ਗੁਰਬਾਣੀ ਦੀ ਸਰਲ ਵਿਆਖਿਆ ਭਾਗ(63)
ਆਸਾ ਮਹਲਾ 5 ॥
ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥1॥
ਹੇ ਭਾਈ, ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ, ਜੇ ਤੂੰ ਪ੍ਰਭੂ ਨੂੰ ਮਿਲਣ ਲਈ ਕੋਈ ਉੱਦਮ ਨਾ ਕੀਤਾ ਤਾਂ ਤੇਰੇ ਕੀਤੇ ਹੋਰ ਸਾਰੇ ਕੰਮ ਬੇਕਾਰ ਹਨ, ਉਨ੍ਹਾਂ ਦਾ ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਹੋਵੇਗਾ। ਤੂੰ ਸੰਤ-ਜਨਾਂ ਦੀ ਸੰਗਤ ਵਿਚ ਜੁੜ ਕੇ ਪ੍ਰਭੂ ਦਾ ਨਾਮ ਵੀ ਜਪਿਆ ਕਰ। ਸਾਧ-ਸੰਗਤ ਵਿਚ ਜੁੜਨ ਦਾ ਤਦ ਹੀ ਲਾਭ ਹੈ, ਜੇ ਉੱਥੇ ਪਰਮਾਤਮਾ ਦੀ ਸਿਫਤ ਸਾਲਾਹ ਹੋਵੇ।1
ਸਰੰਜਾਮਿ ਲਾਗੁ ਭਵਜਲ ਤਰਨ ਕੈ ॥
ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥1॥ ਰਹਾਉ ॥
ਹੇ ਭਾਈ, ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਆਹਰ ਵਿਚ ਲੱਗ। ਨਹੀਂ ਤਾਂ ਤੇਰਾ ਮਨੁੱਖਾ ਜਨਮ, ਮਾਇਆ ਦੇ ਰੰਗ-ਤਮਾਸ਼ਿਆਂ ਵਿਚ ਵਿਅਰਥ ਜਾ ਰਿਹਾ ਹੈ।
ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
ਕਹੁ ਨਾਨਕ ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥2॥4॥
ਹੇ ਭਾਈ, ਤੂੰ ਪ੍ਰਭੂ ਨੂੰ ਮਿਲਣ ਦਾ ਕੋਈ ਹੀਲਾ ਨਹੀਂ ਕਰਦਾ, ਪਰਮਾਤਮਾ ਦਾ ਸੇਵਾ-ਸਿਮਰਨ ਨਹੀਂ ਕਰਦਾ, ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਕੋਈ ਜਤਨ ਨਹੀਂ ਕਰਦਾ, ਨਾ ਤੂੰ ਗੁਰੂ ਦੀ ਸੇਵਾ ਕੀਤੀ,
(ਗੁਰੂ ਦੀ ਸੇਵਾ ਕੀ ਹੈ ? ਗੁਰਬਾਣੀ ਅਨੁਸਾਰ"-
ਗੁਰ ਕੀ ਸੇਵਾ ਸਬਦੁ ਬੀਚਾਰੁ ॥
ਹਉਮੈ ਮਾਰੇ ਕਰਣੀ ਸਾਰੁ॥7॥ (223)
ਗੁਰੂ ਨਾਲ ਜੋਗ ਕਰਨ ਦਾ ਚਾਹਵਾਨ, ਗੁਰੂ ਨਾਲ ਮਿਲਾਪ ਕਰਨ ਦਾ ਚਾਹਵਾਨ, ਗੁਰੂ ਵਲੋਂ ਦੱਸੀ ਸੇਵਾ ਕਰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਬਣਾਂਦਾ ਹੈ, ਹਉਮੈ ਨੂੰ ਆਪਣੇ ਅੰਦਰੋਂ ਮਾਰਦਾ ਹੈ, ਇਹ ਹੈ ਪ੍ਰਭੂ ਨੂੰ ਮਿਲਣ ਵਾਲੇ ਦੀ ਸ੍ਰੇਸ਼ਟ ਕਰਣੀ ।) ਨਾ ਤੂੰ ਮਾਲਕ-ਪ੍ਰਭੂ ਦਾ ਨਾਮ-ਸਿਮਰਨ ਕਤਿਾ ।
(ਸਿਮਰਨ ਬਾਰੇ ਵੀ ਆਪਾਂ ਪਹਿਲਾਂ ਵਿਚਾਰ ਚੁੱਕੇ ਹਾਂ ਕਿ, ਪ੍ਰਭੂ ਦੀ ਰਜ਼ਾ ਵਿਚ, ਉਸ ਦੇ ਹੁਕਮ ਵਿਚ ਚੱਲਣਾ ਹੀ ਉਸ ਦਾ ਸਿਮਰਨ ਹੈ।)
ਹੇ ਨਾਨਕ ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ, ਹੇ ਪ੍ਰਭੂ, ਅਸੀਂ ਜੀਵ ਮੰਦ-ਕਰਮੀ ਹਾਂ, ਤੇਰੀ ਸਰਨ ਪਏ ਹਾਂ, ਸਰਨ ਪਿਆਂ ਦੀ ਲਾਜ ਰੱਖ ਲਾ।2।4।
ਅਮਰ ਜੀਤ ਸਿੰਘ ਚੰਦੀ (ਚਲਦਾ)