ਗੁਰਬਾਣੀ ਦੀ ਸਰਲ ਵਿਆਖਿਆ ਭਾਗ(64)
ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ 1
ੴਸਤਿ ਗੁਰ ਪ੍ਰਸਾਦਿ ॥
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥
ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥1॥
ਜਿਸ ਸਤ-ਸੰਗ ਘਰ ਵਿਚ ਪਰਮਾਤਮਾ ਦੀ ਸਿਫਤ-ਸਾਲਾਹ ਕੀਤੀ ਜਾਂਦੀ ਹੈ ਅਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਕੀਤੀ ਜਾਂਦੀ ਹੈ, ਹੇ ਜਿੰਦ ਕੁੜੀਏ, ਉਸ ਸਤ-ਸੰਗ ਘਰ ਵਿਚ ਜਾ ਕੇ ਤੂੰ ਵੀ ਪ੍ਰਭੂ ਦੀ ਸਿਫਤ-ਸਾਲਾਹ ਦੇ ਗੀਤ, ਸੁਹਾਗ ਮਿਲਾਪ ਦੀ ਤਾਂਘ ਦੇ ਸ਼ਬਦ ਗਾਇਆ ਕਰ, ਅਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰਿਆ ਕਰ।1।
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥
ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥1॥ ਰਹਾਉ ॥
ਹੇ ਜਿੰਦੇ ਤੂੰ ਸਤ-ਸੰਗੀਆਂ ਨਾਲ ਮਿਲ ਕੇ ਪਿਆਰੇ ਨਿਰਭਉ ਖਸਮ ਦੀ ਸਿਫਤ ਦੇ ਗੀਤ ਗਾ ਅਤੇ ਆਖ, ਮੈਂ ਸਦਕੇ ਹਾਂ, ਸਿਫਤ ਦੇ ਉਸ ਗੀਤ ਤੋਂ ਜਿਸ ਦੀ ਬਰਕਤ ਨਾਲ ਸਦਾ ਦਾ ਸੁਖ ਮਿਲਦਾ ਹੇ।1।ਰਹਾਉ।
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥
ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥2॥
ਹੇ ਜਿੰਦੇ, ਜਿਸ ਖਸਮ ਦੀ ਹਜ਼ੂਰੀ ਵਿਚ ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾਂ ਦੇਣ ਵਾਲਾ ਮਾਲਕ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਹੇ ਜਿੰਦੇ, ਜਿਸ ਦਾਤਾਰ ਦੀਆਂ ਦਾਤਾਂ ਦਾ ਮੁੱਲ ਤੇਰੇ ਕੋਲੋਂ ਨਹੀਂ ਪੈ ਸਕਦਾ, ਤੂੰ ਉਸ ਦਾਤਾਰ ਦਾ ਅੰਦਾਜ਼ਾ ਕੀ ਲਾ ਸਕਦੀ ਹੈਂ ? ਉਹ ਦਾਤਾਰ-ਪ੍ਰਭੂ ਬਹੁਤ ਬੇਅੰਤ ਹੈ।2।
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥
ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥3॥
ਹੇ ਜਿੰਦੇ, ਸਤ-ਸੰਗ ਵਿਚ ਜਾ ਕੇ ਅਰਜ਼ੋਈਆਂ ਕਰਿਆ ਕਰ, ਉਹ ਸੰਮਤ, ਉਹ ਦਿਹਾੜਾ, ਪਹਿਲਾਂ ਹੀ ਮਿਥਿਆ ਹੋਇਆ ਹੈ, ਜਦੋਂ ਪਤੀ ਦੇ ਦੇਸ ਜਾਣ ਲਈ ਮੇਰੇ ਵਾਸਤੇ ਸਾਹੇ ਚਿੱਠੀ ਆਉਣੀ ਹੈ। ਹੇ ਸਤ-ਸੰਗੀ ਸਹੇਲੀਓ, ਰਲ ਕੇ ਮੈਨੂੰ ਮਾਂਈਏ ਪਾਓ, ਤੇ ਹੇ ਸੱਜਣ ਸਹੇਲੀਓ, ਮੈਨੂੰ ਸੋਹਣੀਆਂ ਅਸੀਸਾਂ ਵੀ ਦਿਓ, ਮੇਰੇ ਲਈ ਅਰਦਾਸ ਵੀ ਕਰੋ ਕਿ, ਪ੍ਰਭੂ ਪਤੀ ਨਾਲ ਮੇਰਾ ਮਿਲਾਪ ਹੋ ਜਾਏ।3।
