ਗੁਰਬਾਣੀ ਦੀ ਸਰਲ ਵਿਆਖਿਆ ਭਾਗ(61)
ਆਸਾ ਮਹਲਾ 4 ॥
ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥
ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥1॥ ਰਹਾਉ ॥
ਹੇ ਪ੍ਰਭੂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਸਦਾ ਕਾਇਮ ਰਹਣ ਵਾਲਾ ਹੈਂ, ਤੂੰ ਹੀ ਮੇਰਾ ਖਸਮ ਹੈਂ,ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਤੈਨੂੰ ਪਸੰਦ ਆਉਂਦਾ ਹੈ। ਜੋ ਕੁਝ ਵੀ ਤੂੰ ਦੇਵੇਂ, ਮੈਨੂ ਉਹੀ ਕੁਝ ਪ੍ਰਾਪਤ ਹੋ ਸਕਦਾ ਹੈ।1।ਰਹਾਉ।
ਸਭ ਤੇਰੀ ਤੂੰ ਸਭਨੀ ਧਿਆਇਆ ॥
ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥
ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥
ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥1॥
ਹੇ ਪ੍ਰਭੂ ਸਾਰੀ ਸ੍ਰਿਸ਼ਟੀ ਤੇਰੀ ਬਣਾਈ ਹੋਈ ਹੈ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ। ਜਿਸ ਉੱਤੇ ਤੂੰ ਦਯਾ ਕਰਦਾ ਹੇਂ, ਉਸੇ ਨੂੰ ਤੇਰਾ ਰਤਨ ਵਰਗਾ ਕੀਮਤੀ ਨਾਮ ਲੱਭਾ ਹੈ। ਜੋ ਮਨੁੱਖ ਗੁਰੂ ਦੇ ਸਨਮੁੱਖ ਹੋਇਆ, ਉਸ ਨੇ ਇਹ ਰਤਨ ਲਭ ਲਿਆ। ਜੋ ਆਪਣੇ ਮਨ ਦੇ ਪਿੱਛੇ ਤੁਰਿਆ, ਉਸ ਨੇ ਗਵਾ ਲਿਆ। ਪਰ ਕਿਸੇ ਜੀਵ ਦੇ ਕੀ ਵੱਸ ? ਹੇ ਪ੍ਰਭੂ, ਜੀਵ ਨੂੰ ਤੂੰ ਆਪ ਹੀ, ਆਪਣੇ ਨਾਲੋਂ ਵਿਛੋੜਦਾ ਹੈਂ, ਆਪ ਹੀ ਆਪਣੇ ਨਾਲ ਮਿਲਾਂਦਾ ਹੈਂ।1।
ਤੂੰ ਦਰੀਆਉ ਸਭ ਤੁਝ ਹੀ ਮਾਹਿ ॥
ਤੁਝ ਬਿਨੁ ਦੂਜਾ ਕੋਈ ਨਾਹਿ ॥
ਹੇ ਪ੍ਰਭੂ ਤੂੰ, ਜ਼ਿੰਦਗੀ ਦਾ ਮਾਨੋ ਇਕ ਦਰਿਆ ਹੈਂ, ਸਾਰੇ ਜੀਵ, ਮਾਨੋ ਤੇਰੇ ਵਿਚਲੀਆਂ ਲਹਿਰਾਂ ਹਨ। ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ।
ਜੀਅ ਜੰਤ ਸਭਿ ਤੇਰਾ ਖੇਲੁ ॥
ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥2॥
ਇਹ ਸਾਰੇ ਜੀਵ-ਜੰਤੂ ਤੇਰੀ ਰਚੀ ਹੋਈ ਖੇਡ ਹੈ। ਜਿਨ੍ਹਾਂ ਦੇ ਮੱਥੇ ਤੇ ਵਿਛੋੜੇ ਦਾ ਲੇਖ ਹੈ, ਉਹ ਮਨੁੱਖਾ ਜਨਮ ਪ੍ਰਾਪਤ ਕਰ ਕੇ ਵੀ ਤੈਥੋਂ ਵਿਛੁੜੇ ਹੋਏ ਹਨ। ਪਰ ਤੇਰੀ ਰਜ਼ਾ ਅਨੁਸਾਰ, ਸੰਜੋਗਾਂ ਦੇ ਲੇਖ ਨਾਲ, ਫਿਰ ਤੇਰੇ ਨਾਲ ਮਿਲਾਪ ਹੋ ਜਾਂਦਾ ਹੈ।2।
ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥
ਹਰਿ ਗੁਣ ਸਦ ਹੀ ਆਖਿ ਵਖਾਣੈ ॥
ਹੇ ਪ੍ਰਭੂ, ਜਿਸ ਮਨੁੱਖ ਨੂੰ ਤੂੰ ਆਪ ਸੂਝ ਬਖਸ਼ਦਾ ਹੈਂ, ਉਹ ਮਨੁੱਖ ਜੀਵਨ ਦਾ ਸਹੀ ਰਸਤਾ ਦਮਝਦਾ ਹੈ। ਹੇ ਹਰੀ, ਉਹ ਮਨੁੱਖ ਸਦਾ ਤੇਰੇ ਗੁਣ ਗਾਉਂਦਾ ਹੈ ਅਤੇ ਹੋਰਨਾ ਨੂੰ ਉਚਾਰ ਉਚਾਰ ਕੇ ਸੁਣਾਂਦਾ ਹੈ।
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥
ਸਹਜੇ ਹੀ ਹਰਿ ਨਾਮਿ ਸਮਾਇਆ ॥3॥
ਹੇ ਭਾਈ, ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੇ ਸੁਖ ਹਾਸਲ ਕੀਤਾ ਹੈ। ਉਹ ਮਨੁੱਖ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹ ਕੇ, ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ।3।
ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥
ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥
ਹੇ ਪ੍ਰਭੂ ਤੂੰ ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈਂ, ਸਭ ਕੁਝ ਤੇਰਾ ਕੀਤਾ ਹੀ ਹੁੰਦਾ ਹੈ। ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਜੀਵ ਪੈਦਾ ਕਰ ਕੇ, ਉਨ੍ਹਾਂ ਦੀ ਸੰਭਾਲ ਵੀ ਤੂੰ ਆਪ ਹੀ ਕਰਦਾ ਹੈਂ, ਤੇ ਹਰੇਕ ਦੇ ਦਿਲ ਦੀ ਸਾਰ ਜਾਣਦਾ ਹੈਂ।
ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥
ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥4॥2॥
ਹੇ ਦਾਸ ਨਾਨਕ, ਜੋ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ।4।2।
ਅਮਰ ਜੀਤ ਸਿੰਘ ਚੰਦੀ (ਚਲਦਾ)