ਏਕਾ ਵਾਰ ॥
ਕਰਿ ਕਰਿ ਵੇਖੈ ਸਿਰਜਣਹਾਰੁ ॥ ਨਾਨਕ ਸਚੇ ਕੀ ਸਾਚੀ ਕਾਰ ॥
ਅਕਾਲ-ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿਚ ਹੈ, ਹਰੇਕ ਭਵਨ ਵਿਚ ਅਕਾਲ-ਪੁਰਖ ਦੇ ਭੰਡਾਰੇ ਚੱਲ ਰਹੇ ਹਨ। ਜੋ ਕੁਝ, ਅਕਾਲ-ਪੁਰਖ ਨੇ ਉਨ੍ਹਾਂ ਭੰਡਾਰਿਆਂ ਵਿਚ ਪਾਇਆ ਹੈ, ਇਕੋ ਵਾਰੀ ਪਾ ਦਿੱਤਾ ਹੈ, ਅਰਥ ਉਸ ਦੇ ਭੰਡਾਰੇ ਏਨੇ ਵੱਡੇ ਹਨ ਕਿ ਕਦੋਂ ਦੇ ਚੱਲ ਰਹੇ ਹਨ ? ਕੋਈ ਨਹੀਂ ਜਾਣਦਾ, ਅਤੇ ਕਦੋਂ ਤੱਕ ਚੱਲਣਗੇ ? ਇਹ ਵੀ ਕੋਈ ਨਹੀਂ ਜਾਣਦਾ। ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਪ੍ਰਭੂ, ਜੀਵਾਂ ਨੂੰ ਪੈਦਾ ਕਰ ਕੇ, ਆਪ ਹੀ ਉਨ੍ਹਾਂ ਦੀ ਸੰਭਾਲ ਕਰ ਰਿਹਾ ਹੈ। ਹੇ ਨਾਨਕ, ਸਦਾ-ਥਿਰ ਰਹਣ ਵਾਲੇ ਪ੍ਰਭੂ ਦੀ, ਸ੍ਰਿਸ਼ਟੀ ਦੀ ਸੰਭਾਲ ਵਾਲੀ ਇਹ ਕਾਰ ਸਦਾ ਅਟੱਲ ਹੈ, ਉਕਾਈ ਤੋਂ ਖਾਲੀ ਹੈ।31।
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥31॥
ਕੇਵਲ ਉਸ ਅਕਾਲ-ਪੁਰਖ ਨੂੰ ਪ੍ਰਣਾਮ ਕਰੋ, ਜੋ ਸਭ ਦਾ ਮੁੱਢ ਹੈ, ਜੋ ਸ਼ੁੱਧ-ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ, ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। ਇਹੀ ਹੈ, ਉਹ ਤਰੀਕਾ ਜਿਸ ਦੇ ਕੀਤਿਆਂ, ਉਸ ਪ੍ਰਭੂ ਨਾਲੋਂ ਵਿਥ ਮਿਟ ਸਕਦੀ ਹੈ।31।
ਅਮਰ ਜੀਤ ਸਿੰਘ ਚੰਦੀ (ਚਲਦਾ)