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥4॥1॥
ਪਰਲੋਕ ਵਿਚ ਜਾਣ ਲਈ ਮੌਤ ਦੀ ਇਹ ਸਾਹੇ-ਚਿੱਠੀ ਹਰੇਕ ਘਰ ਵਿਚ ਆ ਰਹੀ ਹੈ, ਇਹ ਸੱਦੇ ਨਿੱਤ ਪੈ ਰਹੇ ਹਨ। ਹੇ ਸਤ-ਸੰਗੀਓ, ਉਸ ਸੱਦਾ ਭੇਜਣ ਵਾਲੇ ਪ੍ਰਭੂ-ਪਤੀ ਨੂੰ ਯਾਦ ਰੱਖਣਾ ਚਾਹੀਦਾ ਹੈ, ਕਿਉਂਕਿ, ਹੇ ਨਾਨਕ, ਸਾਡੇ ਵੀ ਉਹ ਦਿਨ ਨੇੜੇ ਆ ਰਹੇ ਹਨ।4।1।
ਜੋ ਬੰਦਾ ਆਪਣੇ ਸੱਦੇ ਨੂੰ ਇਵੇਂ ਯਾਦ ਕਰ ਰਿਹਾ ਹੋਵੇ, ਭਲਾ ਉਹ ਮੌਤ ਤੋਂ ਡਰੇਗਾ ? ਜਦੋਂ ਸਿੱਖ ਗੁਰਬਾਣੀ ਨੂੰ ਸਮਝਦੇ ਸਨ ਅਤੇ ਉਸ ਨੂੰ ਆਪਣੀ ਜ਼ਿੰਦਗੀ ਨਾਲ ਇਕ-ਮਿਕ ਕਰਦੇ ਸਨ, ਉਨ੍ਹਾਂ ਦੇ ਡਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਅੱਜ ਦੇ ਸਿੱਖ ਰੱਟਾ ਹੀ ਲਾਉਂਦੇ ਹਨ, ਬਹੁਤੇ ਤਾਂ ਪੈਸੇ ਦੇ ਕੇ, ਦੂਸਰਿਆਂ ਤੋਂ ਪਾਠ ਕਰਵਾਉਂਦੇ ਹਨ, ਉਨ੍ਹਾਂ ਵਿਚਾਰਿਆਂ ਨੂੰ ਕੀ ਪਤਾ ਕਿ ਗੁਰਬਾਣੀ ਕੀ ਕਹਿ ਰਹੀ ਹੈ ? ਇਹੀ ਕਾਰਨ ਹੈ ਕੱਚੇ-ਪਿਲੇ ਸਿੱਖਾਂ ਦੀ ਭਰਮਾਰ ਹੋਣ ਦਾ। ਜੋ ਸਿੱਖ, ਘਰ ਕੁੜੀ ਜੰਮਣ ਤੇ ਹੀ ਅਧ-ਮਰੇ ਹੋ ਜਾਂਦੇ ਹਨ, ਉਨ੍ਹਾਂ ਨੂੰ ਆਪਣੀ ਸਾਹੇ ਚਿੱਠੀ ਆਉਣ ਦਾ ਪਤਾ ਲੱਗਣ ਤੇ ਕੀ ਹਾਲ ਹੋਵੇਗਾ ? ਇਹ ਗੱਲਾਂ ਸੋਚਣ ਦੀਆਂ ਹਨ। ਇਹ ਨਾਨਕ ਹੀ ਹੈ, ਜੋ ਸਿੱਖਾਂ ਨੂੰ, ਜਨਮ ਤੇ, ਆਨੰਦ-ਕਾਰਜ ਤੇ ਅਤੇ ਮਰਗ ਤੇ, ਸਭ ਵੇਲਿਆਂ ਤੇ "ਅਨੰਦ" ਪੜ੍ਹਨ ਅਤੇ "ਪਰਸ਼ਾਦ" ਸ਼ਕਣ ਦੀ ਗੱਲ ਕਹਿ ਗਿਆ ਹੈ। ਸਿੱਖੋ ਆਪਣਾ ਮੂਲ ਪਛਾਣੋ। ਨਾ ਕਿਸੇ ਤੋਂ ਡਰੋ, ਨਾ ਕਿਸੇ ਨੂੰ ਡਰਾਉ। ਤੁਸੀਂ ਉਨ੍ਹਾਂ ਦੇ ਵੰਸ਼ਜ ਹੋ ਜੋ ਆਖ ਗਏ ਹਨ, ਇੰਸਾਨੀਅਤ ਤੇ ਚਲਦਿਆਂ,
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥16॥
ਹੇ ਨਾਨਕ, ਉਸ ਬੰਦੇ ਨੂੰ ਹੀ ਗੁਰਮਤਿ ਦਾ ਗਿਆਤਾ ਸਮਝਿਆ ਜਾ ਸਕਦਾ ਹੈ, ਜੋ ਨਾ ਕਿਸੇ ਨੂੰ ਡਰਾਉਂਦਾ ਹੈ ਅਤੇ ਨਾ ਹੀ ਕਿਸੇ ਤੋਂ ਡਰਦਾ ਹੈ। ਜੇ ਸਿੱਖਾਂ ਦਾ ਟੀਚਾ ਸੰਸਾਰ ਨੂੰ ਬੇਗਮ-ਪੁਰਾ ਬਨਾਉਣ ਦਾ ਹੈ, ਤਾਂ ਉਨ੍ਹਾਂ ਨੂੰ ਮੌਤ ਨੂੰ ਭੁਲਾ ਕੇ ਪਰਮਾਤਮਾ ਦੇ ਧਰਮ ਤੇ ਚਲਦਿਆਂ, ਆਪਣੇ ਟੀਚੇ ਵੱਲ ਵਧਣਾ ਚਾਹੀਦਾ ਹੈ।
ਅਮਰ ਜੀਤ ਸਿੰਘ ਚੰਦੀ (ਚਲਦਾ)