ਗੁਰਬਾਣੀ ਦੀ ਸਰਲ ਵਿਆਖਿਆ ਭਾਗ(62)
ਆਸਾ ਮਹਲਾ 1 ॥
ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥
ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥1॥
ਹੇ ਭਾਈ ਸਾਡੀ ਜੀਵਾਂ ਦੀ, ਉਸ ਭਿਆਨਕ ਸੰਸਾਰ ਸਮੁੰਦਰ ਵਿਚ ਵਸੋਂ ਹੈ, ਜਿਸ ਵਿਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੀ ਥਾਂ, ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ ਹੋਈ ਹੈ, ਅਤੇ ਉਸ ਭਿਆਨਕ ਸਰੀਰ ਵਿਚ, ਜੋ ਮੋਹ ਦਾ ਚਿੱਕੜ ਹੈ, ਉਸ ਵਿਚ ਜੀਵਾਂ ਦਾ ਪੈਰ ਚੱਲ ਨਹੀਂ ਸਕਦਾ, ਜੀਵ ਮੋਹ ਦੇ ਚਿੱਕੜ ਵਿਚ ਫਸੇ ਹੋਏ ਹਨ। ਸਾਡੇ ਸਾਮ੍ਹਣੇ ਹੀ, ਅਨੇਕਾਂ ਜੀਵ, ਮੋਹ ਦੇ ਚਿੱਕੜ ਵਿਚ ਫਸ ਕੇ, ਉਸ ਤ੍ਰਿਸ਼ਨਾ ਦੀ ਅੱਗ ਦੇ ਅਸਗਾਹ (ਪਾਰ ਨਾ ਹੋਣ ਵਾਲਾ) ਸਮੁੰਦਰ ਵਿਚ ਡੁੱਬਦੇ ਜਾ ਰਹੇ ਹਨ।1।
ਮਨ ਏਕੁ ਨ ਚੇਤਸਿ ਮੂੜ ਮਨਾ ॥
ਹਰਿ ਬਿਸਰਤ ਤੇਰੇ ਗੁਣ ਗਲਿਆ ॥1॥ ਰਹਾਉ ॥
ਹੇ ਮਨ, ਹੇ ਮੂਰਖ ਮਨ, ਤੂੰ ਇਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਤੂੰ ਜਿਉਂ ਜਿਉਂ ਪ੍ਰਭੂ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ ਅੰਦਰੋਂ, ਗੁਣ ਘਟਦੇ ਜਾ ਰਹੇ ਹਨ।1।ਰਹਾਉ।
ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥
ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ ॥2॥3॥
ਹੇ ਪ੍ਰਭੂ, ਨਾ ਮੈਂ ਜਤੀ (ਜਤ ਵਾਲਾ) ਹਾਂ, ਨਾ ਮੈਂ ਸਤੀ (ਸਤ ਵਾਲਾ) ਹਾਂ, ਨਾ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ, ਮੂਰਖਾਂ-ਬੇਸਮਝਾਂ ਵਾਲਾ ਬਣਿਆ ਹੋਇਆ ਹੈ, ਸੋ ਨਾਨਕ ਬੇਨਤੀ ਕਰਦਾ ਹੈ, ਹੇ ਪ੍ਰਭੂ ਮੈਨੂੰ ਉਨ੍ਹਾਂ ਗੁਰਮੁਖਾਂ ਦੀ ਸਰਨ ਵਿਚ ਰੱਖ, ਜਿਨ੍ਹਾਂ ਨੂੰ ਤੂੰ ਨਹੀਂ ਭੁਲਿਆ, ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ।2।3।
ਅਮਰ ਜੀਤ ਸਿੰਘ ਚੰਦੀ (ਚਲਦਾ)